ਮੁਹਾਲੀ- ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ 22 ਜਨਵਰੀ ਤੋਂ ਪੂਰੇ ਪੰਜਾਬ ਵਿੱਚ ਰਸਮੀ ਤੌਰ ’ਤੇ ਸ਼ੁਰੂ ਕੀਤੀ ਜਾਵੇਗੀ। ਪੰਜਾਬ ਦਾ ਹਰ ਪਰਿਵਾਰ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦਾ ਨਕਦੀ ਰਹਿਤ ਡਾਕਟਰੀ ਇਲਾਜ ਪ੍ਰਾਪਤ ਕਰਨ ਦਾ ਹੱਕਦਾਰ ਹੋਵੇਗਾ। ਸਿਹਤ ਮੰਤਰੀ ਨੇ ਦੱਸਿਆ ਕਿ ਇਸ ਯੋਜਨਾ ਲਈ ਪਾਇਲਟ ਰਜਿਸਟਰੇਸ਼ਨ ਭਲਕ ਤੋਂ ਮੁਹਾਲੀ ਜ਼ਿਲ੍ਹੇ ਵਿੱਚ ਸ਼ੁਰੂ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਆਧਾਰ ਕਾਰਡ ਅਤੇ ਵੋਟਰ ਕਾਰਡ ਵਾਲੇ ਵਸਨੀਕ ਇਸ ਯੋਜਨਾ ਲਈ ਯੋਗ ਹੋਣਗੇ।
ਲਗਪਗ 650 ਨਿੱਜੀ ਸਿਹਤ ਸਹੂਲਤਾਂ ਅਤੇ ਰਾਜ ਦੀਆਂ ਸਾਰੀਆਂ ਮੈਡੀਕਲ ਯੂਨੀਵਰਸਿਟੀਆਂ ਨੂੰ ਪਹਿਲਾਂ ਹੀ ਇਸ ਯੋਜਨਾ ਤਹਿਤ ਸੂਚੀਬੱਧ ਕੀਤਾ ਗਿਆ ਹੈ ਤਾਂ ਕਿ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਦੀ ਵਿਆਪਕ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਆਯੁਸ਼ਮਾਨ ਭਾਰਤ ਲਾਭਪਾਤਰੀਆਂ ਨੂੰ 5 ਲੱਖ ਰੁਪਏ ਦਾ ਵਾਧੂ ਸਿਹਤ ਕਵਰ ਵੀ ਪ੍ਰਦਾਨ ਕੀਤਾ ਜਾਵੇਗਾ ਜਿਸ ਨਾਲ ਉਨ੍ਹਾਂ ਦੇ ਸਮੁੱਚੇ ਬੀਮਾ ਕਵਰੇਜ ਵਿੱਚ ਵਾਧਾ ਹੋਵੇਗਾ। ਮੁਹਾਲੀ ਜ਼ਿਲ੍ਹੇ ਦੇ 274 ਰਜਿਸਟ੍ਰੇਸ਼ਨ ਕੇਂਦਰਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿੱਚ ਕਾਮਨ ਸਰਵਿਸ ਸੈਂਟਰ (CSC), ਕਮਿਊਨਿਟੀ ਹੈਲਥ ਸੈਂਟਰ (CHC), ਸਬ-ਡਿਵੀਜ਼ਨਲ ਹਸਪਤਾਲ ਅਤੇ ਜ਼ਿਲ੍ਹਾ ਹਸਪਤਾਲ ਸ਼ਾਮਲ ਹਨ। ਘੜੂੰਆਂ ਅਤੇ ਡੇਰਾਬੱਸੀ ਸਿਹਤ ਬਲਾਕਾਂ ਵਿੱਚ ਅੱਠ ਥਾਵਾਂ ’ਤੇ ਰਜਿਸਟ੍ਰੇਸ਼ਨ ਭਲਕ ਤੋਂ ਸ਼ੁਰੂ ਹੋਵੇਗੀ, ਜਿਸ ਤੋਂ ਬਾਅਦ ਇਸ ਦਾ ਦਾਇਰਾ ਵਧਾਇਆ ਜਾਵੇਗਾ।

