46.29 F
New York, US
April 19, 2024
PreetNama
ਸਮਾਜ/Social

ਪੰਜਾਬ ਦੀ ਜਵਾਨੀ ਦਾ ਵੱਧ ਰਿਹਾ ਨਸ਼ਿਆਂ ਪ੍ਰਤੀ ਅਕਰਸ਼ਨ..ਕਿਉਂ? (ਭਾਗ-3)

ਮੈਡੀਕਲ ਸਟੋਰਾਂ, ਝੋਲਾ ਛਾਪ ਡਾਕਟਰਾਂ ਤੇ ਮਿੱਤਰਾਂ ਦੋਸਤਾਂ ਦੁਆਰਾ ਦੱਸੀਆਂ ਦੁਕਾਨਾਂ ‘ਤੇ ਚੱਕਰ ਲਗਾਉਣਾ ਆਮ ਹੋ ਜਾਂਦਾ ਹੈ। ਉਹ ਅਕਸਰ ਹੀ ਉਨ੍ਹਾਂ ਦੁਕਾਨਾਂ ਉਪਰ ਦਿਖਾਈ ਦਿੰਦੇ ਹਨ। ਕੰਮ ਕਾਰ ਵੀ ਕੋਈ ਖਾਸ ਨਾ ਹੋਣ ਕਰਕੇ ਪੈਸੇ ਵੀ ਕਿਥੋਂ ਆਉਣ? ਮਹਿੰਗੀਆਂ ਦਵਾਈਆਂ ਲਈ ਫਿਰ ਉਹ ਹਲਕੀ ਪੱਧਰ ਦੇ ਟੀਕੇ, ਘਟੀਆਂ ਗੋਲੀਆਂ ਖੰਘ ਦੀ ਦਵਾਈ ਦੀਆਂ ਸ਼ੀਸ਼ੀਆਂ ਜਿਹੀਆਂ ਚੀਜ਼ਾਂ ਤੋਂ ਇਲਾਵਾ ਬਾਈਕ ਨੂੰ ਪੈਂਚਰ ਲਗਾਉਣ ਵਾਲੀਆਂ ਟਿਊਬਾਂ ਦਾ ਨਸ਼ਾ ਕਰਦੇ ਹਨ। ਵੱਡੇ ਘਰਾਂ ਦੇ ਬੱਚੇ ਜ਼ਿਆਦਾ ਪੈਸੇ ਘਰੋਂ ਪਹਿਲਾ ਆਪਣੇ ਆਪ ਮਿਲਣ ਕਰਕੇ ਫਿਰ ਮਾਰ ਕੁਟਾਈ ਨਾਲ ਜਾਂ ਆੜ੍ਹਤੀਆਂ ਤੋਂ ਫੜ ਕੇ ਲੈ ਜਾਂਦੇ ਹਨ ਜਾਂ ਹੋਸਟਲਾਂ ਵਿਚ ਝੂਠੇ ਖਰਚੇ ਦੇ ਕਾਰਨ ਦੱਸ ਕੇ ਮਾਪਿਆਂ ਤੋਂ ਪੈਸੇ ਠੱਗਦੇ ਹਨ ਤੇ ਆਪਣੀ ਨਸ਼ੇ ਦੀ ਲਤ ਨੂੰ ਪੂਰਾ ਕਰਦੇ ਹਨ।

ਹੌਲੀ ਹੌਲੀ ਇਹ ਲੋਕ ਇੰਨੇ ਜ਼ਿਆਦਾ ਨਸ਼ੇ ਦੇ ਆਦੀ ਹੋ ਜਾਂਦੇ ਹਨ ਕਿ ਆਪਣੇ ਸਰੀਰ ਦਾ ਕੋਈ ਵੀ ਅੰਗ ਵੇਚਣ ਤੋਂ ਵੀ ਗੁਰੇਜ਼ ਨਹੀਂ ਕਰਦੇ, ਕਈ ਤਾਂ ਆਪਣਾ ਖੂਨ ਵੀ ਵੇਚਦੇ ਦੇਖੇ ਜਾਂਦੇ ਹਨ ਤੇ ਕਿਡਨੀ ਤੱਕ ਵੀ ਵੇਚ ਦਿੰਦੇ ਹਨ ਅਤੇ ਨਸ਼ੇ ਦੀ ਲਤ ਨੂੰ ਪੂਰਾ ਕਰਦੇ ਹਨ। ਫਿਰ ਉਨ੍ਹਾਂ ਲਈ ਕੋਈ ਵੀ ਰਿਸ਼ਤਾਂ ਅਹਿਮੀਅਤ ਨਹੀਂ ਰੱਖਦਾ। ਸਭ ਰਿਸ਼ਤੇ ਹੀ ਨਸ਼ਿਆਂ ਦੀ ਭੇਟ ਚੜ ਜਾਂਦੇ ਹਨ। ਮਾਂ ਬਾਪ ਦਾ ਰੋਣਾ, ਕਰਲਾਉਣਾ ਬੇ-ਅਰਥ ਹੋ ਜਾਂਦਾ ਹੈ ਤੇ ਉਹ ਸਾਰੀ ਜਮੀਨ ਜ਼ਾਇਦਾਦ ਵੇਚ ਕੇ ਵਿਹਲੇ ਹੋ ਜਾਂਦੇ ਹਨ। ਮਾਪਿਆਂ ਨੂੰ ਇਸ ਦੀ ਖਬਰ ਵੀ ਨਹੀਂ ਹੁੰਦੀ।

