ਉੱਤਰ ਪ੍ਰਦੇਸ਼: ਬਰੇਲੀ ਜਾ ਰਹੀ ਇੱਕ ਪ੍ਰਾਈਵੇਟ ਸਲੀਪਰ ਬੱਸ ‘ਤੇ ਹਥਿਆਰਬੰਦ ਨੌਜਵਾਨਾਂ ਵੱਲੋਂ ਹਮਲਾ ਕਰਨ ਅਤੇ ਤੋੜ-ਫੋੜ ਕਰਨ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਰਾਤ ਦੇ ਸਮੇਂ ਹੋਏ ਇਸ ਅਚਾਨਕ ਹਮਲੇ ਦੌਰਾਨ ਬੱਸ ਵਿੱਚ ਸਵਾਰ ਯਾਤਰੀਆਂ ਵਿੱਚ ਭਾਰੀ ਦਹਿਸ਼ਤ ਅਤੇ ਅਫਰਾ-ਤਫਰੀ ਦਾ ਮਾਹੌਲ ਬਣ ਗਿਆ। ਹਮਲੇ ਦੌਰਾਨ ਹੋਈ ਭੰਨ-ਤੋੜ ਅਤੇ ਕੱਚ ਲੱਗਣ ਕਾਰਨ ਕਈ ਯਾਤਰੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਨੇੜਲੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।
ਚਸ਼ਮਦੀਦਾਂ ਅਤੇ ਬੱਸ ਦੇ ਚਾਲਕ ਅਨੁਸਾਰ ਬੱਸ ਆਪਣੇ ਨਿਰਧਾਰਤ ਮਾਰਗ ‘ਤੇ ਜਾ ਰਹੀ ਸੀ ਕਿ ਅਚਾਨਕ ਕੁਝ ਗੱਡੀਆਂ ਵਿੱਚ ਆਏ ਹਥਿਆਰਬੰਦ ਨੌਜਵਾਨਾਂ ਨੇ ਬੱਸ ਦਾ ਘੇਰਾਓ ਕਰਕੇ ਉਸ ਨੂੰ ਰੁਕਵਾ ਲਿਆ। ਇਸ ਤੋਂ ਬਾਅਦ ਹਮਲਾਵਰਾਂ ਨੇ ਲਾਠੀਆਂ, ਡੰਡਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਬੱਸ ‘ਤੇ ਹਮਲਾ ਕਰ ਦਿੱਤਾ ਅਤੇ ਖਿੜਕੀਆਂ ਦੇ ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿੱਤੇ। ਬੱਸ ਦੇ ਸ਼ੀਸ਼ੇ ਟੁੱਟਣ ਅਤੇ ਧਮਕੀਆਂ ਕਾਰਨ ਅੰਦਰ ਬੈਠੀਆਂ ਸਵਾਰੀਆਂ, ਖਾਸ ਕਰਕੇ ਮਹਿਲਾਵਾਂ ਅਤੇ ਬੱਚਿਆਂ ਵਿੱਚ ਚੀਖ-ਚਿਹਾੜਾ ਮਚ ਗਿਆ।
ਘਟਨਾ ਦੀ ਇਤਲਾਹ ਮਿਲਦਿਆਂ ਹੀ ਸਥਾਨਕ ਪੁਲਿਸ ਦੀਆਂ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਹੇਠ ਕੀਤਾ ਅਤੇ ਪੀੜਤ ਯਾਤਰੀਆਂ ਦੀ ਮਦਦ ਕੀਤੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲੇ ਦੇ ਕਾਰਨਾਂ ਦਾ ਅਜੇ ਤੱਕ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਹੈ, ਪਰ ਸ਼ੁਰੂਆਤੀ ਜਾਂਚ ਵਿੱਚ ਇਸ ਨੂੰ ਆਪਸੀ ਰੰਜਿਸ਼ ਜਾਂ ਰਸਤੇ ਵਿੱਚ ਹੋਈ ਕਿਸੇ ਬਹਿਸ ਨਾਲ ਜੋੜ ਕੇ ਦੇਖਿਆ ਜਾ ਰਹਾ ਹੈ। ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

