PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਗਰੀਨ ਦੀਵਾਲੀ ਮਨਾ ਕੇ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਰੱਖਣ ਦਾ ਸੱਦਾ

ਪਟਿਆਲਾ-  ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਮੱਦੇਨਜ਼ਰ ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਿਆਂ ਇਸ ਵਾਰ ਵਾਤਾਵਰਨ ਪੱਖੀ ਗਰੀਨ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਅਪੀਲ ਕੀਤੀ ਕਿ ਸ਼ਹਿਰ ਦੀ ਆਬੋ-ਹਵਾ ਨੂੰ ਸ਼ੁੱਧ ਰੱਖਣ ਅਤੇ ਪ੍ਰਦੂਸ਼ਣ ਦੇ ਖ਼ਤਰੇ ਤੋਂ ਬਚਾਅ ਲਈ ਜ਼ਹਿਰੀਲਾ ਧੂੰਆਂ ਛੱਡਣ ਵਾਲੇ ਪਟਾਕਿਆਂ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ ਅਤੇ ਮਿੱਟੀ ਦੇ ਦੀਵੇ ਜਗਾ ਕੇ ਰਵਾਇਤੀ ਢੰਗ ਨਾਲ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਜਾਣ। ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਕਿਹਾ ਕਿ ਦੀਵਾਲੀ ਮੌਕੇ ਚਲਾਏ ਜਾਂਦੇ ਰਵਾਇਤੀ ਪਟਾਕਿਆਂ ਕਾਰਨ ਹਵਾ ਪ੍ਰਦੂਸ਼ਣ ਵਿੱਚ ਭਾਰੀ ਵਾਧਾ ਹੋ ਜਾਂਦਾ ਹੈ, ਜਿਸ ਦਾ ਸਭ ਤੋਂ ਮਾੜਾ ਅਸਰ ਬਜ਼ੁਰਗਾਂ, ਛੋਟੇ ਬੱਚਿਆਂ ਅਤੇ ਸਾਹ ਜਾਂ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਸਿਹਤ ’ਤੇ ਪੈਂਦਾ ਹੈ। ਇਸ ਦੇ ਨਾਲ ਹੀ ਉੱਚੀ ਆਵਾਜ਼ ਵਾਲੇ ਪਟਾਕਿਆਂ ਕਾਰਨ ਬੇਜ਼ੁਬਾਨ ਜਾਨਵਰਾਂ ਅਤੇ ਪੰਛੀਆਂ ਨੂੰ ਵੀ ਭਾਰੀ ਦਹਿਸ਼ਤ ਤੇ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇ ਪਟਾਕੇ ਚਲਾਉਣੇ ਹੀ ਹੋਣ ਤਾਂ ਸਿਰਫ਼ ਸਰਕਾਰ ਵੱਲੋਂ ਪ੍ਰਵਾਨਿਤ ਗਰੀਨ ਪਟਾਕੇ ਹੀ ਨਿਰਧਾਰਤ ਸਮਾਂ-ਸੀਮਾ ਦੌਰਾਨ ਚਲਾਏ ਜਾਣ ਤਾਂ ਜੋ ਵਾਤਾਵਰਨ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। ਉਨ੍ਹਾਂ ਸ਼ਹਿਰ ਵਾਸੀਆਂ ਅਤੇ ਸਮੂਹ ਵਪਾਰੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਸਿੰਗਲ ਯੂਜ਼ ਪਲਾਸਟਿਕ ਅਤੇ ਥਰਮੋਕੋਲ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਵੇ। ਦੁਕਾਨਾਂ ਅਤੇ ਘਰਾਂ ਵਿੱਚੋਂ ਨਿਕਲਣ ਵਾਲਾ ਕੂੜਾ ਸੜਕਾਂ, ਨਾਲੀਆਂ ਜਾਂ ਖ਼ਾਲੀ ਪਲਾਟਾਂ ਵਿੱਚ ਸੁੱਟਣ ਦੀ ਬਜਾਏ ਨਿਗਮ ਦੇ ਸਫ਼ਾਈ ਸੇਵਕਾਂ ਨੂੰ ਹੀ ਦਿੱਤਾ ਜਾਵੇ। ਉਨ੍ਹਾਂ ਸਮੂਹ ਸ਼ਹਿਰੀਆਂ ਤੋਂ ਪੂਰਨ ਸਹਿਯੋਗ ਦੀ ਮੰਗ ਕਰਦਿਆਂ ਸਵੱਛ ਦੀਵਾਲੀ, ਸੁਰੱਖਿਅਤ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ।

ਸਕਾਲਰਜ਼ ਫੀਲਡ ਦੇ ਵਿਦਿਆਰਥੀਆਂ ਨੇ ਰਵਾਇਤੀ ਉਤਸ਼ਾਹ ਦਿਖਾਇਆ਼- ਇਸੇ ਤਰ੍ਹਾਂ ਸਕਾਲਰਜ਼ ਫੀਲਡ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਦੀਵਾਲੀ ਮੌਕੇ ਸਿਰਜਣਾਤਮਕ ਗਤੀਵਿਧੀਆਂ ’ਚ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਰੰਗਾਂ ਨਾਲ ਜੁੜੇ ਵਲਵਲੇ ਸਾਂਝੇ ਕੀਤੇ। ਵਿਦਿਆਰਥੀਆਂ ਨੇ ਆਪੋ ਆਪਣੇ ਹਾਊਸ ਬੋਰਡ ਰੰਗਾਂ ਨਾਲ ਬਿਖੇਰੇ ਅਤੇ ਗਰੀਨ ਦੀਵਾਲੀ ਮਨਾਉਣ ਦਾ ਪ੍ਰਣ ਵੀ ਲਿਆ। ਰਵਾਇਤੀ ਉਤਸ਼ਾਹ ਨਾਲ ਮਾਹੌਲ ਨੇਪਰੇ ਚੜ੍ਹਿਆ। ਸਕੂਲ ਦੀ ਪਿ੍ੰਸੀਪਲ ਚੰਦਨਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੇ ਮਹੱਤਵ ਤੇ ਇਤਹਾਸ ਤੋਂ ਜਾਣੂ ਕਰਵਾਉਂਦਿਆਂ ਪ੍ਰਦੂਸ਼ਣ ਖ਼ਿਲਾਫ਼ ਤੱਤਪਰ ਰਹਿਣ ਦਾ ਸੱਦਾ ਵੀ ਦਿੱਤਾ।

Related posts

ਸ਼ੁਰੂਆਤੀ ਰੁਝਾਨਾਂ ‘ਚ ਭਾਜਪਾ ਨੂੰ ਬਹੁਮਤ, ‘ਆਪ’ 27 ਅਤੇ ਕਾਂਗਰਸ ਨੂੰ 1 ਸੀਟ

On Punjab

https://www.preetnama.com/nepal-halts-distribution-of-new-text-book-with-revised-map-incorporating-indian-areas-report/

On Punjab

ਸ੍ਰੀਲੰਕਾ ’ਚ ਭਾਰਤੀ ਨੇਵੀ ਦਾ ਜਹਾਜ਼ ‘ਰਣਵਿਜੇ’, ਅੱਜ ਤੋਂ ਤਿੰਨ ਰੋਜ਼ਾ ‘ਸਦਭਾਵਨਾ ਯਾਤਰਾ’ ਸ਼ੁਰੂ

On Punjab