ਕੁੜੀਆਂ ਵੀ ਨਸ਼ੇ ਦੇ ਖੇਤਰ ਵਿਚ ਮੋਹਰੀ ਹਨ। ਉਹ ਵੀ ਕਾਲਜਾਂ, ਯੂਨੀਵਰਸਿਟੀਆਂ ਵਿਚ ਆਮ ਨਸ਼ੇ ਕਰਦੀਆਂ ਹਨ। ਮਾਂ ਬਾਪ ਨੂੰ ਪਤਾ ਵੀ ਨਹੀਂ ਹੁੰਦਾ ਕਿ ਕੀ ਹੋ ਰਿਹਾ ਹੈ? ਉਹ ਆਪਣੇ ਮਾਪਿਆਂ ਦੇ ਲੋੜੋਂ ਜ਼ਿਆਦਾ ਲਾਡ ਪਿਆਰ ਦਾ ਗਲਤ ਫਾਇਦਾ ਉਠਾ ਕੇ ਵੱਧ ਤੋਂ ਵੱਧ ਪੈਸੇ ਘਰਦਿਆਂ ਤੋਂ ਮਿਲਣ ਕਰਕੇ ਆਪਣੀ ਮਰਜ਼ੀ ਨਾਲ ਖਰਚ ਕਰਦੀਆਂ ਹਨ। ਫੋਕੀ ਹੈਂਕੜਬਾਜ਼ੀ ਨਾਲ ਦੀਆਂ ਸਾਥਣਾਂ ਤੇ ਆਪਣੀ ਅਮੀਰੀ ਦਾ ਰੋਅਬ ਪਾਉਂਦੀਆਂ ਹਨ ਅਤੇ ਵੱਡੇ ਘਰਾਂ ਦੀ ਵਿਗੜੀ ਹੋਈ ਔਲਾਦ ਕਹਾਉਣ ਵਿਚ ਆਪਣੀ ਸ਼ਾਨ ਮਹਿਸੂਸ ਕਰਦੀਆਂ ਹਨ। ਜ਼ਿਆਦਾ ਖੁੱਲੇ ਵਿਚਾਰਾਂ ਕਰਕੇ ਕਈ ਵਾਰ ਆਪਣੇ ਮਰਦ ਸਾਥੀਆਂ ਹੱਥੋਂ ਹੀ ਆਪਣੀ ਇੱਜਤ ਤਾਰ ਤਾਰ ਕਰਵਾ ਬੈਠਦੀਆਂ ਹਨ।

ਨਸ਼ੇ ਦੀ ਹਾਲਤ ਵਿਚ ਕਿਸੇ ਵੀ ਤਰ੍ਹਾ ਦੀਆਂ ਗੈਰ ਕੁਦਰਤੀ ਹਰਕਤਾਂ ਦਾ ਉਨ੍ਹਾਂ ਨੂੰ ਅਹਿਸਾਸ ਤੱਕ ਵੀ ਨਹੀਂ ਹੁੰਦਾ। ਨਸ਼ੇ ਕਰਨਾ ਕੋਈ ਵੀ ਚੰਗਾ ਕੰਮ ਨਹੀਂ ਅਤੇ ਨਾ ਹੀ ਮਜ਼ਬੂਤ ‘ਜਿਗਰੇ’ ਤੇ ਮਰਦ ਪੁਣੇ ਦੀ ਨਿਸ਼ਾਨੀ ਹੈ। ਇਹ ਇਕ ਬਹੁਤ ਹੀ ਬੁਰੀ ਅਤੇ ਲਾਇਲਾਜ਼ ਬਿਮਾਰੀ ਹੈ। ਨਸ਼ੇ ਕਰਨਾ ਕੋਈ ਭੂਤ ਚੜੇਲ ਚਿੰਬੜਣ ਦੀ ਬਿਮਾਰੀ ਨਹੀਂ। ਇਸ ਵਿਚ ਤਾਂ ਸਿਰਫ ‘ਕਰਕੇ ਦੇਖਣ’ ਦੀ ਭਾਵਨਾ ਹੁੰਦੀ ਹੈ। ਕਈ ਵਿਅਕਤੀ ਤਾਂ ਸਿਰਫ ਇਸੇ ਕਰਕੇ ਹੀ ਨਸ਼ਾ ਕਰਦੇ ਹਨ ਕਿ ਨਸ਼ਾ ਕਰਕੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ?

