ਅਮਰੀਕਾ ਦੇ ਨਿਊਯਾਰਕ ਵਿਚ ਇਕ 31 ਸਾਲਾ ਭਾਰਤੀ ਮੂਲ ਦੇ ਸਿੱਖ ਨਾਗਰਿਕ ਦੀ ਸ਼ਰ੍ਹੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਨੌਜਵਾਨ ਆਪਣੀ ਐਸਯੂਵੀ ਵਿਚ ਬੈਠਾ ਸੀ ਤਾਂ ਉਸ ’ਤੇ ਗੋਲੀਆਂ ਵਰ੍ਹਾਈਆਂ ਗਈਆਂ।
ਨਿਊਯਾਰਕ ਪੋਸਟ ਵਿਚ ਨਿਊਯਾਰਕ ਪੁਲਿਸ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਸਤਨਾਮ ਸਿੰਘ ਸ਼ੁੱਕਰਵਾਰ ਨੂੰ 3.46 ਵਜੇ ਕੁਈਨਜ਼ ਦੇ ਸਾਊੁਥ ਓਜ਼ੋਨ ਪਾਰਕ ਸੈਕਸ਼ਨ ਵਿਚ ਆਪਣੀ ਕਾਰ ਵਿਚ ਬੈਠਾ ਸੀ ਕਿ ਅਚਾਨਕ ਉਸ ’ਤੇ ਗੋਲੀਆਂ ਚਲਾਈਆਂ ਗਈਆਂ ਜੋ ਉਸ ਦੀ ਗਰਦਨ ਅਤੇ ਸਰੀਰ ’ਤੇ ਲੱਗੀਆਂ ਤੇ ਉਸ ਦੀ ਮੌਤ ਹੋ ਗਈ। ਨਿਊਯਾਰਕ ਡੇਲੀ ਨਿਊਜ਼ ਮੁਤਾਬਕ ਸਤਨਾਮ ਆਪਣੇ ਦੋਸਤ ਦੀ ਬਲੈਕ ਜੀਪ ਰੈਂਗਲਰ ਸਹਾਰਾ ਵਿਚ ਬੈਠਾ ਸੀ ਤਾਂ ਉਸ ’ਤੇ ਇਕ ਹਥਿਆਰਬੰਦ ਨੇ ਗੋਲੀਆਂ ਚਲਾ ਦਿੱਤੀਆਂ।
ਪੁਲਿਸ ਮੁਤਾਬਕ ਜ਼ਖ਼ਮੀ ਸਤਨਾਮ ਸਿੰਘ ਨੂੰ ਜਮਾਇਕਾ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ, ਜਿਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਿਸ ਮੁਤਾਬਕ ਹਥਿਆਰਬੰਦ ਵਿਅਕਤੀ ਪੈਦਲ ਹੀ ਆਇਆ ਸੀ ਜਦਕਿ ਗੁਆਂਢੀ ਦਾ ਦਾਅਵਾ ਹੈ ਕਿ ਗੋਲੀ ਸਿਵਲਰ ਰੰਗ ਦੀ ਸੇਡਾਨ ਵਿਚੋਂ ਚੱਲੀਆਂ, ਜਿਸ ਦਾ ਵੀਡੀਓ ਸਕਿਓਰਿਟੀ ਕੈਮਰੇ ਵਿਚ ਰਿਕਾਰਡ ਹੋਇਆ ਹੈ। ਗੁਆਂਢੀ ਜੋਆਨ ਕੈਪਲਾਨੀ ਦਾ ਦਾਅਵਾ ਹੈ ਕਿ ਸਤਨਾਮ ਸਿੰਘ 129ਵੀਂ ਸਟਰੀਟ ’ਤੇ ਚੱਲ ਕੇ ਪਾਰਕਿੰਗ ਵਿਚ ਖਡ਼ੀ ਜੀਪ ਵੱਲ ਜਾ ਰਹੇ ਸਨ ਤਾਂ ਸੇਡਾਨ ਸਵਾਰ ਹਮਲਾਵਰ ਉਥੋਂ ਦੀ ਲੰਘਿਆ। ਉਨ੍ਹਾਂ ਕਿਹਾ ਕਿ ਹਮਲਾਵਰ ਨੇ ਯੂਟਰਨ ਲਿਆ, ਵਾਪਸ ਆਇਆ, ਗੋਲੀਆਂ ਵਰ੍ਹਾਈਆਂ ਤੇ ਫਿਰ 129ਵੀਂ ਸਟਰੀਟ ਵੱਲ ਚਲਾ ਗਿਆ।
ਪੁਲਿਸ ਇਸ ਗੱਲ ਦੀ ਛਾਣਬੀਣ ਕਰ ਰਹੀ ਹੈ ਕਿ ਬਦੂੰਕਧਾਰੀ ਸਤਨਾਮ ਸਿੰਘ ਨੂੰ ਹੀ ਮਾਰਨ ਦੇ ਇਰਾਦੇ ਨਾਲ ਆਇਆ ਸੀ ਜਾਂ ਫਿਰ 129ਵੀਂ ਸਟਰੀਟ ਤੋਂ ਚਲਾ ਗਿਆ।
ਗੌਰਤਲਬ ਹੈ ਕਿ ਘਟਨਾ ਰਿਚਮਾਂਡ ਹਿੱਲਜ਼ ਕੋਲ ਜਿਸ ਸਾਊਥ ਓਜ਼ੋਨ ਪਾਰਕ ਦੀ ਹੈ। ਉਥੇ ਅਪ੍ਰੈਲ ਮਹੀਨੇ ਵਿਚ ਵੀ ਸਿੱਖ ਭਾਈਚਾਰੇ ਦੇ ਦੋ ਨਾਗਰਿਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਸ ਨੂੰ ਪੁਲਿਸ ਨੇ ਹੇਟ ਕਰਾਈਮ ਕਰਾਰ ਦਿੱਤਾ ਸੀ ਅਤੇ ਮਾਮਲੇ ਵਿਚ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਥੇ ਦੋਵੇਂ ਇਲਾਕਿਆਂ ਵਿਚ ਭਾਰਤੀ ਮੂਲ ਦੇ ਨਾਗਰਿਕਾਂ ਦੀ ਵੱਡੀ ਅਬਾਦੀ ਰਹਿੰਦੀ ਹੈ।