42.21 F
New York, US
April 26, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬ ’ਚ ਗੈਸ ਦੀ ਆਨਲਾਈਨ ਬੁਕਿੰਗ ਠੱਪ

ਚੰਡੀਗਡ਼੍ਹ- ਗੈਸ ਸਪਲਾਈ ਦੇ ਕੌਮੀ ਸੰਕਟ ਦਰਮਿਆਨ ਪੰਜਾਬ ’ਚ ਘਰੇਲੂ ਗੈਸ ਦੀ ਆਨਲਾਈਨ ਬੁਕਿੰਗ ਠੱਪ ਹੋ ਗਈ ਹੈ। ਗੈਸ ਦੀ ਕਿੱਲਤ ਕਰ ਕੇ ਮੈਰਿਜ ਪੈਲੇਸ ਮਾਲਕ ਸਮਾਗਮਾਂ ਦੀ ਬੁਕਿੰਗ ਸ਼ਰਤਾਂ ਤਹਿਤ ਕਰਨ ਲੱਗੇ ਹਨ ਜਦੋਂ ਕਿ ਹੋਟਲ ਮਾਲਕਾਂ ਨੇ ਮੀਨੂ ’ਚੋਂ ਖਾਣੇ ਦੀਆਂ ਆਈਟਮਾਂ ਘਟਾ ਦਿੱਤੀਆਂ ਹਨ। ਪੰਜਾਬ ’ਚ ਕਰੀਬ 16 ਹਜ਼ਾਰ ਹੋਟਲ/ਰੇਸਤਰਾਂ ਤੇ ਰਿਜ਼ੌਰਟ ਅਤੇ ਕਰੀਬ ਛੇ ਹਜ਼ਾਰ ਮੈਰਿਜ ਪੈਲੇਸ ਹਨ। ਮੋਟੇ ਅੰਦਾਜ਼ੇ ਮੁਤਾਬਕ ਹੋਟਲ ’ਚ ਰੋਜ਼ਾਨਾ ਔਸਤਨ ਚਾਰ ਤੋਂ ਛੇ ਗੈਸ ਸਿਲੰਡਰਾਂ ਦੀ ਖ਼ਪਤ ਹੁੰਦੀ ਹੈ। ਇਸ ਲਿਹਾਜ਼ ਨਾਲ ਰੋਜ਼ਾਨਾ ਕਰੀਬ 64 ਹਜ਼ਾਰ ਗੈਸ ਸਿਲੰਡਰ ਇਕੱਲੀ ਹੋਟਲ ਸਨਅਤ ਲਈ ਲੋੜੀਂਦੇ ਹਨ।

ਪੱਛਮੀ ਏਸ਼ੀਆ ’ਚ ਜੰਗ ਕਰ ਕੇ ਪੈਦਾ ਹੋਏ ਗੈਸ ਸੰਕਟ ਨੇ ਸਮੁੱਚੇ ਪੰਜਾਬ ਨੂੰ ਪ੍ਰਭਾਵਿਤ ਕੀਤਾ ਹੈ। ਕੰਪਨੀਆਂ ਦਾ ਪਿਛਲੇ 36 ਘੰਟਿਆਂ ਤੋਂ ਸਰਵਰ ਬੰਦ ਹੋਣ ਕਰ ਕੇ ਘਰੇਲੂ ਗੈਸ ਦੀ ਆਨਲਾਈਨ ਬੁਕਿੰਗ ਬੰਦ ਹੈ। ਗੈਸ ਏਜੰਸੀ ਡੀਲਰਾਂ ਦੀ ਐਸੋਸੀਏਸ਼ਨ ਨੇ ਅੱਜ ਉੱਚ ਅਥਾਰਿਟੀਜ਼ ਤੱਕ ਪਹੁੰਚ ਬਣਾਈ ਹੈ। ਫੈਡਰੇਸ਼ਨ ਆਫ ਐੱਲ ਪੀ ਜੀ ਡ੍ਰਿਸਟਰੀਬਿਊਟਰਜ਼ ਆਫ਼ ਪੰਜਾਬ ਦੇ ਪ੍ਰਧਾਨ ਗੁਰਪਾਲ ਸਿੰਘ ਮਾਨ ਨੇ ਦੱਸਿਆ ਕਿ ਗੈਸ ਏਜੰਸੀਆਂ ਕੋਲ ਸਟਾਕ ਪਿਆ ਹੈ ਪਰ ਆਨਲਾਈਨ ਬੁਕਿੰਗ ਬੰਦ ਹੋਣ ਕਰ ਕੇ ਗੈਸ ਏਜੰਸੀ ਮਾਲਕ ਡਲਿਵਰੀ ਦੇਣ ਤੋਂ ਬੇਵੱਸ ਹਨ।

