63.5 F
New York, US
September 28, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬਿਕਰਮ ਸਿੰਘ ਮਜੀਠੀਆ ਵੱਲੋਂ ਸੁਖਬੀਰ ਬਾਦਲ ’ਤੇ ਹਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ

ਚੰਡੀਗੜ੍ਹ-  ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮਹਾਰਾਸ਼ਟਰ ਦੇ ਨਾਂਦੇੜ ਗੁਰਦੁਆਰੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਮਾਮਲੇ ਦੀ ਤੁਰੰਤ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਮੁੱਖ ਸਿੱਖ ਧਾਰਮਿਕ ਅਸਥਾਨ ਦੇ ਅੰਦਰ ਕਿਸੇ ਉੱਤੇ ਵੀ ਹਮਲਾ ਹੋਣਾ ਬੇਹੱਦ ਚਿੰਤਾਜਨਕ ਹੈ। ਮਜੀਠੀਆ ਨੇ ਚਿੰਤਾ ਪ੍ਰਗਟਾਈ ਕਿ ਸੁਖਬੀਰ ਬਾਦਲ ‘ਤੇ ਕਿਸੇ ਵੱਡੇ ਸਿੱਖ ਧਾਰਮਿਕ ਅਸਥਾਨ ਉੱਤੇ ਇਹ ਦੂਜਾ ਹਮਲਾ ਹੈ ਕਿਉਂਕਿ ਦਸੰਬਰ 2024 ਵਿੱਚ ਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਾਰਾਇਣ ਸਿੰਘ ਚੌੜਾ ਨੇ ਉਨ੍ਹਾਂ ‘ਤੇ ਗੋਲੀ ਚਲਾਈ ਸੀ। ਨਾਰਾਇਣ ਸਿੰਘ ਚੌੜਾ ਦੇ ਅਤਿਵਾਦੀ ਸੰਗਠਨ ਆਈ.ਐੱਸ.ਆਈ. (ISI) ਨਾਲ ਕਥਿਤ ਸਬੰਧ ਸਨ ਅਤੇ ਹਮਲੇ ਤੋਂ ਪਹਿਲਾਂ ਉਸ ਦੀਆਂ ਗਤੀਵਿਧੀਆਂ ‘ਤੇ ਗੰਭੀਰ ਸਵਾਲ ਖੜ੍ਹੇ ਹੋਏ ਸਨ।

ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੇ ਉਦੋਂ ਵੀ ਸੀ.ਸੀ.ਟੀ.ਵੀ. ਫੁਟੇਜ ਨੂੰ ਲੈ ਕੇ ਸਵਾਲ ਉਠਾਏ ਸਨ ਜਿਸ ਵਿੱਚ ਚੌੜਾ ਹਮਲੇ ਤੋਂ ਪਹਿਲਾਂ ਅੰਮ੍ਰਿਤਸਰ ਪੁਲੀਸ ਦੇ ਐੱਸ.ਪੀ. ਹਰਪਾਲ ਰੰਧਾਵਾ ਨਾਲ ਗੱਲਬਾਤ ਕਰ ਰਿਹਾ ਸੀ ਅਤੇ ਉਹ ਸਵਾਲ ਅੱਜ ਵੀ ਅਣਸੁਲਝੇ ਹਨ। ਨਾਂਦੇੜ ਦੀ ਅੱਜ ਦੀ ਘਟਨਾ ਨੇ ਇਸ ਗੱਲ ਨੂੰ ਹੋਰ ਵੀ ਜ਼ਿਆਦਾ ਅਹਿਮ ਬਣਾ ਦਿੱਤਾ ਹੈ ਕਿ ਇਹ ਪਤਾ ਲਗਾਇਆ ਜਾਵੇ ਕਿ ਕੀ ਦੋਵਾਂ ਘਟਨਾਵਾਂ ਵਿੱਚ ਕੋਈ ਸਬੰਧ ਹੈ, ਕੀ ਕੋਈ ਸੁਰੱਖਿਆ ਵਿੱਚ ਕੁਤਾਹੀ ਹੋਈ ਸੀ ਅਤੇ ਕੀ ਇਸ ਪਿੱਛੇ ਕੋਈ ਵੱਡੀ ਸਾਜ਼ਿਸ਼ ਸ਼ਾਮਲ ਹੈ। ਪੁਲੀਸ ਮੁਤਾਬਕ ਹਮਲਾਵਰ ਜਸਪਾਲ ਸਿੰਘ ਪੁਣੇ ਦਾ ਰਹਿਣ ਵਾਲਾ ਹੈ।

ਡਾ. ਦਲਜੀਤ ਚੀਮਾ ਅਤੇ ਬਲਵਿੰਦਰ ਸਿੰਘ ਭੂੰਦੜ ਵੱਲੋਂ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ- ਅਕਾਲੀ ਦਲ ਦੇ ਬਲਵਿੰਦਰ ਸਿੰਘ ਭੂੰਦੜ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਸੁਖਬੀਰ ਬਾਦਲ ‘ਤੇ ਹੋਏ ਹਮਲੇ ਦੀ ਉੱਚ ਪੱਧਰੀ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ੈੱਡ-ਪਲੱਸ (Z+) ਸੁਰੱਖਿਆ ਪ੍ਰਾਪਤ ਆਗੂ ‘ਤੇ ਹਮਲਾ ਹੋਣਾ ਵੱਡਾ ਸਵਾਲੀਆ ਨਿਸ਼ਾਨ ਹੈ। ਡਾ. ਚੀਮਾ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਆਪ (AAP) ਨੇਤਾ ਖ਼ਾਸਕਰ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ‘ਤੇ ਇਸ ਘਟਨਾ ਨੂੰ ਲੈ ਕੇ ਲੋਕਾਂ ਨੂੰ ਭੜਕਾਉਣ ਦੇ ਗੰਭੀਰ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕਾਂਗਰਸ ਅਤੇ ਆਪ ਪੰਜਾਬ ਨੂੰ ਅਤਿਵਾਦ ਦੇ ਕਾਲੇ ਦਿਨਾਂ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੇ ਹਨ। ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਨੇ ਕਿਹਾ ਕਿ ਆਪ ਦੇ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਅਤੇ ਹੋਰ ਆਪ ਨੇਤਾ ਕੱਟੜਪੰਥੀ ਏਜੰਡੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ।

Related posts

ਚੀਨ ਦੀ ਧਮਕੀ ਦੇ ਬਾਵਜੂਦ ਅਮਰੀਕੀ ਸੰਸਦ ਮੈਂਬਰਾਂ ਨੇ ਤਾਇਵਾਨੀ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

On Punjab

ਕਰਤਾਰਪੁਰ ਲਾਂਘਾ ਖੋਲ੍ਹ ਕੇ ਇਮਰਾਨ ਖਾਨ ਨੇ ਯਾਰੀ ਨਿਭਾਈ : ਨਵਜੋਤ ਸਿੱਧੂ

On Punjab

ਮੰਤਰੀ ਮੰਡਲ ਵੱਲੋਂ ਪੰਜਾਬ ਦੇ ਇਨ੍ਹਾਂ ਕਾਲਜਾਂ ‘ਚ 1925 ਸਹਾਇਕ ਪ੍ਰੋਫੈਸਰਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਪ੍ਰਵਾਨਗੀ

On Punjab