ਇਸ ਜਗ੍ਹਾ ‘ਤੇ ਇਹ ਗੱਲ ਸਪੱਸ਼ਟ ਕਰਨੀ ਹੀ ਬਣਦੀ ਹੈ ਕਿ ਨਸ਼ੇ ਦੇ ਪ੍ਰਭਾਵ ਦਾ ਪਤਾ ਹਰੇਕ ਵਿਅਕਤੀ ਨਹੀਂ ਲਾ ਸਕਦਾ, ਜਿਸ ਵਿਅਕਤੀ ਨੇ ਕਦੇ ਨਸ਼ਾ ਕੀਤਾ ਹੀ ਨਹੀਂ, ਉਸ ਨੂੰ ਕਦੇ ਵੀ ਇਹ ਪਤਾ ਨਹੀਂ ਲੱਗ ਸਕਦਾ ਕਿ ਨਸ਼ਾ ਕਰਕੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ? ਜਿੰਨੀ ਦੇਰ ਤੱਕ ਕੋਈ ਮਾਰਗ ਦਰਸ਼ਨ ਕਰਨ ਵਾਲਾ ਨਾ ਮਿਲੇ, ਫਿਰ ਉਸ ਦੁਆਰਾ ਦੱਸੇ ਮਾਰਗ ਅਨੁਸਾਰ ਕਿ ‘ਯਾਰ ਨਸ਼ਾ ਕਰਕੇ ਐਵੇਂ ਲੱਗਦਾ, ਜਿਉਂ ਲੱਗਦਾ” ਇਹ ਉਸ ਦੀ ਮਰਜ਼ੀ ਹੁੰਦੀ ਹੈ ਕਿ ਉਸ ਨੇ ਕਿੰਨੇ ਕੁ ਜਹਾਜ ਉਡਾ ਉਡਾ ਕੇ ਦੱਸਣਾ ਹੁੰਦਾ ਹੈ ਤੇ ਨਸ਼ੇ ਪ੍ਰਤੀ ਸਾਹਮਣੇ ਵਾਲੇ ਵਿਅਕਤੀ ਨੂੰ ਅਕਾਰਸ਼ਿਤ ਕਰਨਾ ਹੁੰਦਾ ਹੈ ਕਿ ਉਹ ਵੀ ਉਸ ਦਾ ਸਾਥੀ ਬਣ ਜਾਵੇ ਤਾਂ ਜੋ ਉਹ ਰਲ ਮਿਲ ਕੇ ਆਪਣਾ ਜੁਗਾੜ ਲਗਾ ਲਿਆ ਕਰਨ।

ਕਈ ਵਾਰ ਤਾਂ ਘਰਾਂ ਦੀ ਲੋੜੋਂ ਵੱਧ ਜਮੀਨ ਜਾਇਦਾਦ, ਜਿੱਦ, ਸ਼ਰੀਕੇਬਾਜੀ ਤੇ ਕਿਸੇ ਨਾਲ ਦੁਸ਼ਮਣੀ ਜਿਹੇ ਮਸਲੇ ਵੀ ਅੱਗੇ ਆ ਜਾਂਦੇ ਹਨ ਤੇ ਲੋਕ ਉਸ ਘਰ ਦੇ ਬੱਚਿਆਂ ਦੀ ਜਵਾਨੀ ਰੋਲਣ ਤੇ ਉਸ ਖਾਨਦਾਨੀ ਨੂੰ ਮਿੱਟੀ ਵਿਚ ਮਿਲਾਉਣ ਦੀ ਸਹੁੰ ਹੀ ਖਾ ਲੈਂਦੇ ਹਨ ਤੇ ਉੱਚਾ ਖਾਨਦਾਨ ਤਬਾਹ ਕਰਕੇ ਹੀ ਰਹਿੰਦੇ ਹਨ ਤੇ ਉਹ ਪਰਿਵਾਰ ਸੜਕਾਂ ਉਪਰ ਰੁਲ ਕੇ ਗੁਜ਼ਰ ਬਸ਼ਰ ਕਰਦੇ ਹਨ। ਮਾਂ ਬਾਪ ਦਾ ਲੋੜ ਤੋਂ ਜ਼ਿਆਦਾ ਬੱਚਿਆਂ ਨੂੰ ਝਿੜਕਣਾ, ਝੰਬਣਾ, ਲੋੜ ਤੋਂ ਜ਼ਿਆਦਾ ਪਾਬੰਦੀਆਂ ਬੱਚਿਆਂ ਨੂੰ ਨਸ਼ਿਆਂ ਵੱਲ ਪ੍ਰੇਰਿਤ ਕਰਦੇ ਹਨ। ਲੋੜ ਹੈ ਕਿ ਗੁਬਾਰੇ ਵਿਚ ਹਵਾ ਉਨੀ ਹੀ ਭਰੀ ਜਾਵੇ ਜਿੰਨੀ ਉਸ ਦੀ ਸਮਰੱਥਾ ਹੈ ਨਹੀਂ ਤਾਂ ਜ਼ਿਆਦਾ ਹਵਾ ਭਰਨ ਕਾਰਨ, ਦਬਾਓ ਵੱਧ ਹੋ ਜਾਣ ਕਰਕੇ ਇਹ ਫਟ ਵੀ ਸਕਦਾ ਹੈ ਤੇ ਅਕਸਰ ਫਟ ਹੀ ਜਾਂਦਾ ਹੈ।

ਇਹੀਂ ਕਾਰਨ ਹੀ ਬੱਚਿਆਂ ਦੀ ਬਗਾਵਤ ਦਾ ਸਿੱਟਾ ਹੋ ਨਿੱਬੜਦਾ ਹੈ ਤੇ ਬੱਚਿਆਂ ਦੇ ਮਾਪੇ ਸੋਚਦੇ ਹਨ ਕਿ ਬੱਚੇ ਉਨ੍ਹਾਂ ਦੇ ਹੱਥੋਂ ਨਿਕਲ ਰਹੇ ਹਨ। ਜਦੋਂ ਕਿ ਉਹ ਪੂਰੀ ਤਰ੍ਹਾਂ ਉਨ੍ਹਾਂ ਦੇ ਹੱਥੋਂ ਨਿਕਲ ਚੁੱਕੇ ਹੁੰਦੇ ਹਨ। ਉਨ੍ਹਾਂ ਦੇ ਰਹਿਣ ਸਹਿਣ ਦਾ ਢੰਗ ਹੀ ਬਦਲ ਜਾਂਦਾ ਹੈ ਤੇ ਉਹ ਬੇਪਰਵਾਹ ਜਿਹੇ ਰਹਿਣ ਲੱਗ ਜਾਂਦੇ ਹਨ। ਨਿੱਤ ਨਵੇਂ ਨਵੇਂ ਸਲੂਨਾਂ ਦੇ ਚੱਕਰ, ਪੁੱਠੇ ਸਿੱਧੇ ਹੇਅਰ ਸਟਾਈਲ, ਨਵੇਂ ਨਵੇਂ ਦਾੜੀ ਕੱਟ, ਸਰੀਰ ਉਪਰ ਟੈਟੂ, ਉੱਚੀ ਜਿਹੀ ਪੈਂਟ (ਕੈਪਰੀ) ਗਿੱਟੇ ਉਪਰ ਕਾਲਾ ਜਿਹਾ ਧਾਗਾ ਬੰਨ ਕੇ, ਵਾਲਾਂ ਉਪਰ ਜੈੱਲ ਲਗਾ ਕੇ ਕੁੰਡਿਆਂ (ਕੈਕਟਸ) ਤਰ੍ਹਾ ਖੜੇ ਕੀਤੇ ਵਾਲ, ਅੱਧੀਆਂ ਖੁੱਲੀਆਂ ਅੱਖਾਂ, ਸੁੱਤਾ ਦਿਮਾਗ, ਹਰ ਸਮੇਂ ਧਰਤੀ ਤੋਂ ਗਿੱਠ ਉੱਚੇ ਪੈਰ ਵੱਡੇ ਵੱਡੇ ਸੁਪਨੇ ਲਾ-ਪਰਵਾਹੀਆਂ ਇਹ ਲੱਛਣ ਦੂਰੋਂ ਹੀ ਦਿੱਸਣ ਲੱਗ ਜਾਂਦੇ ਹਨ।

