ਚੰਡੀਗੜ੍ਹ- ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਵਿਚ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ ਜਿਸ ਸਬੰਧੀ ਅੱਜ ਸ਼ਾਮ ਸਾਢੇ ਪੰਜ ਵਜੇ ਐਮਰਜੈਂਸੀ ਅਲਰਟ ਆਇਆ ਤੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਸ਼ਾਮ ਪੰਜ ਵਜੇ ਤੋਂ ਬਾਅਦ ਚੰਡੀਗੜ੍ਹ ਦੇ ਉਤਰੀ ਸੈਕਟਰਾਂ ਤੇ ਸਕੱਤਰੇਤ ਨੇੜਲੇ ਖੇਤਰਾਂ ਵਿਚ ਬਹੁਤ ਭਾਰੀ ਮੀਂਹ ਪਿਆ ਤੇ ਕੁਝ ਮਿੰਟਾਂ ਵਿਚ ਹੀ ਸੜਕਾਂ ਪਾਣੀ ਨਾਲ ਭਰ ਗਈਆਂ। ਇਸ ਦੌਰਾਨ ਚੰਡੀਗੜ੍ਹ ਦੇ ਉਤਰੀ ਸੈਕਟਰਾਂ ਵਿਚ ਭਾਰੀ ਮੀਂਹ ਪਿਆ ਤੇ ਕੁਝ ਹੀ ਸਮੇਂ ਦੇ ਮੀਂਹ ਕਾਰਨ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ। ਇਸ ਤੋਂ ਇਲਾਵਾ ਮੁਹਾਲੀ ਤੇ ਨਾਲ ਲਗਦੇ ਪਿੰਡਾਂ ਵਿਚ ਵੀ ਸ਼ਾਮ ਵੇਲੇ ਭਾਰੀ ਮੀਂਹ ਪਿਆ ਤੇ ਗਰਜ ਨਾਲ ਬਿਜਲੀ ਲਿਸ਼ਕੀ।
ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਟ੍ਰਾਈਸਿਟੀ ਸਮੇਤ ਪੰਜਾਬ ਅਤੇ ਹਰਿਆਣਾ ਵਿਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਵਿਭਾਗ ਦੇ 18 ਅਗਸਤ ਦੇ ਅਪਡੇਟ ਮੁਤਾਬਕ ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਲਈ ਅੱਜ ਭਾਰੀ ਮੀਂਹ ਦੀ ਚਿਤਾਵਨੀ ਹੈ। ਮੌਸਮ ਵਿਭਾਗ ਮੁਤਾਬਕ 18 ਅਗਸਤ ਨੂੰ ਚੰਡੀਗੜ੍ਹ ਅਤੇ ਪੰਚਕੂਲਾ ਸਮੇਤ ਹਰਿਆਣਾ ਦੇ ਕਈ ਹਿੱਸਿਆਂ ਵਿਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਨਾਲ ਕੁਝ ਥਾਵਾਂ ’ਤੇ ਭਾਰੀ ਮੀਂਹ, ਗਰਜ-ਚਮਕ ਨਾਲ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਮੁਹਾਲੀ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿਚ ਵੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।
ਕਈ ਸੜਕਾਂ ’ਤੇ ਪਾਣੀ ਭਰਿਆ, ਆਵਾਜਾਈ ਪ੍ਰਭਾਵਿਤ- ਟਰਾਈਸਿਟੀ ਵਿਚ ਅੱਜ ਸਵੇਰੇ ਕਈ ਹਿੱਸਿਆਂ ਵਿਚ ਮੀਂਹ ਕਾਰਨ ਸੜਕਾਂ ’ਤੇ ਪਾਣੀ ਭਰਿਆ। ਸਥਾਨਕ ਰਿਪੋਰਟਾਂ ਮੁਤਾਬਕ ਪੰਚਕੂਲਾ ਵਿਚ ਤੇਜ਼ ਮੀਂਹ ਤੋਂ ਬਾਅਦ ਕਈ ਥਾਵਾਂ ’ਤੇ ਜਲ ਥਲ ਹੋ ਗਿਆ ਜਿਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਚੰਡੀਗੜ੍ਹ ਦੇ ਹੱਲੋਮਾਜਰਾ ਇਲਾਕੇ ਵਿਚ ਵੀ ਮੀਂਹ ਤੋਂ ਬਾਅਦ ਸੜਕਾਂ ’ਤੇ ਪਾਣੀ ਖੜ੍ਹਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
19 ਅਗਸਤ ਨੂੰ ਵੀ ਮੀਂਹ ਦੀ ਸੰਭਾਵਨਾ- ਆਈਐੱਮਡੀ ਦੇ ਅਪਡੇਟ ਅਨੁਸਾਰ 19 ਅਗਸਤ ਨੂੰ ਵੀ ਪੰਜਾਬ ਅਤੇ ਚੰਡੀਗੜ੍ਹ ਤੇ ਹਰਿਆਣਾ ਖੇਤਰ ਵਿਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ, ਜਦਕਿ 20 ਅਗਸਤ ਤੋਂ ਬਾਅਦ ਭਾਰੀ ਮੀਂਹ ਦੀ ਕੋਈ ਚਿਤਾਵਨੀ ਨਹੀਂ ਹੈ। ਇਸ ਦੌਰਾਨ ਲੋਕਾਂ ਨੂੰ ਗਰਜ-ਚਮਕ ਵੇਲੇ ਖੁੱਲ੍ਹੀਆਂ ਥਾਵਾਂ ’ਤੇ ਜਾਣ ਤੋਂ ਬਚਣ ਅਤੇ ਸੜਕਾਂ ’ਤੇ ਪਾਣੀ ਭਰਨ ਦੀ ਸਥਿਤੀ ਵਿਚ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਚੰਡੀਗੜ੍ਹ ਮੌਸਮ ਕੇਂਦਰ ਦੇ ਅੰਕੜਿਆਂ ਮੁਤਾਬਕ 17 ਅਗਸਤ ਨੂੰ ਚੰਡੀਗੜ੍ਹ ਸ਼ਹਿਰ ਵਿਚ 24 ਮਿਲੀਮੀਟਰ, ਚੰਡੀਗੜ੍ਹ-ਮੁਹਾਲੀ ਖੇਤਰ ਵਿਚ 18 ਮਿਲੀਮੀਟਰ ਅਤੇ ਚੰਡੀਗੜ੍ਹ-ਪੰਚਕੂਲਾ ਖੇਤਰ ਵਿਚ 6.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਨੇ ਲੋਕਾਂ ਨੂੰ ਖਾਸ ਕਰਕੇ ਸ਼ਾਮ ਅਤੇ ਰਾਤ ਦੇ ਸਮੇਂ ਮੌਸਮ ’ਤੇ ਨਜ਼ਰ ਰੱਖਣ ਅਤੇ ਤੇਜ਼ ਮੀਂਹ ਦੌਰਾਨ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ।

