ਚੰਡੀਗੜ੍ਹ- ਪਲੇਅਵੇਅ ਸਕੂਲ ਵਿਚ ਪੜ੍ਹਾਉਂਦੀ ਅਧਿਆਪਕਾ ਮਨੀਸ਼ਾ ਦਾ ਅੱਜ ਉਸ ਦੇ ਭਿਵਾਨੀ ਜ਼ਿਲ੍ਹੇ ਵਿਚਲੇ ਪਿੰਡ ਧਾਨੀ ਲਕਸ਼ਮਣ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਨੀਸ਼ਾ ਦੀ ਲਾਸ਼ 13 ਅਗਸਤ ਨੂੰ ਭਿਵਾਨੀ ਦੇ ਇੱਕ ਖੇਤ ਵਿੱਚੋਂ ਮਿਲੀ ਸੀ। ਉਹ 11 ਅਗਸਤ ਨੂੰ ਸਕੂਲ ਗਈ ਸੀ ਤੇ ਉਥੋਂ ਉਹ ਕਥਿਤ ਨਰਸਿੰਗ ਕਾਲਜ ਵਿੱਚ ਦਾਖਲੇ ਬਾਰੇ ਪੁੱਛਗਿੱਛ ਲਈ ਨਿਕਲੀ ਤੇ ਲਾਪਤਾ ਹੋ ਗਈ।
ਬੁੱਧਵਾਰ ਦੁਪਹਿਰ ਨੂੰ ਦਿੱਲੀ ਦੇ ਏਮਜ਼ ਵਿੱਚ ਤੀਜੇ ਪੋਸਟਮਾਰਟਮ ਤੋਂ ਬਾਅਦ, ਮਨੀਸ਼ਾ ਦੀ ਲਾਸ਼ ਕੱਲ੍ਹ ਦੇਰ ਸ਼ਾਮ ਭਿਵਾਨੀ ਪਹੁੰਚੀ। ਇਸ ਤੋਂ ਪਹਿਲਾਂ ਭਿਵਾਨੀ ਸਿਵਲ ਹਸਪਤਾਲ ਅਤੇ ਰੋਹਤਕ ਦੇ ਪੀਜੀਆਈਐਮਐਸ ਹਸਪਤਾਲ ਵਿੱਚ ਪੋਸਟਮਾਰਟਮ ਜਾਂਚ ਕੀਤੀ ਗਈ ਸੀ। ਵੀਰਵਾਰ ਸਵੇਰੇ, ਭਿਵਾਨੀ ਦੇ ਉਸ ਦੇ ਜੱਦੀ ਪਿੰਡ ਧਾਨੀ ਲਕਸ਼ਮਣ ਵਿੱਚ ਵੱਡੀ ਗਿਣਤੀ ਲੋਕਾਂ ਦੀ ਹਾਜ਼ਰੀ ਵਿਚ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਮਨੀਸ਼ਾ ਦੇ ਪਿਤਾ ਸੰਜੇ ਨੇ ਮਨੀਸ਼ਾ ਦੀ ਚਿਖਾ ਨੂੰ ਅਗਨੀ ਦਿੱਤੀ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਮਹਿਲਾ ਅਧਿਆਪਕਾ ਦੇ ਪਰਿਵਾਰ ਦੀ ਮੰਗ ਦੇ ਆਧਾਰ ’ਤੇ ਸਰਕਾਰ ਉਸ ਦੀ ਮੌਤ ਦੀ ਜਾਂਚ ਸੀਬੀਆਈ ਨੂੰ ਸੌਂਪ ਦੇਵੇਗੀ। ਇਸ ਤੋਂ ਪਹਿਲਾਂ, ਹਰਿਆਣਾ ਸਰਕਾਰ ਨੇ ਅਧਿਆਪਕਾ ਦੀ ਮੌਤ ’ਤੇ ਜਨਤਕ ਰੋਸ ਦਰਮਿਆਨ ਮੰਗਲਵਾਰ ਸਵੇਰੇ 11 ਵਜੇ ਤੋਂ ਭਿਵਾਨੀ ਅਤੇ ਚਰਖੀ ਦਾਦਰੀ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈੱਟ, ਬਲਕ ਐਸਐਮਐਸ ਅਤੇ ਡੋਂਗਲ ਸੇਵਾਵਾਂ ਨੂੰ 48 ਘੰਟਿਆਂ ਲਈ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਸਨ। ਵੀਰਵਾਰ ਨੂੰ, ਸਰਕਾਰ ਨੇ ਸਿਰਫ਼ ਭਿਵਾਨੀ ਜ਼ਿਲ੍ਹੇ ਵਿੱਚ ਮੋਬਾਈਲ ਇੰਟਰਨੈਟ ਦੀ ਮੁਅੱਤਲੀ ਵਧਾ ਦਿੱਤੀ।
ਵਧੀਕ ਮੁੱਖ ਸਕੱਤਰ, ਗ੍ਰਹਿ, ਸੁਮਿਤਾ ਮਿਸ਼ਰਾ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ‘ਇਹ ਹੁਕਮ ਸਿਰਫ਼ ਜ਼ਿਲ੍ਹਾ ਭਿਵਾਨੀ ਦੇ ਅਧਿਕਾਰ ਖੇਤਰ ਵਿੱਚ ਅਗਲੇ 24 ਘੰਟਿਆਂ ਲਈ, ਯਾਨੀ ਕਿ 21 ਅਗਸਤ ਨੂੰ ਸਵੇਰੇ 11:00 ਵਜੇ ਤੋਂ ਸ਼ਾਂਤੀ ਅਤੇ ਜਨਤਕ ਵਿਵਸਥਾ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਣ ਲਈ ਵਧਾਇਆ ਜਾ ਰਿਹਾ ਹੈ।’’ ਇਸ ਤੋਂ ਪਹਿਲਾਂ, ਅਧਿਆਪਕ ਦੀ ਮੌਤ ਨੇ ਭਾਰੀ ਰੋਸ ਪੈਦਾ ਕੀਤਾ, ਲੋਕਾਂ ਨੇ ਜ਼ਿਲ੍ਹੇ ਵਿੱਚ ਸੜਕਾਂ ਜਾਮ ਕਰ ਦਿੱਤੀਆਂ, ਅਤੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ।