55.69 F
New York, US
October 25, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜਦੋਂ ਹਿੰਦੂ ਸੰਗਠਨ ਦੇ ਦੌਰੇ ਕਾਰਨ ਫਰਾਂਸ ਦਾ ਆਈਫਲ ਟਾਵਰ ਇਕ ਦਿਨ ਲਈ ਬੰਦ ਹੋਇਆ

ਲੰਡਨ- ਦੁਨੀਆ ਦੇ ਪ੍ਰਸਿੱਧ ਸੈਰ-ਸਪਾਟਾ ਕੇਂਦਰ ਆਈਫਲ ਟਾਵਰ ਨੂੰ ਇੱਕ ਦਿਨ ਲਈ ਬੰਦ ਰੱਖਣਾ ਪਿਆ ਕਿਉਂਕਿ ਉੱਥੋਂ ਦੇ ਸਟਾਫ਼ ਨੇ ਹੜਤਾਲ ਕਰ ਦਿੱਤੀ ਸੀ। ਇਹ ਹੜਤਾਲ ਇਕ ਹਿੰਦੂ ਧਾਰਮਿਕ ਸੰਗਠਨ ਦੇ ਦੌਰੇ ਦੌਰਾਨ ਆਈਫਲ ਟਾਵਰ ਸਟਾਫ ਦੀਆਂ ਮਹਿਲਾ ਮੁਲਾਜ਼ਮਾਂ ਨੂੰ ਟਾਵਰ ਵਿਚ ਵਿਚਰਨ ਤੋਂ ਰੋਕਣ ਤੇ ਇਕ ਪਾਸੇ ਕਰਨ ਦੇ ਰੋਸ ਵਜੋਂ ਕੀਤੀ ਗਈ।

ਇਹ ਪਤਾ ਲੱਗਿਆ ਹੈ ਕਿ ਬੀ ਏ ਪੀ ਐੱਸ (ਬੋਚਾਸਵਾਸੀ ਅਕਸ਼ਰ ਪੁਰਸ਼ੋਤਮ) ਸਵਾਮੀਨਾਰਾਇਣ ਸੰਸਥਾ ਨਾਮਕ ਹਿੰਦੂ ਧਾਰਮਿਕ ਸਮੂਹ ਦੇ ਇੱਕ ਸੌ ਦੇ ਕਰੀਬ ਜਣਿਆਂ ਦੇ ਦੌਰੇ ਦੌਰਾਨ ਮਹਿਲਾ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੰਮ ਵਾਲੀ ਥਾਂ ਤੋਂ ਪਾਸੇ ਕਰ ਦਿੱਤਾ ਗਿਆ ਸੀ। ਯੂਰੋਨਿਊਜ਼ ਦੀ ਰਿਪੋਰਟ ਅਨੁਸਾਰ ਇਹ ਘਟਨਾ ਸ਼ਨਿਚਰਵਾਰ ਨੂੰ ਵਾਪਰੀ ਸੀ। ਇਸ ਵਿਵਾਦ ਬਾਰੇ ਜਦੋਂ ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਪੈਰਿਸ ਖੇਤਰ ਵਿੱਚ ਬੀ ਏ ਪੀ ਐੱਸ ਸੰਸਥਾ ਵੱਲੋਂ ਮੰਦਰ ਖੋਲ੍ਹੇ ਜਾਣ ਬਾਰੇ ਜਾਣਦੇ ਹਨ ਪਰ ਟਾਵਰ ਨਾਲ ਜੁੜਿਆ ਮਾਮਲਾ ਪੂਰੀ ਤਰ੍ਹਾਂ ਨਾਲ ਸਬੰਧਤ ਧਿਰਾਂ ਵਿਚਕਾਰ ਹੈ।