ਉਧਰ, ਭਾਰਤ ਪੈਟਰੋਲੀਅਮ ਨੇ ਅੱਜ ਦਾਅਵਾ ਕੀਤਾ ਕਿ ਗੈਸ ਦੀ ਸਪਲਾਈ ਜਲਦ ਆਮ ਵਾਂਗ ਹੋ ਜਾਵੇਗੀ ਅਤੇ ਇਸ ਵੇਲੇ ਘਰੇਲੂ ਗੈਸ ਦੀ ਸਪਲਾਈ ਸਿਖਰਲੀ ਤਰਜੀਹੀ ਹੈ। ਪੰਜਾਬ ’ਚ ਇਸ ਵੇਲੇ 96.3 ਲੱਖ ਘਰੇਲੂ ਗੈਸ ਖਪਤਕਾਰ ਹਨ। ਕੇਂਦਰ ਸਰਕਾਰ ਦੀ ਉਜਵਲਾ ਸਕੀਮ ਕਾਰਨ ਆਮ ਘਰਾਂ ਦੀ ਨਿਰਭਰਤਾ ਵੀ ਗੈਸ ’ਤੇ ਬਣੀ ਹੋਈ ਹੈ। ਡਿਪਟੀ ਕਮਿਸ਼ਨਰਾਂ ਨੇ ਅੱਜ ਕਈ ਜ਼ਿਲ੍ਹਿਆਂ ’ਚ ਗੈਸ ਏਜੰਸੀਆਂ ਨੂੰ ਘਰੇਲੂ ਗੈਸ ਦਾ ਘੱਟੋ-ਘੱਟ ਰਾਖਵਾਂ ਕੋਟਾ ਰੱਖਣ ਲਈ ਕਿਹਾ ਹੈ।

ਪੰਜਾਬ ’ਚ 980 ਗੈਸ ਏਜੰਸੀਆਂ ਹਨ ਅਤੇ ਪੰਜਾਬ ’ਚ ਪ੍ਰਤੀ ਮਹੀਨਾ ਖ਼ਪਤ ਕਰੀਬ 28 ਤੋਂ 30 ਲੱਖ ਗੈਸ ਸਿਲੰਡਰਾਂ ਦੀ ਹੈ। ਇਸੇ ਤਰ੍ਹਾਂ ਕਮਰਸ਼ਲ ਗੈਸ ਸਿਲੰਡਰਾਂ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ। ਇਕੱਲੇ ਲੁਧਿਆਣਾ ਜ਼ਿਲ੍ਹੇ ’ਚ ਵਪਾਰਕ ਗੈਸ ਸਿਲੰਡਰਾਂ ਦੀ ਖ਼ਪਤ ਪ੍ਰਤੀ ਮਹੀਨਾ ਛੇ ਹਜ਼ਾਰ ਟਨ ਦੀ ਹੈ। ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ ਅਤੇ ਮੁਹਾਲੀ ਜ਼ਿਲ੍ਹਿਆਂ ’ਚ ਵੀ ਵਪਾਰਕ ਗੈਸ ਦੀ ਵੱਧ ਖ਼ਪਤ ਹੈ। ਹੋਟਲਾਂ ’ਚ ਇਸ ਵੇਲੇ ਦੋ-ਤਿੰਨ ਦਿਨਾਂ ਦਾ ਹੀ ਗੈਸ ਸਟਾਕ ਬਚਿਆ ਹੈ। ਹੋਟਲ, ਰੇਸਤਰਾਂ ਅਤੇ ਰਿਜ਼ੌਰਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਕੁਮਾਰ ਨੇ ਕਿਹਾ ਕਿ ਕੇਂਦਰ ਸਰਕਾਰ ਹੋਟਲ ਸਨਅਤ ਨੂੰ ਗੈਸ ਸਪਲਾਈ ਬਾਰੇ ਸਪਸ਼ਟ ਕਰੇ ਤਾਂ ਜੋ ਉਸ ਹਿਸਾਬ ਨਾਲ ਯੋਜਨਾਬੰਦੀ ਕੀਤੀ ਜਾ ਸਕੇ।

