ਨਵੀਂ ਦਿੱਲੀ- ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਇਥੋਪੀਆ ਵਿੱਚ ਜਵਾਲਾਮੁਖੀ ਫਟਣ ਕਰਕੇ ਬਣੇ ਸੁਆਹ ਦੇ ਬੱਦਲ ਚੀਨ ਵੱਲ ਵਧ ਰਹੇ ਹਨ ਅਤੇ ਮੰਗਲਵਾਰ ਸ਼ਾਮ 7.30 ਵਜੇ ਤੱਕ ਇਹ ਭਾਰਤ ਤੋਂ ਦੂਰ ਚਲੇ ਜਾਣਗੇ। ਇਥੋਪੀਆ ਵਿੱਚ Hayli Gubbi ਜਵਾਲਾਮੁਖੀ ਫਟਣ ਮਗਰੋਂ ਆਸਮਾਨ ਛਾਏ ਸੁਆਹ ਦੇ ਬੱਦਲਾਂ ਨੇ ਸੋਮਵਾਰ ਨੂੰ ਭਾਰਤ ਵਿੱਚ ਹਵਾਈ ਉਡਾਣਾਂ ਦੇ ਸੰਚਾਲਨ ਨੂੰ ਅਸਰਅੰਦਾਜ਼ ਕੀਤਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਕਿ ਪੂਰਵ ਅਨੁਮਾਨ ਮਾਡਲਾਂ ਨੇ ਮੰਗਲਵਾਰ ਨੂੰ ਗੁਜਰਾਤ, ਦਿੱਲੀ-ਐਨਸੀਆਰ, ਰਾਜਸਥਾਨ, ਪੰਜਾਬ ਅਤੇ ਹਰਿਆਣਾ ਵਿੱਚ ਸੁਆਹ ਦੇ ਅਸਰ ਦਾ ਸੰਕੇਤ ਦਿੱਤਾ ਹੈ।
ਆਈਐਮਡੀ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੈ ਮੋਹਾਪਾਤਰਾ ਨੇ ਕਿਹਾ ਕਿ ਸੁਆਹ ਦੇ ਬੱਦਲ ਚੀਨ ਵੱਲ ਵਧ ਰਹੇ ਹਨ ਅਤੇ ਸ਼ਾਮ 7.30 ਵਜੇ ਤੱਕ ਭਾਰਤੀ ਅਸਮਾਨ ਤੋਂ ਦੂਰ ਚਲੇ ਜਾਣਗੇ। ਵਿਭਾਗ ਅਨੁਸਾਰ ਇਥੋਪੀਆ ਦੇ ਅਫਾਰ ਖੇਤਰ ਵਿੱਚ ਇੱਕ ਢਾਲ ਜਵਾਲਾਮੁਖੀ, ਹੇਲੀ ਗੁੱਬੀ, ਐਤਵਾਰ ਨੂੰ ਫਟਿਆ, ਜਿਸ ਨਾਲ ਸੁਆਹ ਦਾ ਇੱਕ ਵੱਡਾ ਗੁਬਾਰ ਪੈਦਾ ਹੋਇਆ, ਜੋ ਕਰੀਬ 14 ਕਿਲੋਮੀਟਰ (45,000 ਫੁੱਟ) ਤੱਕ ਵਧਿਆ। ਮੌਸਮ ਵਿਭਾਗ ਦੇ ਮੁੰਬਈ, ਨਵੀਂ ਦਿੱਲੀ ਅਤੇ ਕੋਲਕਾਤਾ ਵਿਚਲੇ ਨਿਗਰਾਨੀ ਦਫਤਰਾਂ ਨੇ ਹਵਾਈ ਅੱਡਿਆਂ ਨੂੰ ICAO-ਸਟੈਂਡਰਡ ਮਹੱਤਵਪੂਰਨ ਮੌਸਮ ਵਿਗਿਆਨ ਜਾਣਕਾਰੀ (SIGMET) ਚੇਤਾਵਨੀਆਂ ਜਾਰੀ ਕੀਤੀਆਂ ਹਨ। ਐਡਵਾਈਜ਼ਰੀ ਵਿਚ ਪ੍ਰਭਾਵਿਤ ਹਵਾਈ ਖੇਤਰਾਂ ਤੋਂ ਬਚਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੌਸਮ ਦਫਤਰ ਨੇ ਕਿਹਾ ਕਿ ਖੇਤਰ ਉੱਤੇ ਉਡਾਣਾਂ ਨੂੰ ਮੁੜ ਰੂਟਿੰਗ, ਲੰਬੇ ਉਡਾਣ ਸਮੇਂ ਜਾਂ ਹੋਲਡਿੰਗ ਪੈਟਰਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਤੋਂ ਪਹਿਲਾਂ ਇਥੋਪੀਆ ਵਿਚ ਜਵਾਲਾਮੁਖੀ ਫਟਣ ਤੋਂ ਬਾਅਦ ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਸੋਮਵਾਰ ਸ਼ਾਮੀਂ ਸਾਰੀਆਂ ਭਾਰਤੀ ਏਅਰਲਾਈਨਾਂ ਨੂੰ ਕਿਹਾ ਸੀ ਕਿ ਓਮਾਨ ਖਿੱਤੇ ਵਿਚ ਅੱਗੇ ਦੇ ਗੋਲੇ ਤੇ ਸੁਆਹ ਉਡ ਰਹੀ ਹੈ ਜਿਸ ਕਾਰਨ ਮਾਹੌਲ ਹਵਾਈ ਉਡਾਣਾਂ ਲਈ ਸਾਜ਼ਗਾਰ ਨਹੀਂ ਹੈ। ਇਸ ਕਾਰਨ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮਸਕਟ ਫਲਾਈਟ ਇਨਫਰਮੇਸ਼ਨ ਰੀਜਨ (ਐਫਆਈਆਰ) ਉੱਤੇ ਜਵਾਲਾਮੁਖੀ ਦੀ ਸੁਆਹ ਉਡ ਰਹੀ ਹੈ। ਰੈਗੂਲੇਟਰ ਨੇ ਪੁਸ਼ਟੀ ਕੀਤੀ ਕਿ ਟੂਲੂਸ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਨੇ ਇੱਕ ਜਵਾਲਾਮੁਖੀ ਸਬੰਧੀ ਇਹਤਿਆਤ ਵਰਤਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਇਸ ਰੂਟ ਦੀ ਥਾਂ ਹੋਰ ਰਸਤਿਆਂ ਦੀ ਵਰਤੋਂ ਕਰਨ ਲਈ ਕਿਹਾ ਹੈ।
ਡੀਜੀਸੀਏ ਅਨੁਸਾਰ ਏਅਰਲਾਈਨਾਂ ਨੂੰ ਜਵਾਲਾਮੁਖੀ ਸੁਆਹ ਦੇ ਮੱਦੇਨਜ਼ਰ ਅਪਰੇਸ਼ਨ ਮੈਨੂਅਲ ਦੀ ਪੂਰੀ ਸਮੀਖਿਆ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਸਾਰੇ ਸਬੰਧਤ ਸਟਾਫ ਨੂੰ ਪੂਰੀ ਤਰ੍ਹਾਂ ਜਾਣਕਾਰੀ ਦਿੱਤੀ ਜਾਵੇ। ਰੈਗੂਲੇਟਰ ਨੇ ਜ਼ੋਰ ਦੇ ਕੇ ਕਿਹਾ ਕਿ ਨਿਰਧਾਰਤ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਉਡਾਣ ਦੌਰਾਨ ਸ਼ੱਕੀ ਚੀਜ਼ ਦਾ ਸਾਹਮਣਾ ਕਰਨਾ ਪਵੇ ਤਾਂ ਤੁਰੰਤ ਇਸ ਦੀ ਜਾਣਕਾਰੀ ਦਿੱਤੀ ਜਾਵੇ।