ਸਕੂਲਾਂ, ਕਾਲਜ਼ਾਂ ਵਿਚ ਜਾ ਕੇ ਵੀ ਵਿਦਿਆਰਥੀ ਅਧਿਆਪਕਾਂ ਦਾ ਸਤਿਕਾਰ ਨਹੀਂ ਕਰਦੇ। ਅਧਿਆਪਕ ਦਾ ਤਾਂ ਇਨ੍ਹਾਂ ਨੂੰ ਪਤਾ ਵੀ ਨਹੀਂ ਲੱਗਦਾ। ਬੱਸ ਸਾਰਾ ਦਿਨ ਕੰਧਾਂ ਉਪਰ ਦੋਨੋਂ ਪਾਸੇ ਲੱਤਾਂ ਕਰਕੇ ਮੋਬਾਈਲ ਤੇ ਗੱਲਬਾਤ ਕਰਦੇ ਹੀ ਨਜ਼ਰ ਆਉਂਦੇ ਹਨ ਅਤੇ ਪਤਾ ਨਹੀਂ ਕਿਹੜੀ ਹੀਰ ਛੋਹਦੇ ਹਨ ਫਿਰ ਦੋ ਦੋ ਘੰਟੇ ਫੋਨ ਉਪਰ ਹੀ ਲੱਗੇ ਰਹਿੰਦੇ ਹਨ ਦੂਜੇ ਪਾਸੇ ਵਾਲਾਂ ਵੀ ਪਤਾ ਨਹੀਂ ਕਿੰਨਾ ਕੁ ਵਿਹਲਾ ਹੁੰਦਾ ਹੈ ਜੋ ਇਨ੍ਹਾਂ ਦੁਆਰਾ ਅੱਧ ਸੁੱਤੇ ਜਿਹੇ ਕੀਤੀ ਗੱਲਬਾਤ ਸੁਣਦਾ ਤੇ ਸਮਝਦਾ ਹੈ। ਮਾਂ ਬਾਪ ਇਨ੍ਹਾਂ ਨੂੰ ਸਕੂਲ ਕਾਲਜ਼ ਛੱਡ ਜਾਂਦੇ ਹਨ। ਆਪ ਪੰਜ ਛੇ ਘੰਟੇ ਨਿਸਚਿਤ ਹੋ ਜਾਂਦੇ ਹਨ ਕਿ ਹੁਣ ਕੋਈ ਘਰ ਦਾ ਕੰਮ ਵੀ ਕਰ ਲਿਆ ਜਾਵੇ।

ਪਰ ਸਕੂਲਾਂ, ਕਾਲਜ਼ਾਂ ਦੇ ਅਧਿਆਪਕਾਂ ਦੀ ਜਾਨ ਤੇ ਹਰ ਸਮੇਂ ਬਣੀ ਰਹਿੰਦੀ ਹੈ ਕਿ ਕਿਤੇ ਸੜਕ ਪਾਰ ਕਰਦੇ ਸਮੇਂ ਇਹ ਕਿਸੇ ਦੁਰਘਟਨਾ ਦਾ ਸ਼ਿਕਾਰ ਹੀ ਨਾ ਹੋ ਜਾਣ। ਨਸ਼ਾ ਇਸ ਤਰ੍ਹਾਂ ਇਨ੍ਹਾਂ ਦੇ ਸਿਰ ਚੜਿਆ ਹੁੰਦਾ ਹੈ ਕਿ ਇਨ੍ਹਾਂ ਨੂੰ ਖੁਦ ਨੂੰ ਵੀ ਪਤਾ ਨਹੀਂ ਹੁੰਦਾ ਕਿ ਇਹ ਕੀ ਕਰ ਰਹੇ ਹਨ? ਕਿਸੇ ਨੂੰ ਬੁਲਾਉਣਾ ਤਾਂ ਦੂਰ ਦੀ ਗੱਲ ਆਪਣਾ ਵੀ ਪਤਾ ਨਹੀਂ ਹੁੰਦਾ ਕਿ ਇਹ ਕਿਥੇ ਹਨ ਤੇ ਕੀ ਗੱਲਾਂ ਕਰ ਰਹੇ ਹਨ? ਕੋਈ ਸ਼ਰਮ ਲਿਹਾਜ਼ ਨਾ ਦੀ ਤਾਂ ਕੋਈ ਚੀਜ਼ ਨਹੀਂ ਹੁੰਦੀ? ਛੁੱਟੀ ਸਮੇਂ ਮਾਪੇ ਆਉਂਦੇ ਹਨ ਤੇ ਇਨ੍ਹਾਂ ਨੂੰ ਜਬਰਦਸਤੀ ਕਾਰਾਂ ਵਿਚ ਸੁੱਟ ਕੇ ਘਰ ਲੈ ਜਾਂਦੇ ਹਨ।

