ਬਠਿੰਡਾ- ਪਾਬੰਦੀਸ਼ੁਦਾ ਚੀਨੀ ਡੋਰ ਦੀ ਵਰਤੋਂ ਤੋਂ ਫ਼ਿਕਰਮੰਦ ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਦੇ ਭੈਣੀ ਚੂਹੜ ਪਿੰਡ ਦੀ ਪੰਚਾਇਤ ਨੇ ਪਿੰਡ ਵਿੱਚ ਪਤੰਗ ਉਡਾਉਣ ਅਤੇ ਪਤੰਗਾਂ ਦੀ ਵਿਕਰੀ ’ਤੇ ਪਾਬੰਦੀ ਲਗਾਉਣ ਦਾ ਮਤਾ ਪਾਸ ਕੀਤਾ ਹੈ। ਇਹ ਸੂਬੇ ਦੀ ਪਹਿਲੀ ਪਿੰਡ ਪੰਚਾਇਤ ਹੈ, ਜੋ ਅਜਿਹਾ ਕਦਮ ਚੁੱਕ ਰਹੀ ਹੈ। ਪਿਛਲੇ ਦਿਨੀਂ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ 15 ਸਾਲਾ ਲੜਕੇ ਅਤੇ ਇੱਕ ਔਰਤ ਦੀ ਚੀਨੀ ਪਤੰਗ ਦੀ ਡੋਰ ਕਾਰਨ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਸੂਬੇ ਭਰ ਵਿੱਚ ਕਈ ਹੋਰ ਲੋਕਾਂ ਨੂੰ ਚੀਨੀ ਡੋਰ ਦੇ ਸੰਪਰਕ ਵਿੱਚ ਆਉਣ ਕਾਰਨ ਸੱਟਾਂ ਲੱਗੀਆਂ ਹਨ। ਕਈਆਂ ਦੇ ਟਾਂਕੇ ਵੀ ਲੱਗੇ ਹਨ। ਇਸ ਤੋਂ ਇਲਾਵਾ ਇੱਥੋਂ ਦੇ ਢਪਾਲੀ ਪਿੰਡ ਦਾ 13 ਸਾਲਾ ਲੜਕਾ ਦਰੱਖਤ ਤੋਂ ਪਤੰਗ ਕੱਢਣ ਦੀ ਕੋਸ਼ਿਸ਼ ਕਰਦੇ ਹੋਇਆ ਜਾਨ ਗੁਆ ਬੈਠਾ ਸੀ। ਸੋਮਵਾਰ ਨੂੰ ਭੈਣੀ ਚੂਹੜ ਪਿੰਡ ਦੇ ਵੱਡੀ ਗਿਣਤੀ ਲੋਕ, ਜਿਨ੍ਹਾਂ ਵਿੱਚ ਪੰਚਾਇਤ ਮੈਂਬਰ ਤੇ ਪਿੰਡ ਦਾ ਨੰਬਰਦਾਰ ਸ਼ਾਮਲ ਸਨ, ਸਰਪੰਚ ਦੇ ਘਰ ਇਕੱਠੇ ਹੋਏ। ਇਸ ਬੈਠਕ ਦੌਰਾਨ ਉਪਰੋਕਤ ਮਤਾ ਪਾਸ ਕੀਤਾ ਗਿਆ। ਪਿੰਡ ਦੀ ਆਬਾਦੀ ਕਰੀਬ 2,500 ਹੈ। ਪਿੰਡ ਦੇ ਬਜ਼ੁਰਗ ਸਰਪੰਚ ਮਿੱਠਾ ਸਿੰਘ ਨੇ ਟ੍ਰਿਬਿਊਨ ਨਾਲ ਗੱਲ ਕਰਦਿਆਂ ਪਤੰਗਾਂ ਦੀ ਵਿਕਰੀ ਅਤੇ ਉਡਾਣ ’ਤੇ ਪਾਬੰਦੀ ਲਗਾਉਣ ਸਬੰਧੀ ਮਤੇ ਦੀ ਪੁਸ਼ਟੀ ਕੀਤੀ ਹੈ। ਬਜ਼ੁਰਗ ਨੇ ਕਿਹਾ, ‘‘ਅਸੀਂ ਸਾਰਿਆਂ ਨੇ ਚੀਨੀ ਡੋਰ ਅਤੇ ਪਤੰਗ ਉਡਾਉਣ ਨਾਲ ਸਬੰਧਤ ਘਾਤਕ ਘਟਨਾਵਾਂ ਬਾਰੇ ਸੁਣਿਆ ਹੈ। ਇਸ ਲਈ ਚੌਕਸੀ ਵਜੋਂ ਇਹ ਕਦਮ ਚੁੱਕਿਆ ਗਿਆ ਹੈ। ਜੇਕਰ ਕੋਈ ਪਾਬੰਦੀ ਦੀ ਉਲੰਘਣਾ ਕਰਦਾ ਹੈ, ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।’’
ਬਜ਼ੁਰਗ ਨੇ ਕਿਹਾ, ‘‘ਅਸੀਂ ਪਿੰਡ ਦੇ ਦੁਕਾਨਦਾਰਾਂ ਨੂੰ ਪਹਿਲਾਂ ਹੀ ਅਪੀਲ ਕਰ ਚੁੱਕੇ ਹਾਂ, ਅਤੇ ਉਹ ਫੈਸਲੇ ਦੀ ਪਾਲਣਾ ਕਰਨ ਲਈ ਸਹਿਮਤ ਹੋ ਗਏ ਹਨ। ਉਨ੍ਹਾਂ ਨੇ ਸਪਲਾਇਰਾਂ ਨੂੰ ਆਪਣਾ ਬਚਿਆ ਹੋਇਆ ਸਟਾਕ ਵਾਪਸ ਕਰਨ ਦਾ ਵਾਅਦਾ ਵੀ ਕੀਤਾ ਹੈ।” ਇਸ ਦੌਰਾਨ ਪਿੰਡ ਦੇ ਸਰਪੰਚ ਦੇ ਪੋਤੇ ਹਰਜਿੰਦਰ ਸਿੰਘ ਨੇ ਕਿਹਾ, “ਅਸੀਂ ਪਤੰਗ ਉਡਾਉਣ ਦੀ ਰਵਾਇਤ ਦੇ ਵਿਰੁੱਧ ਨਹੀਂ ਹਾਂ, ਪਰ ਸਿਰਫ਼ ਸਖ਼ਤੀ ਕੀਤੇ ਜਾਣ ਨਾਲ ਹੀ ਕੀਮਤੀ ਜਾਨਾਂ ਬਚ ਸਕਦੀਆਂ ਹਨ।” ਪਿੰਡ ਦੇ ਕੁਝ ਵਸਨੀਕਾਂ ਨੇ ਕਿਹਾ ਕਿ ਪਤੰਗ ਉਡਾਉਣ ਨਾਲ ਸਬੰਧਤ ਹਾਦਸਿਆਂ ਨੂੰ ਰੋਕਣ ਲਈ ਹੋਰ ਪੰਚਾਇਤਾਂ ਨੂੰ ਵੀ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ।

