ਨਵੀਂ ਦਿੱਲੀ- ਸੱਤਾਧਾਰੀ ਭਾਜਪਾ-ਜੇਡੀਯੂ ਗੱਠਜੋੜ ਦੀ 243 ਮੈਂਬਰੀ ਬਿਹਾਰ ਵਿਧਾਨ ਸਭਾ ਵਿਚ 202 ਸੀਟਾਂ ਦੇ ਇਤਿਹਾਸਕ ਫਤਵੇ ਨਾਲ ਜ਼ੋਰਵਾਰ ਵਾਪਸੀ ਮਗਰੋਂ ਬਿਹਾਰ ਵਿਚ ਨਵੀਂ ਸਰਕਾਰ ਦੇ ਹਲਫ਼ਦਾਰੀ ਸਮਾਗਮ ਲਈ ਮੰਚ ਤਿਆਰ ਹੋ ਗਿਆ ਹੈ। ਦਿੱਲੀ ਵਿਚ ਮੌਜੂਦ ਹਿੰਦੁਸਤਾਨੀ ਅਵਾਮ ਮੋਰਚਾ (HAM) ਦੇ ਮੁਖੀ ਜੀਤਨ ਰਾਮ ਮਾਂਝੀ ਨੇ ਕਿਹਾ ਕਿ ਨਵੀਂ ਸਰਕਾਰ ਦਾ ਹਲਫ਼ਦਾਰੀ ਸਮਾਗਮ 20 ਨਵੰਬਰ ਲਈ ਤਜਵੀਜ਼ਤ ਹੈ।
ਮਾਂਝੀ ਨੇ ਕਿਹਾ ਕਿ ਨਵੀਂ ਸਰਕਾਰ ਵਿਚ ਕਰੀਬ 35 ਮੰਤਰੀ ਹੋਣਗੇ। ਇਨ੍ਹਾਂ ਵਿਚ 14-15 ਭਾਜਪਾ ਤੋਂ, 12-13 ਜੇਡੀਯੂ, ਤਿੰਨ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਤੇ ਇਕ ਇਕ ਹਿੰਦੁਸਤਾਨੀ ਅਵਾਮ ਮੋਰਚਾ ਤੇ ਰਾਸ਼ਟਰੀ ਲੋਕ ਮੋਰਚਾ ਤੋਂ ਹੋਵੇਗਾ। ਮਾਂਝੀ ਨੇ ਹਾਲਾਂਕਿ ਪੱਤਰਕਾਰਾਂ ਨੂੰ ਸਾਫ਼ ਕਰ ਦਿੱਤਾ ਕਿ ਕੁਝ ਵੀ ਅਧਿਕਾਰਤ ਨਹੀਂ ਹੈ। ਉਨ੍ਹਾਂ ਬਿਹਾਰ ਚੋਣਾਂ ਵਿਚ ਮਿਲੀ ਇਤਿਹਾਸਕ ਤੇ ਸ਼ਾਨਦਾਰ ਜਿੱਤ ਦਾ ਸਿਹਰਾ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰ ਬੰਨਿਆ।
ਇਸ ਦੌਰਾਨ ਭਾਜਪਾ ਵਿਧਾਇਕ ਦਲ ਪਟਨਾ ਦੇ ਮੁੱਖ ਦਫ਼ਤਰ ਵਿੱਚ ਆਪਣਾ ਆਗੂ ਚੁਣਨ ਲਈ ਮੀਟਿੰਗ ਕਰੇਗਾ। ਇਸ ਬੈਠਕ ਉਪਰੰਤ ਐੱਨਡੀਏ ਵੱਲੋਂ ਆਪਣੇ ਆਗੂ ਦੀ ਚੋਣ ਕੀਤੀ ਜਾਵੇਗੀ। ਸੂਤਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 14 ਨਵੰਬਰ ਨੂੰ ਭਾਜਪਾ ਮੁੱਖ ਦਫ਼ਤਰ ਵਿੱਚ ਜਿੱਤ ਦੇ ਭਾਸ਼ਣ ਵਿੱਚ ਨਿਤੀਸ਼ ਕੁਮਾਰ ਦੀ ਸ਼ਾਨਦਾਰ ਅਗਵਾਈ ਦੀ ਜਨਤਕ ਤੌਰ ’ਤੇ ਸ਼ਲਾਘਾ ਕਰਨ ਦੇ ਹਵਾਲੇ ਨਾਲ ਕਿਹਾ ਕਿ ਨਿਤੀਸ਼ ਕੁਮਾਰ ਪੰਜਵੀਂ ਵਾਰ ਮੁੱਖ ਮੰਤਰੀ ਬਣਨ ਜਾ ਰਹੇ ਹਨ।