ਹੁਣ ਜੋ ਸਭ ਤੋਂ ਜ਼ਿਆਦਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਕਿ ਮੁੰਡੇ ਪਹਿਲੋਂ ਹੀ ਨਸ਼ਾ ਕਰਦੇ ਸਨ, ਪਰ ਹੁਣ ਅਜਿਹਾ ਕੀ ਹੋ ਗਿਆ ਹੈ ਕਿ ਸਰਕਾਰਾਂ ਨੂੰ ਵੱਖਰੇ ਲੜਕੀਆਂ ਲਈ ਵੀ ਨਸ਼ਾ ਛੁਡਾਓ ਕੇਂਦਰ ਖੋਲਣੇ ਪੈ ਰਹੇ ਹਨ। ਕੀ ਲੜਕੀਆਂ ਵੀ ਇਨੀਂ ਵੱਡੀ ਗਿਣਤੀ ਵਿਚ ਨਸ਼ੇ ਦਾ ਸ਼ਿਕਾਰ ਹੋ ਗਈਆਂ ਹਨ ਕਿ ਪਹਿਲਾਂ ਸਥਾਪਤ ਕੇਂਦਰਾਂ ਵਿਚ ਇਲਾਜ਼ ਸੰਭਵ ਨਾ ਹੋ ਕੇ ਨਵੇਂ ਤੇ ਵਧੇਰੇ ਗਿਣਤੀ ਵਿਚ ਨਸ਼ਾ ਛੁਡਾਓ ਕੇਂਦਰ ਸਥਾਪਤ ਕਰਨ ਦੀਆਂ ਤਜਵੀਜਾਂ ਹੋ ਰਹੀਆਂ ਹਨ। ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਲੜਕੀਆਂ ਸੋਚਦੀਆਂ ਹਨ ਕਿ ਜੇਕਰ ਹਰ ਖੇਤਰ ਵਿਚ ਲੜਕਿਆਂ ਦੇ ਬਰਾਬਰ ਹਨ ਤਾਂ ਇਸ ਖੇਤਰ ਵਿਚ ਪਿਛੇ ਕਿਉਂ ਰਹਿਣ।

ਕਈ ਲੜਕੀਆਂ ਆਪਣੇ ਆਪ ਨੂੰ ਮੁੰਡਿਆਂ ਦੇ ਵਾਂਗ ਹੀ ਸਮਝਦੀਆਂ ਹਨ ਤੇ ਉਨ੍ਹਾਂ ਦੇ ਵਾਂਗ ਹੀ ਆਪਣੇ ਆਪ ਨੂੰ ਆਜ਼ਾਦ ਖਿਆਲੀ ਜੋ ਦਿਲ ਚਾਹੇ ਕਰਨ ਵਿਚ ਵਿਸਵਾਸ਼ ਰੱਖਦੀਆਂ ਹਨ। ਮੀਡੀਆ ਤੇ ਵਾਇਰਲ ਹੋਈਆਂ ਫੋਟੋਆਂ ਤੇ ਵੀਡੀਓਜ਼ ਇਸ ਦਾ ਮੁੱਖ ਸਬੂਤ ਹਨ। ਇਹ ਘਰਦਿਆਂ ਦੀ ਵੀ ਨਹੀਂ ਸੁਣਦੀਆਂ ਤੇ ਨਸ਼ੇ ਦੀ ਹਾਲਤ ਵਿਚ ਆਪਣੀ ਸੁੱਧ ਬੁੱਧ ਹੀ ਗਵਾ ਦਿੰਦੀਆਂ ਹਨ। ਜੇਕਰ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਸਭ ਤੋਂ ਪਹਿਲੋਂ ਪੰਜਾਬ ਨੂੰ ਬਚਾਉਣਾ ਹੋਵੇਗਾ। ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੋਵੇਗਾ। ਇਸ ਨੂੰ ਨਸ਼ਾ ਰਹਿਤ ਕਰਨਾ ਹੋਵੇਗਾ।

ਇਸ ਦੇ ਲਈ ਸਾਨੂੰ ਨੌਜ਼ਵਾਨ ਬੱਚਿਆਂ ਨੂੰ ਮਾਨਸਿਕਤਾ ਨੂੰ ਸਮਝਣਾ ਪਵੇਗਾ ਕਿ ਬੱਚੇ ਤੇ ਨੌਜ਼ਵਾਨ ਵਿਅਕਤੀ ਅਸਲ ਵਿਚ ਚਾਹੁੰਦੇ ਕੀ ਹਨ? ਲੋੜ ਤੋਂ ਜ਼ਿਆਦਾ ਢਿੱਲ, ਸਖ਼ਤੀ ਅਤੇ ਪੈਸਾ ਬੱਚੇ ਦੀ ਜਿੰਦਗੀ ਨੂੰ ਬਰਬਾਦ ਕਰ ਦਿੰਦੇ ਹਨ। ਲੋੜ ਹੈ ਬੱਚਿਆਂ ਨੂੰ ਸਮਝਣ ਦੀ, ਉਨ੍ਹਾਂ ਨਾਲ ਭਾਵਨਾਤਮਿਕ ਤੌਰ ਤੇ ਜੁੜਣ ਦੀ, ਮਾਂ ਬਾਪ ਨੂੰ ਵੀ ਬੱਚਿਆਂ ਦੇ ਹਿਸਾਬ ਨਾਲ ਹੀ ਆਪਣੇ ਵਿਅਕਤੀਤਵ ਅਤੇ ਸੁਭਾਅ ਵਿਚ ਤਬਦੀਲੀਆਂ ਲਿਆਉਣੀਆਂ ਚਾਹੀਦੀਆਂ ਹਨ ਤਾਂ ਜੋ ਬੱਚੇ ਆਪਣੇ ਮਾਤਾ ਪਿਤਾ ਤੋਂ ਡਰਨ ਨਾ।

