ਨਵੀਂ ਦਿੱਲੀ- ਵਪਾਰ ਤੇ ਟੈਰਿਫ ਨੂੰ ਲੈ ਕੇ ਦੋਵਾਂ ਮੁਲਕਾਂ ਵਿਚ ਜਾਰੀ ਤਲਖ਼ੀ ਦਰਮਿਆਨ ਭਾਰਤ ਤੇ ਅਮਰੀਕਾ ਨੇ ਸ਼ੁੱਕਰਵਾਰ ਨੂੰ ਪ੍ਰਮੁੱਖ ਰੱਖਿਆ ਭਾਈਵਾਲੀ ਲਈ ਨਵੇਂ ਚੌਖਟੇ ’ਤੇ ਸਹੀ ਪਾਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ, ਜਿਨ੍ਹਾਂ ਆਪਣੇ ਅਮਰੀਕੀ ਹਮਰੁਤਬਾ Peter Hegseth ਨਾਲ ਇਸ ਸਮਝੌਤੇ ’ਤੇ ਦਸਤਖ਼ਤ ਕੀਤੇ, ਨੇ ਕਿਹਾ ਦੋਵਾਂ ਮੁਲਕਾਂ ਦੇ ਦੁਵੱਲੇ ਰਿਸ਼ਤਿਆਂ ਵਿਚ ਰੱਖਿਆ ਅਹਿਮ ਥੰਮ੍ਹ ਰਹੇਗਾ।
ਸਿੰਘ ਤੇ Hegseth ਮਲੇਸ਼ੀਆ ਵਿਚ ਆਸਿਆਨ ਰੱਖਿਆ ਮੰਤਰੀਆਂ ਦੀ ਸਿਖਰ ਵਾਰਤਾ ਤੋਂ ਇਕਪਾਸੇ ਮਿਲੇ ਸਨ। ਰਾਜਨਾਥ ਸਿੰਘ ਨੇ ਐਕਸ ’ਤੇ ਇਕ ਪੋਸਟ ਵਿਚ ਉਪਰੋਕਤ ਬੈਠਕ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ, ‘‘ਕੁਆਲਾਲੰਪੁਰ ਵਿਚ ਆਪਣੇ ਅਮਰੀਕੀ ਹਮਰੁਤਬਾ ਨਾਲ ਬਹੁਤ ਕਾਰਗਰ ਮੁਲਾਕਾਤ ਹੋਈ। ਅਸੀਂ ਰੱਖਿਆ ਭਾਈਵਾਲੀ ਦੇ ਨਵੇਂ ਚੌਖਟੇ ਲਈ ਦਸ ਸਾਲਾ ਸਮਝੌਤਾ ਕੀਤਾ ਹੈ। ਇਹ ਸਾਡੀ ਪਹਿਲਾਂ ਤੋਂ ਮਜ਼ਬੂਤ ਰੱਖਿਆ ਭਾਈਵਾਲੀ ਵਿਚ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ।’’

