57.99 F
New York, US
September 27, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਮਦੋਟ ਨਗਰ ਪੰਚਾਇਤ ਚੋਣਾਂ ਦੌਰਾਨ ਖ਼ੂਨੀ ਝੜਪ; ਅੰਨ੍ਹੇਵਾਹ ਗੋਲੀਬਾਰੀ ਵਿੱਚ 4 ਨੌਜਵਾਨ ਜ਼ਖ਼ਮੀ

ਫਿਰੋਜ਼ਪੁਰ-  ਨਗਰ ਪੰਚਾਇਤ ਮਮਦੋਟ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਮਰਥਕਾਂ ਵਿਚਾਲੇ ਹੋਈ ਤਕਰਾਰ ਖ਼ੂਨੀ ਹਿੰਸਾ ਵਿੱਚ ਬਦਲ ਗਈ। ਇਸ ਦੌਰਾਨ ਹੋਈ ਅੰਨ੍ਹੇਵਾਹ ਗੋਲੀਬਾਰੀ ਵਿੱਚ ਚਾਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਦਰਅਸਲ ਨਗਰ ਪੰਚਾਇਤ ਚੋਣਾਂ ਦੇ ਆਖ਼ਰੀ ਦਿਨ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰ ਆਪਣੇ ਕਾਗਜ਼ ਦਾਖ਼ਲ ਕਰਨ ਪਹੁੰਚੇ ਹੋਏ ਸਨ। ਇਸੇ ਦੌਰਾਨ ਮਾਮੂਲੀ ਬਹਿਸਬਾਜ਼ੀ ਤੋਂ ਬਾਅਦ ਹਿੰਸਕ ਝੜਪ ਸ਼ੁਰੂ ਹੋ ਗਈ। ਪੀੜਤ ਧਿਰ ਦੇ ਆਗੂ ਗੁਰਪ੍ਰੀਤ ਸਿੰਘ ਸੇਖੋਂ ਨੇ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਇਆ ਕਿ ਕਾਂਗਰਸੀ ਆਗੂ ਆਸ਼ੂ ਬਾਂਗੜ, ਦਲਜੀਤ ਬਾਬਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਉੱਥੇ ਆ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਆਪਣੀ ਸਿਆਸੀ ਧੌਂਸ ਜਮਾਉਣ ਅਤੇ ਗੁੰਡਾਗਰਦੀ ਕਰਨ ਲਈ ਇਸ ਹੱਦ ਤੱਕ ਗਿਰ ਗਈ ਕਿ ਉਨ੍ਹਾਂ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਬਾਰੀ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਚਾਰ ਵਿਅਕਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਕੋਲ ਘਟਨਾ ਦੀਆਂ ਵੀਡੀਓਜ਼ ਵੀ ਮੌਜੂਦ ਹਨ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਪ੍ਰਸ਼ਾਸਨ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕੰਟਰੋਲ ਵਿੱਚ ਲਿਆ। ਪੁਲੀਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੋਂ ਦੋ-ਤਿੰਨ ਪਿਸਤੌਲ ਅਤੇ ਹੋਰ ਨਾਜਾਇਜ਼ ਹਥਿਆਰਾਂ ਸਮੇਤ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਪੀੜਤ ਧਿਰ ਨੇ ਇਸ ਮਾਮਲੇ ਸਬੰਧੀ ਪੁਲੀਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।

ਇਸ ਦੌਰਾਨ ਜਦੋਂ ਹਸਪਤਾਲ ਦੇ ਡਾਕਟਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਅਤੇ ਜਤਿੰਦਰ ਸਿੰਘ ਨਾਮ ਦੇ ਦੋ ਮਰੀਜ਼ਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ। ਦੋਵਾਂ ਨੂੰ ਗੋਲੀਆਂ ਲੱਗੀਆਂ ਹੋਈਆਂ ਸਨ। ਡਾਕਟਰਾਂ ਮੁਤਾਬਕ ਮਨਪ੍ਰੀਤ ਸਿੰਘ ਦੀ ਹਾਲਤ ਬੇਹੱਦ ਨਾਜ਼ੁਕ ਹੋਣ ਕਾਰਨ, ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਬਿਹਤਰ ਇਲਾਜ ਲਈ ਫ਼ਰੀਦਕੋਟ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ ਹੈ। ਪੁਲੀਸ ਹੁਣ ਜ਼ਖ਼ਮੀਆਂ ਦੇ ਬਿਆਨਾਂ ਅਤੇ ਵੀਡੀਓ ਫੁਟੇਜ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕਰ ਰਹੀ ਹੈ।

ਕਾਂਗਰਸੀ ਆਗੂ ਆਸ਼ੂ ਬਾਂਗੜ ਦਾ ਪੱਖ- ਦੂਜੇ ਪਾਸੇ, ਵਿਰੋਧੀ ਪਾਰਟੀਆਂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਉਲਟਾ ਦੂਜੀ ਧਿਰ ’ਤੇ ਹੀ ਹਮਲਾ ਕਰਨ ਅਤੇ ਖ਼ੁਦ ਨੂੰ ਸੱਟਾਂ ਮਾਰਨ ਦਾ ਡਰਾਮਾ ਕਰਨ ਦੇ ਇਲਜ਼ਾਮ ਲਗਾਏ ਹਨ। ਕਾਂਗਰਸੀ ਆਗੂ ਆਸ਼ੂ ਬਾਂਗੜ ਨੇ ਕਿਹਾ ਕਿ ਜੇਕਰ ਗੁਰਪ੍ਰੀਤ ਸੇਖੋਂ ਕੋਲ ਉਨ੍ਹਾਂ ਖ਼ਿਲਾਫ਼ ਹਮਲਾ ਕਰਨ ਦੀਆਂ ਵੀਡੀਓਜ਼ ਹਨ ਤਾਂ ਉਹ ਜਨਤਕ ਕਰਨ ਅਤੇ ਜੇਕਰ ਇਸ ਘਟਨਾ ਵਿੱਚ ਉਨ੍ਹਾਂ ਦਾ ਕੋਈ ਰੋਲ ਨਜ਼ਰ ਆਵੇਗਾ ਤਾਂ ਉਹ ਖ਼ੁਦ ਪੁਲੀਸ ਥਾਣੇ ਜਾ ਕੇ ਆਪਣੀ ਗ੍ਰਿਫ਼ਤਾਰੀ ਦੇਣਗੇ।

Related posts

ਭਾਜਪਾ ਵਿੱਚ ਸ਼ਾਮਲ ਹੋਣ ਤੋਂ ਕੁੱਝ ਸਮੇਂ ਬਾਅਦ ਰਣਜੀਤ ਗਿੱਲ ਦੇ ਘਰ ਵਿਜੀਲੈਂਸ ਵੱਲੋਂ ਛਾਪਾ

On Punjab

US Presidential Election Results 2020 Updates: ਚੋਣ ਨਤੀਜਿਆਂ ਤੋਂ ਪਹਿਲਾ ਟਰੰਪ ਦਾ ਬਿਆਨ, ਅਸੀਂ ਜਾਵਾਂਗੇ ਸੁਪਰੀਮ ਕੋਰਟ

On Punjab

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਲਈ ਜਾਰੀ ਕੀਤਾ ਗ੍ਰਿਫਤਾਰੀ ਵਾਰੰਟ

On Punjab