ਹਰ ਇਕ ਗੱਲ ਸੁਭਾਵਿਕ ਹੀ ਪੁੱਛ ਲੈਣ ਤੇ ਆਪਣੀਆਂ ਸਮੱਸਿਆਵਾਂ ਦਾ ਹੱਲ ਵੀ ਮਾਂ ਬਾਪ ਤੋਂ ਲੈਣ, ਉਨ੍ਹਾਂ ਨੂੰ ਆਪਣੀ ਜਿੰਦਗੀ ਵਿਚ ਮਾਂ ਬਾਪ ਅਤੇ ਅਧਿਆਪਕ ਤੋਂ ਬਿਨ੍ਹਾਂ ਕਿਸੇ ਹੋਰ ਕੋਲ ਜਾਣ ਦੀ ਜਰੂਰਤ ਹੀ ਨਾ ਪਵੇ। ਉਨ੍ਹਾਂ ਦੀਆਂ ਅੱਲੜ ਉਮਰ ਦੀਆਂ ਰੀਝਾਂ ਪ੍ਰੀਤਾਂ ਉਨ੍ਹਾਂ ਦੇ ਮਾਪੇ ਦੋਸਤ ਬਣ ਕੇ ਪੂਰੀਆਂ ਕਰਨ, ਉਨ੍ਹਾਂ ਨੂੰ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਦੀ ਖੁੱਲ ਦੇਣ। ਸੋਚਣ ਦੀ ਖੁੱਲ, ਕੰਮ ਕਰਨ ਦੀ ਖੁੱਲ ਦੇਣ, ਆਪਣੇ ਅੰਦਰ ਆ ਰਹੀਆਂ ਤਬਦੀਲੀਆਂ ਨੂੰ ਸਵੀਕਾਰ ਕਰਨ ਦੀ, ਚੰਗੇ ਵਿਅਕਤੀਤਵ ਨੂੰ ਅਪਣਾਉਨ ਦੀ ਖੁੱਲ ਦੇਣ ਤੇ ਉਨ੍ਹਾਂ ਨੂੰ ਆਪਣੇ ਵਿਸਵਾਸ਼ ਵਿਚ ਲੈ ਕੇ ਉਨ੍ਹਾਂ ਅੰਦਰ ਆਤਮ ਵਿਸਵਾਸ਼ ਪੈਦਾ ਕਰਨ।

ਇਹ ਸਭ ਸਿਰਫ ਉਨ੍ਹਾਂ ਬੱਚਿਆਂ ਨੌਜ਼ਵਾਨਾਂ ਲਈ ਹੀ ਨਹੀਂ, ਜੋ ਅੱਲੜ ਉਮਰ ਵਿਚੋਂ ਨਿਕਲ ਰਹੇ ਹਨ ਤੇ ਨਸ਼ੇ ਤੋਂ ਕੋਹਾ ਦੂਰ ਹਨ। ਸਗੋਂ ਉਨ੍ਹਾਂ ਬੱਚਿਆਂ ਅਤੇ ਨੌਜ਼ਵਾਨਾਂ ਲਈ ਵੀ ਹੈ ਜੋ ਬੁਰੀ ਤਰਾ ਨਸ਼ੇ ਦੀ ਲਪੇਟ ਵਿਚ ਆਏ ਹੋਏ ਹਨ। ਉਨ੍ਹਾਂ ਨੂੰ ਵੀ ਸਮਾਜ ਨੂੰ, ਮਾਂ ਬਾਪ ਨੂੰ ਆਪਣੇ ਗਲ ਨਾਲ ਲਗਾਉਣਾ ਚਾਹੀਦਾ ਹੈ। ਮਾਂ ਬਾਪ ਨੂੰ ਉਨ੍ਹਾਂ ਨੂੰ ਵੀ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਦੂਰ ਕਾਰਨਾਂ ਨਹੀਂ ਚਾਹੀਦਾ। ਉਨ੍ਹਾਂ ਨੂੰ ਵੀ ਸਨਮਾਣ ਦੇਣਾ ਚਾਹੀਦਾ।

