77.65 F
New York, US
August 13, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੁਲੀਸ ਵੱਲੋਂ ਮਾਲਕ ਖ਼ਿਲਾਫ਼ ਕੇਸ, ਨਗਰ ਨਿਗਮ ਨੇ ਕੁੱਤਾ ਕਬਜ਼ੇ ’ਚ ਲਿਆ

ਪਟਿਆਲਾ-  ਪਟਿਆਲਾ ਦੇ ਘੁੰਮਣ ਨਗਰ ਇਲਾਕੇ ਵਿੱਚ ਕਿਰਾਏ ਲਈ ਮਕਾਨ ਦੇਖਣ ਗਏ ਪਤੀ-ਪਤਨੀ ’ਤੇ ਪਿੱਟਬੁੱਲ ਕੁੱਤੇ ਵੱਲੋਂ ਕੀਤੇ ਹਮਲੇ ਦੇ ਮਾਮਲੇ ਵਿੱਚ ਪੁਲੀਸ ਨੇ ਕੁੱਤੇ ਦੇ ਅਣਪਛਾਤੇ ਮਾਲਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ, ਨਗਰ ਨਿਗਮ ਪਟਿਆਲਾ ਨੇ ਪਿੱਟਬੁੱਲ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਉਸ ਦੀ ਰੇਬੀਜ਼ ਸਬੰਧੀ ਜਾਂਚ ਅਤੇ ਵੈਕਸੀਨੇਸ਼ਨ ਦੀ ਪੁਸ਼ਟੀ ਕਰਵਾਉਣ ਦੀ ਕਾਰਵਾਈ ਸ਼ੁਰੂ ਕੀਤੀ ਹੈ। ਪਟਿਆਲਾ ਦੇ ਐੱਸ ਐੱਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਕੁੱਤੇ ਦੇ ਮਾਲਕ ਖ਼ਿਲਾਫ਼ ਬੀ ਐੱਨ ਐੱਸ ਦੀਆਂ ਧਾਰਾਵਾਂ 291, 125(ਏ) ਅਤੇ 125(ਬੀ) ਤਹਿਤ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੀੜਤ ਪਤੀ-ਪਤਨੀ ਅੰਕਿਤ ਸੱਭਰਵਾਲ ਅਤੇ ਸ਼ਿਫਾਲੀ ਸੱਭਰਵਾਲ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਅਤੇ ਆਪਣੇ ਬਿਆਨ ਦਰਜ ਕਰਵਾਏ ਹਨ।

ਨਗਰ ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਨਿਗਮ ਨੇ ਪਿੱਟਬੁੱਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਕੁੱਤੇ ਦੀ ਰੇਬੀਜ਼ ਸਬੰਧੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਸ ਨੂੰ ਲੋੜੀਂਦੇ ਟੀਕੇ ਲੱਗੇ ਹੋਏ ਸਨ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਨਿਗਮ ਨੇ ਘੁੰਮਣ ਨਗਰ ਸਥਿਤ ਮਕਾਨ ਨੰਬਰ 832/13 ਦੇ ਮਾਲਕ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਇਸ ਮਕਾਨ ਵਿੱਚੋਂ ਹੀ ਪਿੱਟਬੁੱਲ ਬਾਹਰ ਆ ਕੇ ਪਤੀ-ਪਤਨੀ ’ਤੇ ਟੁੱਟ ਪਿਆ ਸੀ। ਮਾਲਕ ਨੂੰ ਤਿੰਨ ਦਿਨਾਂ ਦੇ ਅੰਦਰ ਕੁੱਤੇ ਦੀ ਵੈਕਸੀਨੇਸ਼ਨ ਦਾ ਚਾਰਟ ਅਤੇ ਰਜਿਸਟ੍ਰੇਸ਼ਨ ਸਬੰਧੀ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਨਿਰਧਾਰਤ ਸਮੇਂ ਅੰਦਰ ਜਵਾਬ ਨਾ ਦੇਣ ’ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਅੰਕਿਤ ਅਤੇ ਸ਼ਿਫਾਲੀ ਸੱਭਰਵਾਲ ਇੱਕ ਸਥਾਨਕ ਪ੍ਰਾਪਰਟੀ ਡੀਲਰ ਨਾਲ ਕਿਰਾਏ ਲਈ ਮਕਾਨ ਦੇਖਣ ਘੁੰਮਣ ਨਗਰ ਗਏ ਸਨ। ਜਦੋਂ ਉਨ੍ਹਾਂ ਨੇ ਮਕਾਨ ਦੀ ਘੰਟੀ ਵਜਾਈ ਤਾਂ ਅੰਦਰੋਂ ਪਿੱਟਬੁੱਲ ਬਾਹਰ ਆ ਗਿਆ ਅਤੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕੁੱਤੇ ਨੇ ਦੋਵਾਂ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ ’ਤੇ ਕਈ ਵਾਰ ਕੱਟ ਮਾਰੇ। ਦੋਵਾਂ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਹਮਲੇ ਦੀ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ।

Related posts

ਥਾਈ-ਕੰਬੋਡੀਅਨ ਲੜਾਈ ਤੀਜੇ ਦਿਨ ਵੀ ਜਾਰੀ, ਜੰਗਬੰਦੀ ਦੀਆਂ ਅਪੀਲਾਂ ਬੇਅਸਰ

On Punjab

ਸ੍ਰੀਨਗਰ ’ਚ ਫਰੀਦਕੋਟ ਦਾ ਅਗਨੀਵੀਰ ਅਕਾਸ਼ਦੀਪ ਸਿੰਘ ਸ਼ਹੀਦ

On Punjab

ਨੌਜਵਾਨ ਦੇਸ਼ ਦਾ ਭਵਿੱਖ: ਜਨਰਲ ਚੌਹਾਨ

On Punjab