ਬਠਿੰਡਾ ਅਤੇ ਰੋਪੜ ਦੇ ਐੱਨ ਐੱਫ ਐੱਲ ਖਾਦ ਪਲਾਂਟ ਬੰਦ- ਗੈਸ ਦੀ ਕਿੱਲਤ ਕਰ ਕੇ ਬਠਿੰਡਾ ਅਤੇ ਰੋਪੜ ਦੇ ਐੱਨ ਐੱਫ ਐੱਲ ਖਾਦ ਪਲਾਂਟ ਬੰਦ ਹੋ ਗਏ ਹਨ। ਸੂਬਾ ਸਰਕਾਰ ਨੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਘਰੇਲੂ ਗੈਸ ਦੀ ਕਿੱਲਤ ਕਾਰਨ ਲੋਕ ਮਨਾਂ ਵਿੱਚ ਪੈਦਾ ਹੋਣ ਵਾਲੇ ਖ਼ਦਸ਼ਿਆਂ ਨੂੰ ਦੂਰ ਕਰਨ ਦੀ ਹਦਾਇਤ ਕੀਤੀ ਹੈ। ਸਰਕਾਰ ਨੇ ਸਿਲੰਡਰਾਂ ਦੀ ਕਾਲਾਬਾਜ਼ਾਰੀ ਰੋਕਣ ਦੇ ਵੀ ਆਦੇਸ਼ ਦਿੱਤੇ ਹਨ। ਘਰੇਲੂ ਗੈਸ ਸਿਲੰਡਰਾਂ ਦੀ ਬੁਕਿੰਗ ਲਈ ਗੈਸ ਏਜੰਸੀਆਂ ਦੇ ਬਾਹਰ ਖਪਤਕਾਰਾਂ ਦੀਆਂ ਕਤਾਰਾਂ ਲੱਗ ਰਹੀਆਂ ਹਨ। ਘਰੇਲੂ ਸਿਲੰਡਰਾਂ ਦੀ ਬੁਕਿੰਗ ਵਾਲੇ ਮੋਬਾਈਲ ਨੰਬਰ ਵੀ ਸਵੇਰ ਤੋਂ ਬੰਦ ਹਨ।

ਮਾਨਸਾ ਸਥਿਤ ਤੋਗੜੀਆ ਗੈਸ ਏਜੰਸੀ ਦੇ ਸੰਚਾਲਕ ਯਾਦਵਿੰਦਰ ਸਿੰਘ ਪਮਾਰ ਨੇ ਦੱਸਿਆ ਕਿ ਮੱਧ ਪੂਰਬ ਸੰਕਟ ਨੇ ਗੈਸ ਏਜੰਸੀਆਂ ਨੂੰ ਵੱਡੀ ਮਾਰ ਪਾਈ ਹੈ। ਉਨ੍ਹਾਂ ਦੱਸਿਆ ਕਿ ਖ਼ਪਤਕਾਰਾਂ ਨੂੰ ਹੁਣ ਗੈਸ ਸਿਲੰਡਰ ਦੀ ਡਲਿਵਰੀ ਲੈਣ ਉਪਰੰਤ ਅਗਲਾ ਸਿਲੰਡਰ ਬੁੱਕ ਕਰਵਾਉਣ ਵਾਸਤੇ 21 ਦਿਨਾਂ ਬਾਅਦ ਮੈਸੇਜ, ਫੋਨ ਕਾਲ, ਵ੍ਹਟਸਐਪ ਆਦਿ ’ਤੇ ਬੁਕਿੰਗ ਕਰਵਾਉਣੀ ਪਵੇਗੀ ਅਤੇ ਉਸ ਨੂੰ 25 ਦਿਨਾਂ ਬਾਅਦ ਸਿਲੰਡਰ ਦੀ ਸਪਲਾਈ ਮਿਲੇਗੀ। ਹੋਟਲ ਮਾਲਕਾਂ ਤੇ ਢਾਬੇ ਵਾਲਿਆਂ ਨੂੰ ਸਿਲੰਡਰ ਦੀ ਥਾਂ ਹੋਰ ਬਦਲ ਜਾਂ ਸਾਧਨ ਜੁਟਾਉਣੇ ਪੈ ਰਹੇ ਹਨ। ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਕਿਹਾ ਕਿ ਜੇ ਮਿਲਾਵਟ ਜਾਂ ਕਾਲਾਬਾਜ਼ਾਰੀ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਬੰਧਤ ਏਜੰਸੀ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

Related posts

Second hand smoke: ਸਿਗਰਟ ਪੀਣ ਵਾਲਿਆਂ ਤੋਂ ਰਹੋ ਦੂਰ, ਧੂੰਏ ਨਾਲ ਵੀ ਹੋ ਸਕਦੈ ਕੈਂਸਰ! ਅਧਿਐਨ ‘ਚ ਚਿਤਾਵਨੀ

On Punjab

ਜਦੋਂ ਡਾਕਟਰਾਂ ਨੇ ਦੇਖਿਆ ਔਰਤ ਦਾ X-Ray ਤਾਂ ਉੱਡ ਗਏ ਹੋਸ਼ , ਸਾਹਮਣੇ ਆਈ ਪਤੀ ਦੀ ਗੰਦੀ ਕਰਤੂਤ

On Punjab

ਅਮਰੀਕਾ ’ਚ ਸ਼ੱਕੀ ਹਾਲਾਤ ’ਚ ਮਿਲੀਆਂ ਦੋ ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ

On Punjab