ਨਵੀਂ ਦਿੱਲੀ- ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਭਰਪੂਰ ਸ਼ਲਾਘਾ ਕੀਤੀ, ਜਦੋਂ ਉਨ੍ਹਾਂ ਨੇ ਪਾਕਿਸਤਾਨ ਸਰਹੱਦ ’ਤੇ ਕੱਛ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਦਿਲਜੀਤ ਦੋਸਾਂਝ ਵੱਲੋਂ ਗੁਰਦੁਆਰਾ ਸਾਹਿਬ ਦੀ ਫੇਰੀ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਨ ਮਗਰੋਂ ਸੰਧੂ ਨੇ ਸੋਸ਼ਲ ਮੀਡੀਆ ਮੰਚ ‘ਐਕਸ’ (X) ’ਤੇ ਲਿਖਿਆ, “ਦਿਲਜੀਤ ਦੋਸਾਂਝ ਅੱਜ ਸਿਰਫ਼ ਇੱਕ ਵਿਸ਼ਵ ਪ੍ਰਸਿੱਧ ਕਲਾਕਾਰ ਹੀ ਨਹੀਂ, ਸਗੋਂ ਪੰਜਾਬੀ ਅਤੇ ਖ਼ਾਸ ਕਰਕੇ ਸਿੱਖ ਪਛਾਣ ਦੇ ਮਾਣਮੱਤੇ ਆਲਮੀ ਬਰੈਂਡ ਅੰਬੈਸਡਰ ਹਨ। ਇਹ ਬੇਹੱਦ ਖ਼ੁਸ਼ੀ ਦੀ ਗੱਲ ਹੈ ਕਿ ਉਹ ਇਸ ਪਛਾਣ ਨਾਲ ਜੁੜੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਅ ਰਹੇ ਹਨ। ਗੁਜਰਾਤ ਦੇ ਕੱਛ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਲਖਪਤ ਸਾਹਿਬ ਵਿਖੇ ਉਨ੍ਹਾਂ ਦਾ ਸੀਸ ਝੁਕਾਉਣਾ ਇਸ ਦੀ ਖ਼ੂਬਸੂਰਤ ਮਿਸਾਲ ਹੈ।”
ਗੁਰਦੁਆਰਾ ਸਾਹਿਬ ਦੀ ਇਤਿਹਾਸਕ ਮਹੱਤਤਾ ਦਾ ਜ਼ਿਕਰ ਕਰਦਿਆਂ ਸੰਧੂ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਪਹਿਲੀਆਂ ਦੋ ਉਦਾਸੀਆਂ ਨਾਲ ਜੁੜਿਆ ਇਹ ਪਵਿੱਤਰ ਅਸਥਾਨ ਸਿੱਖ ਇਤਿਹਾਸ ਦਾ ਅਨਮੋਲ ਖ਼ਜ਼ਾਨਾ ਹੈ। 2001 ਦੇ ਭੂਚਾਲ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ, ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ, ਇਸ ਅਸਥਾਨ ਦੀ ਅਸਲ ਭਵਨ ਨਿਰਮਾਣ ਕਲਾ ਅਤੇ ਕਾਰੀਗਰੀ ਨੂੰ ਬਹਾਲ ਕਰਵਾਇਆ ਸੀ। ਵਿਰਾਸਤੀ ਸੰਭਾਲ ਦੇ ਇਸ ਕਾਰਜ ਨੂੰ 2004 ਵਿੱਚ ਯੂਨੈਸਕੋ ਦੇ ਵੱਕਾਰੀ ‘ਐਵਾਰਡ ਆਫ਼ ਡਿਸਟਿੰਕਸ਼ਨ’ ਨਾਲ ਸਨਮਾਨਿਤ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ 16ਵੀਂ ਸਦੀ ਦੇ ਸ਼ੁਰੂ ਵਿੱਚ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨਾਲ ਮੱਕਾ, ਬਗਦਾਦ, ਤਿੱਬਤ, ਅਸਾਮ ਅਤੇ ਸ੍ਰੀਲੰਕਾ ਤੱਕ ਅਧਿਆਤਮਕ ਯਾਤਰਾਵਾਂ (ਉਦਾਸੀਆਂ) ਕੀਤੀਆਂ ਸਨ ਅਤੇ ਚੌਥੀ ਉਦਾਸੀ ਦੌਰਾਨ ਉਹ ਲਖਪਤ ਵਿਖੇ ਠਹਿਰੇ ਸਨ। ਸੰਧੂ ਨੇ ਕਿਹਾ ਕਿ ਸੰਗਤਾਂ ਵਿੱਚ ਇਸ ਅਸਥਾਨ ਪ੍ਰਤੀ ਜਾਗਰੂਕਤਾ ਵਧਾਉਣ ਲਈ ਹੀ ਉਨ੍ਹਾਂ ਦੀ ਕਿਤਾਬ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ ਸੰਭਾਲ’ ਹਾਲ ਹੀ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਲੋਕ ਅਰਪਣ ਕੀਤੀ ਗਈ ਸੀ। ਸੰਧੂ ਨੇ ਕਿਹਾ ਕਿ ਦਿਲਜੀਤ ਦੀ ਵਿਸ਼ਵਵਿਆਪੀ ਮਕਬੂਲੀਅਤ ਸਦਕਾ ਲੱਖਾਂ ਲੋਕ ਇਸ ਅਸਥਾਨ ਦੇ ਇਤਿਹਾਸ ਤੋਂ ਜਾਣੂ ਹੋਣਗੇ। ਉਨ੍ਹਾਂ ਦਿਲਜੀਤ ਦਾ ਧੰਨਵਾਦ ਕਰਦਿਆਂ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਕੱਛ ਦੇ ਰਣ ਦੇ ਚਿੱਟੇ ਮਾਰੂਥਲ ਵਿੱਚ ਮਨਾਇਆ ਅਤੇ ਪ੍ਰਸ਼ੰਸਕਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਇੱਥੇ ਘੁੰਮਣ ਆਉਣ ਦਾ ਸੱਦਾ ਵੀ ਦਿੱਤਾ।

