ਮਾਨਸਾ- ਮਾਨਸਾ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਮੌਤ ਦੇ ਮਾਮਲੇ ਵਿੱਚ ਮੁਲਜ਼ਮ ਅਸ਼ਵਨੀ ਕੁਮਾਰ ਵਿਰੁੱਧ ਕਾਰਵਾਈ ਕਰਦਿਆਂ ਪੰਜਾਬ ਫਾਰਮੇਸੀ ਕੌਂਸਲ ਨੇ ਉਸ ਦੀ ਰਜਿਸਟਰੇਸ਼ਨ ਰੱਦ ਕਰ ਦਿੱਤੀ ਹੈ। ਕੌਂਸਲ ਦੇ ਚੇਅਰਮੈਨ ਸੁਨੀਲ ਬਾਂਸਲ ਨੇ ਦੱਸਿਆ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਫਾਰਮਾਸਿਸਟ ਖਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਹੈ। ਉਸ ਦੀ ਫਾਰਮਾਸਿਸਟ ਰਜਿਸਟਰੇਸ਼ਨ 10 ਜੁਲਾਈ, 2020 ਨੂੰ ਜਾਰੀ ਹੋਈ ਸੀ ਜਿਸ ਨੂੰ ਰੱਦ ਕਰ ਦਿੱਤਾ ਗਿਆ ਹੈ। ਅਸ਼ਵਨੀ ਕੁਮਾਰ ਪਰਵਿੰਦਰ ਸਿੰਘ ਝੋਟਾ ਦੀ ਮੌਤ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਹੈ। ਇਸ ਘਟਨਾ ਤੋਂ ਬਾਅਦ ਨਸ਼ਿਆਂ ਦੀ ਗ਼ੈਰਕਾਨੂੰਨੀ ਵਿਕਰੀ ਅਤੇ ਇਸ ਵਿਰੁੱਧ ਕਾਰਵਾਈ ਕਰਨ ਵਾਲੀਆਂ ਸਰਕਾਰੀ ਏਜੰਸੀਆਂ ਦੀ ਭੂਮਿਕਾ ਨੂੰ ਲੈ ਕੇ ਵੀ ਸਵਾਲ ਉੱਠੇ ਸਨ।
ਅਸਲਾ ਲਾਇਸੈਂਸ ਵੀ ਕੀਤਾ ਜਾ ਚੁੱਕਾ ਹੈ ਰੱਦ- ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲੀਸ ਦੀ ਸਿਫ਼ਾਰਸ਼ ’ਤੇ ਅਸ਼ਵਨੀ ਕੁਮਾਰ ਦਾ ਅਸਲਾ ਲਾਇਸੈਂਸ ਵੀ ਰੱਦ ਕਰ ਦਿੱਤਾ ਸੀ। ਪ੍ਰਸ਼ਾਸਨ ਮੁਤਾਬਕ ਉਸ ਨੇ ਲਾਇਸੈਂਸ ਤਹਿਤ ਹਾਸਲ ਕੀਤੇ ਹਥਿਆਰ ਦੀ ਵਰਤੋਂ ਕਤਲ ਦੀ ਘਟਨਾ ਵਿੱਚ ਕੀਤੀ ਸੀ। ਫਾਰਮੇਸੀ ਕੌਂਸਲ ਵੱਲੋਂ ਰਜਿਸਟਰੇਸ਼ਨ ਰੱਦ ਕਰਨ ਦੀ ਖ਼ਬਰ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਝੋਟਾ ਮਾਮਲੇ ਵਿੱਚ ਇਨਸਾਫ਼ ਅਤੇ ਨਸ਼ਿਆਂ ਦੀ ਵਿਕਰੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ. ਦੀ ਟੀਮ ਅੱਜ ਵਿਪਿਨ ਕੁਮਾਰ ਦੇ ਘਰ ਪਹੁੰਚੀ। ਜਾਣਕਾਰੀ ਮੁਤਾਬਿਕ ਵਿਪਿਨ ਉਹ ਵਿਅਕਤੀ ਦੱਸਿਆ ਜਾ ਰਿਹਾ ਹੈ, ਜੋ ਅਸ਼ਵਨੀ ਕੁਮਾਰ ਨੂੰ ਆਪਣੇ ਨਾਲ ਲੈ ਕੇ ਗਿਆ ਸੀ। ਇਸੇ ਸਬੰਧ ਵਿੱਚ ਸੀ.ਬੀ.ਆਈ. ਦੀ ਟੀਮ ਨੇ ਵਿਪਿਨ ਦੇ ਘਰ ਪਹੁੰਚ ਕੇ ਜਾਂਚ ਕੀਤੀ। ਜ਼ਿਕਰਯੋਗ ਹੈ ਕਿ ਵਿਪਿਨ ਕੁਮਾਰ ਉੱਪਰ ਅਸ਼ਵਨੀ ਕੁਮਾਰ ਨੂੰ ਪਨਾਹ ਦੇਣ ਦਾ ਦੋਸ਼ ਹੈ ਅਤੇ ਪੁਲੀਸ ਵੱਲੋਂ ਉਸ ਉੱਪਰ ਮਾਮਲਾ ਦਰਜ ਕਰਕੇ ਉਸ ਨੂੰ ਪਹਿਲੇ ਦਿਨ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ।

