ਨਵੀਂ ਦਿੱਲੀ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਅਤੇ ਅਮਰੀਕਾ ਵਿੱਚ ਬਹੁਤ ਸਕਾਰਾਤਮਕ ਅਤੇ ਰਣਨੀਤਕ ਭਾਈਵਾਲੀ ਹੈ ਤੇ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ। ਸ੍ਰੀ ਮੋਦੀ ਦਾ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਦੀ ਹਾਂਪੱਖੀ ਟਿੱਪਣੀ ਤੋਂ ਬਾਅਦ ਆਇਆ ਹੈ।
ਇਸ ਤੋਂ ਪਹਿਲਾਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਸੀ ਕਿ ਇੰਝ ਜਾਪਦਾ ਹੈ ਕਿ ਅਮਰੀਕਾ ਨੇ ਭਾਰਤ ਅਤੇ ਰੂਸ ਨੂੰ ‘ਖ਼ਤਰਨਾਕ’ ਚੀਨ ਦੇ ਹੱਥੋਂ ਗੁਆ ਦਿੱਤਾ ਹੈ। ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਸੀ ਜਦੋਂ ਟੈਰਿਫ਼ ਕਾਰਨ ਭਾਰਤ ਅਤੇ ਅਮਰੀਕਾ ਦੇ ਸਬੰਧ ਸ਼ਾਇਦ ਬੀਤੇ ਦੋ ਦਹਾਕਿਆਂ ’ਚ ਸਭ ਤੋਂ ਮਾੜੇ ਦੌਰ ’ਚੋਂ ਗੁਜ਼ਰ ਰਹੇ ਹਨ। ਸੋਸ਼ਲ ਮੀਡੀਆ ’ਤੇ ਟਰੰਪ ਦੀ ਇਹ ਪੋਸਟ ਉਸ ਸਮੇਂ ਆਈ ਸੀ ਜਦੋਂ ਕੁਝ ਦਿਨ ਪਹਿਲਾਂ ਚੀਨ ਦੇ ਸ਼ਹਿਰ ਤਿਆਨਜਿਨ ’ਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਸਿਖਰ ਸੰਮੇਲਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਚਾਲੇ ਗਰਮਜੋਸ਼ੀ ਨਾਲ ਹੋਈ ਗੱਲਬਾਤ ਨੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਸੀ। ਅਮਰੀਕੀ ਰਾਸ਼ਟਰਪਤੀ ਨੇ ਟਰੁੱਥ ਸੋਸ਼ਲ ’ਤੇ ਲਿਖਿਆ, ‘‘ਜਾਪਦਾ ਹੈ ਕਿ ਅਸੀਂ ਭਾਰਤ ਅਤੇ ਰੂਸ ਨੂੰ ਸਭ ਤੋਂ ‘ਗੁੱਝੇ ਅਤੇ ਖ਼ਤਰਨਾਕ ਚੀਨ’ ਦੇ ਹੱਥੋਂ ਉਨ੍ਹਾਂ ਨੂੰ ਗੁਆ ਦਿੱਤਾ ਹੈ। ਉਨ੍ਹਾਂ ਦਾ ਇਕੱਠਿਆਂ ਭਵਿੱਖ ਲੰਬਾ ਅਤੇ ਖੁਸ਼ਹਾਲ ਹੋਵੇ।’’