ਮਹਿਲਾ ਕਰਮਚਾਰੀਆਂ ਨੂੰ ਲਾਂਭੇ ਕਰਨ ਅਤੇ ਹਟਾਉਣ ਦੇ ਹੁਕਮਾਂ ਦਾ ਵਿਰੋਧ-   ਫਰਾਂਸ ਵਿੱਚ ਯੂਨੀਅਨ ਦੀ ਪ੍ਰਤੀਨਿਧ ਡਾਇਨ ਡੈਵੋਇਨ ਨੇ ਦੱਸਿਆ ਕਿ ਜਦੋਂ ਇਹ ਵਫ਼ਦ ਉੱਥੋਂ ਲੰਘ ਰਿਹਾ ਸੀ ਤਾਂ ਮਹਿਲਾ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੰਮ ਵਾਲੀ ਥਾਂ ਤੋਂ ਹਟਾ ਦਿੱਤਾ ਗਿਆ ਸੀ। ਆਈਫਲ ਟਾਵਰ ਦੇ ਕਰਮਚਾਰੀਆਂ ਨੇ ਪੇਸ਼ੇ ਦੇ ਉਲਟ ਹਦਾਇਤਾਂ ਦੀ ਸਖ਼ਤ ਨਿੰਦਾ ਕੀਤੀ ਹੈ ਜਿਨ੍ਹਾਂ ਤਹਿਤ ਮਹਿਲਾ ਕਰਮਚਾਰੀਆਂ ਨੂੰ ਉਨ੍ਹਾਂ ਦੇ ਔਰਤ ਹੋਣ ਕਾਰਨ ਪਾਸੇ ਕਰ ਦਿੱਤਾ ਗਿਆ, ਉਨ੍ਹਾਂ ਦੀ ਜਗ੍ਹਾ ਦੂਜਿਆਂ ਖਾਸ ਕਰ ਕੇ ਪੁਰਸ਼ਾਂ ਨੂੰ ਰੱਖਿਆ ਗਿਆ।ਸੀ.ਜੀ.ਟੀ. ਟਰੇਡ ਯੂਨੀਅਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੁਝ ਔਰਤਾਂ ਨੂੰ ਆਪਣੀਆਂ ਪੋਸਟਾਂ ਛੱਡ ਕੇ ਦੂਜੀਆਂ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਅਤੇ ਕਈ ਥਾਵਾਂ ‘ਤੇ ਉਨ੍ਹਾਂ ਦੀ ਜਗ੍ਹਾ ਪੁਰਸ਼ਾਂ ਨੂੰ ਤਾਇਨਾਤ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਸਾਰੀਆਂ ਮਹਿਲਾ ਕਰਮਚਾਰੀਆਂ ਨੂੰ ਹਦਾਇਤ ਦਿੱਤੀ ਗਈ ਸੀ ਕਿ ਜਦੋਂ ਤੱਕ ਇਹ ਵਫ਼ਦ ਉੱਥੇ ਮੌਜੂਦ ਹੈ, ਉਹ ਕੁਝ ਖਾਸ ਥਾਵਾਂ ਤੋਂ ਨਾ ਲੰਘਣ।

ਮਾਮਲੇ ਦੀ ਜਾਂਚ ਦੇ ਹੁਕਮ- ਫਰਾਂਸ ਦੀ ਰਾਜਧਾਨੀ ਦਾ ਇਹ ਟਾਵਰ, ਜਿੱਥੇ ਹਰ ਸਾਲ ਲਗਭਗ ਸੱਤ ਲੱਖ ਸੈਲਾਨੀ ਆਉਂਦੇ ਹਨ, ਮੰਗਲਵਾਰ ਨੂੰ ਆਪਣੇ ਤੈਅ ਸਮੇਂ ‘ਤੇ ਖੁੱਲ੍ਹ ਗਿਆ ਕਿਉਂਕਿ ਇਸ ਨੂੰ ਚਲਾਉਣ ਵਾਲੀ ਕੰਪਨੀ ਸੁਸਾਇਟੀ ਡੀ’ਐਕਸਪਲੋਇਟੇਸ਼ਨ ਡੀ ਲਾ ਟੂਰ ਆਈਫਲ (SETE) ਨੇ ਮੰਨਿਆ ਕਿ ਬੀ.ਏ.ਪੀ.ਐੱਸ. ਦੇ ਵਫ਼ਦ ਵੱਲੋਂ ਔਰਤਾਂ ਨਾਲ ਸੀਮਤ ਗੱਲਬਾਤ ