ਜਲੰਧਰ- ਇਲਾਕੇ ਵਿੱਚ ਨਸ਼ਾਖੋਰੀ ਦੇ ਮਾਮਲਿਆਂ ਦਰਮਿਆਨ ਹੁਣ ਨਸ਼ਿਆਂ ਦੇ ਜਾਲ ਨੇ ਮਾਸੂਮ ਬੱਚਿਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇੱਕ ਛੋਟੇ ਬੱਚੇ ਵੱਲੋਂ ਸਿਗਰੇਟ ਅਤੇ ਲਾਈਟਰ ਦੀ ਮਦਦ ਨਾਲ ਟੀਨ ਫੁਆਇਲ ਤੋਂ ਨਸ਼ਾ ਸੁੰਘਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਪੂਰਥਲਾ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਬੁੱਧਵਾਰ ਨੂੰ ਪਿੰਡ ਰਾਏਪੁਰ ਝੁੱਗੀਆਂ ਤੋਂ ਦੋ ਨਾਬਾਲਗ ਭਰਾਵਾਂ (ਉਮਰ 10 ਅਤੇ 13 ਸਾਲ) ਨੂੰ ਬਚਾ ਕੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਹੈ। ਇਹ ਬੱਚੇ ਇੱਕ ਪਰਵਾਸੀ ਮਜ਼ਦੂਰ ਦੇ ਪੁੱਤਰ ਹਨ। ਇਨ੍ਹਾਂ ਦੇ ਪਿਤਾ ਦੀ 2-3 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਪਰਿਵਾਰ ਬੇਹੱਦ ਗਰੀਬ ਹੈ।
ਸਿਵਲ ਹਸਪਤਾਲ ਦੇ ਐਮਰਜੈਂਸੀ ਡਾਕਟਰ ਨੇ ਦੱਸਿਆ, “ਸੁਭਾਨਪੁਰ ਪੁਲੀਸ ਵੱਲੋਂ ਰਾਏਪੁਰ ਝੁੱਗੀਆਂ ਤੋਂ 10 ਅਤੇ 13 ਸਾਲ ਦੇ ਦੋ ਬੱਚਿਆਂ ਨੂੰ ਸਾਡੇ ਕੋਲ ਲਿਆਂਦਾ ਗਿਆ ਸੀ। ਪੁਲੀਸ ਮੁਤਾਬਕ ਉਹ ਨਸ਼ਾ ਕਰ ਰਹੇ ਸਨ। ਬੱਚਿਆਂ ਅਤੇ ਨਸ਼ਾ ਛੁਡਾਊ ਮਾਹਿਰ ਡਾਕਟਰਾਂ ਦੀ ਸਲਾਹ ਤੋਂ ਬਾਅਦ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਗਿਆ। ਬੱਚਿਆਂ ਮੁਤਾਬਕ ਉਨ੍ਹਾਂ ਨੇ ਇਹ ਆਦਤ ਪਿੰਡ ਦੇ ਕੁਝ ਵੱਡੇ ਬੱਚਿਆਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਪਾਈ। ਬੱਚਿਆਂ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਦਾ ਇਲਾਜ ਜਾਰੀ ਹੈ।” ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਨਾਲ ਟਿੱਪਣੀ ਲਈ ਸੰਪਰਕ ਨਹੀਂ ਹੋ ਸਕਿਆ।

