ਨਾਭਾ- ਅੱਜ ਬਸੰਤ ਪੰਚਮੀ ਵਾਲੇ ਦਿਨ ਸਥਾਨਕ ਕਰਤਾਰਪੁਰਾ ਮੁਹੱਲਾ ਦੇ ਇੱਕ 18 ਸਾਲਾ ਨੌਜਵਾਨ ਦੀ ਕਥਿਤ ਖੰਬੇ ਤੋਂ ਕਰੰਟ ਲੱਗਣ ਨਾਲ ਮੌਤ ਹੋ ਗਈ। ਗਲੀ ਵਿੱਚ ਬਰਸਾਤ ਕਾਰਨ ਪਾਣੀ ਖੜਾ ਸੀ ਤੇ ਲੋਕਾਂ ਮੁਤਾਬਕ ਉਸਦਾ ਹੱਥ ਇੱਕ ਟੈਲੀਫੋਨ ਦੇ ਖੰਬੇ ਨਾਲ ਗਿਆ ਜਿਸਤੋਂ ਉਸਨੂੰ ਵੱਡਾ ਝਟਕਾ ਲੱਗਿਆ। ਨਾਭਾ ਸਿਵਲ ਹਸਪਤਾਲ ਵਿਖੇ ਉਸਦੀ ਇਲਾਜ ਦੌਰਾਨ ਕੁਝ ਹੀ ਮਿੰਟਾਂ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਭਵਿਸ਼ ਕੁਮਾਰ ਪੁੱਤਰ ਪ੍ਰਵੀਨ ਕੁਮਾਰ ਵੱਜੋਂ ਹੋਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਥੋੜਾ ਮੀਂਹ ਰੁਕਣ ’ਤੇ ਉਹ ਪਤੰਗ ਉਡਾਉਣ ਲਈ ਬਾਹਰ ਨਿਕਲਿਆ ਸੀ ਤੇ ਉਸ ਨਾਲ ਇਹ ਹਾਦਸਾ ਵਾਪਰ ਗਿਆ।
ਨਾਭਾ ਐਕਸੀਅਨ ਪ੍ਰੀਕਸ਼ਤ ਭਨੋਟ ਨੇ ਦੱਸਿਆ ਕਿ ਟੈਲੀਫੋਨ ਦੇ ਖੰਬੇ ਨੂੰ ਬਿਜਲੀ ਮਹਿਕਮੇ ਦੀ ਕੋਈ ਨੰਗੀ ਤਾਰ ਨਹੀਂ ਛੋਹ ਰਹੀ ਸੀ। ਇਲਾਕੇ ਦੀ ਬਿਜਲੀ ਬੰਦ ਕਰਕੇ ਮੁੱਖ ਬਿਜਲੀ ਇੰਸਪੈਕਟਰ ਮੌਕੇ ’ਤੇ ਪੜਤਾਲ ਕਰ ਰਹੇ ਹਨ ਤੇ ਉਨ੍ਹਾਂ ਦੀ ਰਿਪੋਰਟ ਆਉਣ ਤੋਂ ਹੀ ਕਰੰਟ ਦੇ ਸਰੋਤ ਦਾ ਪਤਾ ਲੱਗ ਸਕਦਾ ਹੈ। ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪਾਣੀ ਖੜਾ ਹੋਣ ਕਰਕੇ ਕਈ ਵਾਰੀ ਅਰਥ ਹੋਣ ਦਾ ਖਤਰਾ ਰਹਿੰਦਾ ਹੈ। ਨਾਭਾ ਐਸਐਚਓ ਸੌਰਭ ਸੱਭਰਵਾਲ ਨੇ ਦੱਸਿਆ ਕਿ ਪੁਲੀਸ ਮੁਲਾਜ਼ਮ ਮੌਕੇ ’ਤੇ ਤਫਤੀਸ਼ ਕਰ ਰਹੇ ਹਨ। ਹਾਲਾਂਕਿ ਪਰਿਵਾਰ ਵੱਲੋਂ ਕਿਸੇ ਖਿਲਾਫ਼ ਸ਼ਿਕਾਇਤ ਨਹੀਂ ਦਿੱਤੀ ਗਈ।