ਇਕ ਵਾਰ ਉਨ੍ਹਾਂ ਨੂੰ ਦਿਲੋ ਤਾਂ ਕਹਿ ਕੇ ਦੇਖਣਾ ਚਾਹੀਦਾ ਹੈ ਕਿ ਸਾਡੀਆਂ ਬਹੁਤ ਉਮੀਦਾਂ ਹਨ ਤੁਹਾਡੇ ਤੋਂ… ਫਿਰ ਦੇਖਣਾ ਕਿਸ ਤਰ੍ਹਾ ਉਹ ਆਪਣੇ ਆਪ ਨੂੰ ਨਸ਼ੇ ਦੀ ਦਲਦਲ ਵਿਚੋਂ ਬਾਹਰ ਕੱਢ ਨਿਕਲਣ ਲਈ ਆਪਣਾ ਵੀ ਆਤਮ ਵਿਸਵਾਸ਼ ਜਗ੍ਹਾ ਲੈਣਗੇ ਤੇ ਆਪ ਵੀ ਕੋਸ਼ਿਸ਼ ਕਰਨਗੇ.. ਉਨ੍ਹਾਂ ਨੂੰ ਨਸ਼ਾ ਛੁਡਾਓ ਕੇਂਦਰਾਂ ਦੇ ਨਾਲ ਨਾਲ ਮਨੋਵਿਗਿਆਨਕ ਡਾਕਟਰਾਂ ਨੂੰ ਵੀ ਮਿਲਵਾਉਣਾ ਚਾਹੀਦਾ ਹੈ। ਅੰਤ ਵਿਚ ਇਹੀ ਸਿੱਟਾ ਨਿਕਲਦਾ ਹੈ ਕਿ ਜੇਕਰ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤਾਂ ਸਾਨੂੰ ਪੰਜਾਬ ਦੀ ਜਵਾਨੀ ਦੇ ਬਾਗ ਦੇ ਮਾਲੀ ਬਣਨਾ ਪਵੇਗਾ। ਸਾਨੂੰ ਕਾਂਟ ਸ਼ਾਂਟ ਕਰਨੀ ਪਵੇਗੀ। ਪਰ ਇਹ ਸਭ ਉਨ੍ਹਾਂ ਨੂੰ ਵਿਸਵਾਸ਼ ਵਿਚ ਲੈ ਕੇ ਹੀ ਕਰਨਾ ਪਵੇਗਾ।

ਖੇਡਾਂ ਦਾ ਵਿਕਾਸ ਕਰਨਾ ਪਵੇਗਾ, ਕੁਪੋਸ਼ਣ ਨੂੰ ਦੂਰ ਕਰਨਾ ਪਵੇਗਾ, ਨੈਤਿਕ ਕਰਦਾਂ ਕੀਮਤਾਂ ਨੂੰ ਨੌਜ਼ਵਾਨਾਂ ਤੱਕ ਪਹੁੰਚਾਉਣਾ ਪਵੇਗਾ। ਇਸ ਤੋਂ ਪਹਿਲੋਂ ਕਿ ਸਾਡੇ ਗਿਆਨ ਦੇ ਭੰਡਾਰ ਕਿਤਾਬਾਂ, ਲਾਇਬਰੇਰੀਆਂ ਵਿਚ ਪਏ ਪਏ ਪੰਜਾਬ ਦੀ ਜਵਾਨੀ ਵਾਂਗ ‘ਸਿਊਕ’ ਦੀ ਭੇਟ ਚੜ ਜਾਣ। ਚੰਗੇ ਚਰਿੱਤਰ ਨਿਰਮਾਣ ਲਈ ਉਘੇ ਵਿਅਕਤੀਆਂ ਦੀਆਂ ਜੀਵਨੀਆਂ ਇਨ੍ਹਾਂ ਨੂੰ ਪੜ੍ਹਣ ਲਈ ਮੁਹੱਈਆਂ ਕਰਵਾਉਣੀਆਂ ਹੋਣਗੀਆਂ ਅਤੇ ਚੰਗੇ ਲੇਖਕਾਂ ਨੂੰ ਨੌਜ਼ਵਾਨਾਂ ਲਈ ਚੰਗਾ ਸਾਹਿਤ ਲਿਖਣ ਲਈ ਲੇਖਕਾਂ ਦਾ ਹੌਂਸਲਾ ਵਧਾ ਕੇ ਪ੍ਰੇਰਿਤ ਕਰਨਾ ਹੋਵੇਗਾ। (ਸਮਾਪਤ)

ਲੇਖਿਕਾ: ਪਰਮਜੀਤ ਕੌਰ ਸਿੱਧੂ
ਮੋਬਾਈਲ: 98148-90905

Related posts

ਪਾਪੀਆਂ ਨੂੰ ਮਿਲਦੈ ਕੀ ਏ, ਬੱਚੀਆਂ ‘ਤੇ ਤੇਜ਼ਾਬ ਸੁੱਟਿਆ.?

Pritpal Kaur

ਸਿਰਫਿਰੇ ਨੇ ਅਦਾਕਾਰਾ ਨੂੰ ਬੰਦੂਕ ਦੇ ਜ਼ੋਰ ਕੀਤਾ ਅਗਵਾ, ਐਸਪੀ ‘ਤੇ ਚਲਾਈ ਗੋਲੀ

On Punjab

ਕੀ ਲਿਖਾਂ ਮੈ ਮਾਂ ਤੇਰੇ ਬਾਰੇ

Pritpal Kaur