ਗੁਰਦਾਸਪੁਰ- ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇਅ ’ਤੇ ਬੱਬਰੀ ਬਾਈਪਾਸ ’ਤੇ ਬੁੱਧਵਾਰ ਸ਼ਾਮ ਇੱਕ ਨਿੱਜੀ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਬੇਕਾਬੂ ਹੋ ਕੇ ਡਿਵਾਈਡਰ ਟੱਪ ਕੇ ਕਾਰ ਉੱਤੇ ਪਲਟ ਗਈ । ਇਹ ਬੱਸ ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਸੀ। ਇਸ ਹਾਦਸੇ ਤੋਂ ਬਾਅਦ ਬੱਸ ਵਿੱਚ ਸਵਾਰ 26 ਸਵਾਰੀਆਂ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿੱਚ ਬੱਸ ਦਾ ਚਾਲਕ ਵੀ ਸ਼ਾਮਲ ਹੈ ਜਦਕਿ ਬੱਸ ਹੇਠਾਂ ਆਈ ਕਾਰ ਦਾ ਚਾਲਕ ਇਸ ਘਟਨਾ ਵਿੱਚ ਵਾਲ- ਵਾਲ ਬਚ ਗਿਆ। ਸਵਾਰੀਆਂ ਨੇ ਦੱਸਿਆ ਕਿ ਬੱਸ ਦਾ ਚਾਲਕ ਬੱਸ ਨੂੰ ਬੇਹੱਦ ਤੇਜ਼ ਸਪੀਡ ’ਤੇ ਚਲਾ ਰਿਹਾ ਸੀ। ਮੌਕੇ ’ਤੇ ਪਹੁੰਚੇ ਪੁਲੀਸ ਅਧਿਕਾਰੀਆਂ ਵੱਲੋਂ ਬੱਸ ਅਤੇ ਕਾਰ ਨੂੰ ਸੜਕ ਤੋਂ ਸਾਈਡ ਕਰਵਾ ਕੇ ਆਵਾਜਾਈ ਖੁੱਲ੍ਹਵਾਈ ਗਈ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।

