ਨਵੀਂ ਦਿੱਲੀ- ਕਾਂਗਰਸ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਚੋਣ ਕਮਿਸ਼ਨ ਨੇ ਕਥਿਤ ਵੋਟ ‘ਚੋਰੀ’ ਬਾਰੇ ਉਸ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਹੈ ਅਤੇ ਕਿਹਾ ਕਿ ‘ਇੰਡੀਆ’ (INDIA) ਗੱਠਜੋੜ ਨੇ ਮੁੱਖ ਚੋਣ ਕਮਿਸ਼ਨਰ (CEC) ਅਤੇ ਹੋਰ ਚੋਣ ਕਮਿਸ਼ਨਰਾਂ ਤੇ ਅਧਿਕਾਰੀਆਂ ਤੋਂ ਸਵਾਲ ਪੁੱਛਣ ਲਈ ਸੁਪਰੀਮ ਕੋਰਟ ਤੋਂ ਇਜਾਜ਼ਤ ਮੰਗੀ ਹੈ ਅਤੇ ਇਸ ਸਬੰਧੀ 48 ਸਵਾਲਾਂ ਦੀ ਸੂਚੀ ਸੌਂਪੀ ਗਈ ਹੈ।
ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰਾਂ ਨੂੰ ਪੁੱਛੇ ਗਏ ਸਵਾਲਾਂ ਵਿੱਚ ਕਾਂਗਰਸ ਨੇ ਪੁੱਛਿਆ ਹੈ ਕਿ ਦੂਜੇ ਦੋ ਚੋਣ ਕਮਿਸ਼ਨਰਾਂ ਨੇ ਮੁੱਖ ਚੋਣ ਕਮਿਸ਼ਨਰ ਦੀ ਰਾਏ ਨਾਲ ਕਿੰਨੇ ਫ਼ੈਸਲਿਆਂ ’ਤੇ ਅਸਹਿਮਤੀ ਜਤਾਈ ਸੀ ਅਤੇ ਦੇਸ਼ ਭਰ ਵਿੱਚ ‘ਐੱਸ.ਆਈ.ਆਰ.’ (SIR) ਕਰਵਾਉਣ ਦਾ ਫ਼ੈਸਲਾ ਕਿਸ ਨੇ ਲਿਆ ਸੀ। ਪਾਰਟੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ (X) ’ਤੇ ਪੋਸਟ ਕਰਦਿਆਂ ਕਿਹਾ, “…ਦੇਸ਼ ਭਰ ਵਿੱਚ SIR ਕਰਵਾਉਣ ਦਾ ਫ਼ੈਸਲਾ ਕਿਸ ਨੇ ਕੀਤਾ ? ‘ਫ਼ਾਰਮ 6’ ਬਦਲਣ ਦਾ ਫ਼ੈਸਲਾ ਕਿਸ ਦਾ ਸੀ ? ‘ਈਰੋਨੈੱਟ’ (ERONET) ਅਤੇ ‘ਈਸੀਆਈਨੈੱਟ’ (ECINET) ਦਾ ਕੇਂਦਰੀਕਰਨ ਕਰਨ ਅਤੇ ਵੋਟਰ ਸੂਚੀ ਨੂੰ ਕੇਂਦਰੀ ਕੰਟਰੋਲ ਹੇਠ ਰੱਖਣ ਦਾ ਫ਼ੈਸਲਾ ਕਿਸ ਨੇ ਲਿਆ?”
ਵਿਰੋਧੀ ਪਾਰਟੀ ਨੇ ‘ਐਕਸ’ ’ਤੇ ਕਿਹਾ, “ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਵਿੱਚ ਦਾਇਰ ਆਪਣੇ ਹਲਫ਼ਨਾਮੇ ਵਿੱਚ ‘ਵੋਟ ਚੋਰੀ’ ਬਾਰੇ ਵਾਰ-ਵਾਰ ਉਠਾਏ ਜਾ ਰਹੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਹੈ। ਹੁਣ, ‘ਇੰਡੀਆ’ ਗੱਠਜੋੜ ਨੇ ਮੁੱਖ ਚੋਣ ਕਮਿਸ਼ਨਰ, ਦੂਜੇ ਦੋ ਚੋਣ ਕਮਿਸ਼ਨਰਾਂ ਅਤੇ ਡਾਇਰੈਕਟਰ ਜਨਰਲ (IT) ਤੋਂ ਸਵਾਲ ਪੁੱਛਣ ਲਈ ਸੁਪਰੀਮ ਕੋਰਟ ਤੋਂ ਇਜਾਜ਼ਤ ਮੰਗੀ ਹੈ। ਇਹ ਸਵਾਲ SIR ਵਿਚਲੀਆਂ ਉਨ੍ਹਾਂ ਗੰਭੀਰ ਖਾਮੀਆਂ ਨਾਲ ਸਬੰਧਤ ਹਨ, ਜਿਨ੍ਹਾਂ ਨੇ ‘ਵੋਟ ਚੋਰੀ’ ਦਾ ਰਾਹ ਪੱਧਰਾ ਕੀਤਾ ਸੀ।” ਕਾਂਗਰਸ ਨੇ ਅੱਗੇ ਕਿਹਾ, “ਭਾਰਤੀ ਚੋਣ ਕਮਿਸ਼ਨ (ECI) ਨੂੰ 48 ਸਵਾਲਾਂ ਦੀ ਸੂਚੀ ਦਿੱਤੀ ਗਈ ਹੈ, ਜਿਨ੍ਹਾਂ ਦੇ ਜਵਾਬ ਉਸ ਨੂੰ ਦੇਣੇ ਹੀ ਪੈਣਗੇ।”

