ਲਾਲੜੂ- ਜ਼ਿਲ੍ਹਾ ਮੁਹਾਲੀ ਦੀ ਪੁਲੀਸ ਨੂੰ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੌਰਾਨ 52 ਗ੍ਰਾਮ ਆਈਸ (ਸਿੰਥੈਟਿਕ ਨਸ਼ੀਲਾ ਪਦਾਰਥ) ਦੀ ਬਰਾਮਦਗੀ ਕਰਦਿਆਂ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਸੀਨੀਅਰ ਕਪਤਾਨ ਪੁਲ਼ੀਸ ਹਰਮਨਦੀਪ ਸਿੰਘ ਹਾਂਸ ਅਤੇ ਉਪ ਕਪਤਾਨ ਪੁਲੀਸ ਡੇਰਾਬਸੀ ਬਿਕਰਮਜੀਤ ਸਿੰਘ ਬਰਾੜ ਦੀਆਂ ਸੇਧਾਂ ਹੇਠ ਇਹ ਗ੍ਰਿਫਤਾਰੀ ਨਗਲਾ ਮੋੜ, ਹੰਡੇਸਰਾ ਵਿਖੇ ਲਾਈ ਨਾਕਾਬੰਦੀ ਦੌਰਾਨ ਹੋਈ।
ਐੱਸਪੀ (ਜਾਂਚ) ਸੌਰਭ ਜਿੰਦਲ ਨੇ ਦੱਸਿਆ ਕਿ ਥਾਣਾ ਹੰਡੇਸਰਾ ਪੁਲੀਸ ਵੱਲੋਂ ਨਾਕਾਬੰਦੀ ਦੌਰਾਨ ਕਾਰ (ਪੀਬੀ-16-ਐਚ-4215 – ਮਹਿੰਦਰਾ ਥਾਰ) ਨੂੰ ਰੁਕਣ ਦਾ ਇਸ਼ਾਰਾ ਦਿੱਤਾ ਗਿਆ। ਕਾਰ ਸਵਾਰ ਪੁਲੀਸ ਨੂੰ ਦੇਖ ਕੇ ਰੁਕ ਗਏ ਪਰ ਚਾਲਕ ਸੁਰਜੀਤ ਸਿੰਘ ਵਾਸੀ ਪਿੰਡ ਬੇਈਹਾਰਾ, ਜ਼ਿਲ੍ਹਾ ਰੂਪਨਗਰ ਨੇ ਆਪਣੀ ਪੈਂਟ ਦੀ ਜੇਬ ਵਿਚੋਂ ਇਕ ਪਾਰਦਰਸ਼ੀ ਮੋਮੀ ਲਿਫਾਫਾ ਕਾਰ ਤੋਂ ਬਾਹਰ ਸੁੱਟ ਦਿੱਤਾ ਅਤੇ ਆਪਣੇ ਸਾਥੀ ਤਰੁਨ ਕੁਮਾਰ ਸ਼ਰਮਾ ਵਾਸੀ ਪਿੰਡ ਨਿਕੇਤਨ, ਲਾਜਪਤ ਨਗਰ ਪਾਰਟ-2, ਦਿੱਲੀ ਸਮੇਤ ਭੱਜਣ ਦੀ ਕੋਸ਼ਿਸ਼ ਕੀਤੀ।
ਦੋਨੋਂ ਮੁਲਜ਼ਮਾਂ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ। ਮੋਮੀ ਲਿਫਾਫਾ ਚੈੱਕ ਕਰਨ ‘ਤੇ 52 ਗ੍ਰਾਮ ਆਈਸ ਬਰਾਮਦ ਹੋਈ। ਮੁਲਜ਼ਮਾਂ ਵਿਰੁੱਧ ਥਾਣਾ ਹੰਡੇਸਰਾ ਵਿਖੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21,29/61/85 ਤਹਿਤ ਕੇਸ ਦਰਜ ਕੀਤਾ ਗਿਆ ਹੈ।