ਫ਼ਰੀਦਕੋਟ- ਫ਼ਰੀਦਕੋਟ ਪੁਲੀਸ ਨੇ ਇੱਕ ਤੇਜ਼-ਤਰਾਰ ਕਾਰਵਾਈ ਕਰਦਿਆਂ ਫਲਿੱਪਕਾਰਟ ਦੇ ਕੈਸ਼ ਕੁਲੈਕਸ਼ਨ ਏਜੰਟ ਤੋਂ ਹੋਈ ਵੱਡੀ ਲੁੱਟ ਦੀ ਗੁੱਥੀ ਨੂੰ ਕੁਝ ਹੀ ਘੰਟਿਆਂ ਵਿੱਚ ਸੁਲਝਾ ਲਿਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਲੁੱਟੀ ਗਈ 4.27 ਲੱਖ ਰੁਪਏ ਦੀ ਰਕਮ ਵਿੱਚੋਂ 4.11 ਲੱਖ ਰੁਪਏ ਦੀ ਨਕਦੀ ਅਤੇ ਵਾਰਦਾਤ ਵਿੱਚ ਵਰਤੇ ਗਏ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ। ਜਾਂਚ ਦੌਰਾਨ ਇਸ ਲੁੱਟ ਦਾ ਹੈਰਾਨੀਜਨਕ ਖ਼ੁਲਾਸਾ ਹੋਇਆ ਹੈ। ਪੁਲੀਸ ਮੁਤਾਬਕ ਲੁੱਟ ਦੀ ਇਹ ਸਾਜ਼ਿਸ਼ ਕੰਪਨੀ ਵਿੱਚ ਹੀ ਕੰਮ ਕਰਦੇ ਇੱਕ ਡਿਲੀਵਰੀ ਮੁਲਾਜ਼ਮ ਨੇ ਰਚੀ ਸੀ, ਜਿਸ ਨੇ ਆਪਣੇ ਸਾਥੀਆਂ ਨੂੰ ਪੁਖ਼ਤਾ ਸੂਚਨਾ ਦੇ ਕੇ ਇਸ ਫ਼ਰਜ਼ੀ ਝੜਪ ਰਾਹੀਂ ਲੁੱਟ ਨੂੰ ਅੰਜਾਮ ਦਿਵਾਇਆ।
ਇਹ ਘਟਨਾ 21 ਅਕਤੂਬਰ ਨੂੰ ਕੋਟਕਪੂਰਾ ਰੋਡ ਸਥਿਤ ਘੋੜਾ ਚੌਕ ਨੇੜੇ ਵਾਪਰੀ ਸੀ। ਸ਼ਿਕਾਇਤਕਰਤਾ, ਜੋ ਫਲਿੱਪਕਾਰਟ ਦਾ ਮੁਲਾਜ਼ਮ ਹੈ, ਇਕੱਠੀ ਕੀਤੀ ਗਈ 4,27,800 ਰੁਪਏ ਦੀ ਨਕਦੀ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਸਕੂਟਰ ’ਤੇ ਜਾ ਰਿਹਾ ਸੀ। ਰਸਤੇ ਵਿੱਚ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ, ਉਸ ਦਾ ਸਕੂਟਰ ਡੇਗ ਦਿੱਤਾ ਅਤੇ ਨਕਦੀ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ। ਸ਼ਿਕਾਇਤ ਮਿਲਣ ਮਗਰੋਂ ਥਾਣਾ ਸਿਟੀ ਫ਼ਰੀਦਕੋਟ ਵਿਖੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।
ਸਹਾਇਕ ਸਬ-ਇੰਸਪੈਕਟਰ (ਏ.ਐੱਸ.ਆਈ.) ਹਰਚਰਨ ਸਿੰਘ ਦੀ ਅਗਵਾਈ ਹੇਠ ਬਣੀ ਵਿਸ਼ੇਸ਼ ਪੁਲੀਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਖ਼ੁਫ਼ੀਆ ਜਾਣਕਾਰੀ ਅਤੇ ਸਥਾਨਕ ਟਰੈਕਿੰਗ ਦੀ ਮਦਦ ਨਾਲ ਮੁਲਜ਼ਮਾਂ ਦਾ ਪਤਾ ਲਗਾਇਆ। ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਦੀ ਪਛਾਣ ਫ਼ਰੀਦਕੋਟ ਵਾਸੀ ਗੁਰਜੋਤ ਸਿੰਘ ਉਰਫ਼ ਗਗਨਾ (ਗਲੀ ਨੰਬਰ 12, ਡੋਗਰ ਬਸਤੀ), ਬਿਕਰਮਜੀਤ ਸਿੰਘ (ਨਿਊ ਕੈਂਟ ਰੋਡ) ਅਤੇ ਮਨੀਸ਼ ਸਿੰਘ (ਦਸਮੇਸ਼ ਨਗਰ) ਵਜੋਂ ਹੋਈ ਹੈ। ਐੱਸ.ਪੀ. (ਇਨਵੈਸਟੀਗੇਸ਼ਨ) ਨਰਿੰਦਰ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪੁਸ਼ਟੀ ਹੋਈ ਹੈ ਕਿ ਡਿਲੀਵਰੀ ਬੁਆਏ ਨੇ ਹੀ ਆਪਣੇ ਸਾਥੀਆਂ ਨਾਲ ਮਿਲ ਕੇ ਅੰਦਰੂਨੀ ਭੇਤ ਦੇ ਆਧਾਰ ’ਤੇ ਇਸ ਪੂਰੀ ਵਾਰਦਾਤ ਦੀ ਯੋਜਨਾ ਤਿਆਰ ਕੀਤੀ ਸੀ।

