PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬ ‘ਟਰੱਕ’ ਨਹੀਂ ਜਿਸ ਨੂੰ ਕੋਈ ਵੀ ਚਲਾਉਣ ਲੱਗ ਪਵੇ: ਭਗਵੰਤ ਮਾਨ

ਨਵੀਂ ਦਿੱਲੀ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕਰਕੇ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਵੱਲੋਂ ਭਾਜਪਾ ਵਿੱਚ ਸ਼ਾਮਿਲ ਹੋਣ ਨੂੰ ‘ਗੈਰ-ਸੰਵਿਧਾਨਕ’ ਕਰਾਰ ਦਿੱਤਾ। ਰਾਸ਼ਟਰਪਤੀ ਭਵਨ ਤੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕੇਂਦਰ ਸਰਕਾਰ ’ਤੇ ਤਿੱਖੇ ਹਮਲੇ ਕੀਤੇ ਅਤੇ ਕਿਹਾ ਕਿ ਪੰਜਾਬ ਵਿੱਚ ‘ਅਪਰੇਸ਼ਨ ਲੋਟਸ’ ਵਰਗੀਆਂ ਘਟੀਆ ਚਾਲਾਂ ਕਦੇ ਕਾਮਯਾਬ ਨਹੀਂ ਹੋਣਗੀਆਂ। ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜਿਨ੍ਹਾਂ ਮੈਂਬਰਾਂ ਨੇ ਪਾਰਟੀ ਨਾਲ ਗ਼ਦਦਾਰੀ ਕੀਤੀ ਹੈ, ਉਨ੍ਹਾਂ ਦੀ ਮੈਂਬਰੀ ਤੁਰੰਤ ਰੱਦ ਹੋਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਈਡੀ (ED) ਅਤੇ ਸੀਬੀਆਈ (CBI) ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਕਰਕੇ ਚੁਣੀਆਂ ਹੋਈਆਂ ਸਰਕਾਰਾਂ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਭਾਜਪਾ ਦੇ ‘ਅਗਲਾ ਨਿਸ਼ਾਨਾ ਪੰਜਾਬ’ ਵਾਲੇ ਬਿਆਨ ’ਤੇ ਪਲਟਵਾਰ- ਪੱਛਮੀ ਬੰਗਾਲ ਦੀ ਜਿੱਤ ਤੋਂ ਬਾਅਦ ਭਾਜਪਾ ਆਗੂਆਂ ਵੱਲੋਂ ਪੰਜਾਬ ਨੂੰ ਅਗਲਾ ਨਿਸ਼ਾਨਾ ਦੱਸਣ ਵਾਲੇ ਬਿਆਨਾਂ ’ਤੇ ਚੁਟਕੀ ਲੈਂਦਿਆਂ ਮਾਨ ਨੇ ਕਿਹਾ, “ਪੰਜਾਬ ਕੋਈ ਟਰੱਕ ਨਹੀਂ ਹੈ ਕਿ ਜਿਸ ਦੀ ਵਾਰੀ ਆਵੇਗੀ ਉਹ ਹੀ ਚਲਾਉਣ ਲੱਗ ਪਵੇਗਾ। ਇਹ ਉਹ ਸੂਬਾ ਹੈ ਜਿਸ ਨੇ ਦੇਸ਼ ’ਤੇ ਆਈ ਹਰ ਮੁਸੀਬਤ ਵੇਲੇ ਸਭ ਤੋਂ ਅੱਗੇ ਹੋ ਕੇ ਹਿੱਕ ਡਾਹੀ ਹੈ।” ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੇ ਅਜੇ ਸਿਰਫ਼ 2 ਵਿਧਾਇਕ ਹਨ ਅਤੇ ਅਗਲੀਆਂ ਚੋਣਾਂ ਵਿੱਚ ਇਹ ਗਿਣਤੀ ‘ਜ਼ੀਰੋ’ ਹੋ ਸਕਦੀ ਹੈ।

ਮਾਨ ਨੇ ਐਕਸ ’ਤੇ ਲਿਖਿਆ ਕਿ 7 ਸੰਸਦ ਮੈਂਬਰਾਂ ਦਾ ਜਾਣਾ ਲੋਕਤੰਤਰ ਦਾ ਕਤਲ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਕਦੇ ਵੀ ਗ਼ਦਦਾਰੀ ਬਰਦਾਸ਼ਤ ਨਹੀਂ ਕਰਦੇ ਅਤੇ ਉਨ੍ਹਾਂ ਦੀ ਸਰਕਾਰ ਲੋਕਾਂ ਦੇ ਫ਼ਤਵੇ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਦੀ ਰਾਖੀ ਲਈ ‘ਆਖ਼ਰੀ ਸਾਹ’ ਤੱਕ ਲੜੇਗੀ। ਜ਼ਿਕਰਯੋਗ ਹੈ ਕਿ 24 ਅਪਰੈਲ ਨੂੰ ‘ਆਪ’ ਦੇ 10 ਵਿੱਚੋਂ 7 ਰਾਜ ਸਭਾ ਮੈਂਬਰ ਰਾਘਵ ਚੱਢਾ, ਅਸ਼ੋਕ ਮਿੱਤਲ, ਸੰਦੀਪ ਪਾਠਕ, ਹਰਭਜਨ ਸਿੰਘ, ਰਾਜਿੰਦਰ ਗੁਪਤਾ, ਵਿਕਰਮਜੀਤ ਸਾਹਨੀ ਅਤੇ ਸਵਾਤੀ ਮਾਲੀਵਾਲ, ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ। ਇਨ੍ਹਾਂ ਵਿੱਚੋਂ 6 ਮੈਂਬਰ ਪੰਜਾਬ ਨਾਲ ਸਬੰਧਤ ਹਨ।

Related posts

ਅੱਜ ਅੰਮ੍ਰਿਤਸਰ ਆਉਣਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੋਣਗੇ ਨਤਮਸਤਕ, ਏਅਰਪੋਰਟ ਰੋਡ 1 ਵਜੇ ਤੱਕ ਪੂਰੀ ਤਰ੍ਹਾਂ ਰਹੇਗਾ ਬੰਦ

On Punjab

ਸ਼ੇਅਰ ਬਾਜ਼ਾਰ ਨੂੰ ਗੋਤਾ, ਨਿਵੇਸ਼ਕਾਂ ਦੇ 12.87 ਲੱਖ ਕਰੋੜ ਡੁੱਬੇ

On Punjab

ਬਰਾਕ ਓਬਾਮਾ ਨੇ ਨੇਤਨਯਾਹੂ ਨੂੰ ਦਿੱਤੀ ਧਮਕੀ, ਕਿਹਾ- ‘…ਇਹ ਕਾਰਵਾਈਆਂ ਨੁਕਸਾਨ ਪਹੁੰਚਾਉਣਗੀਆਂ’

On Punjab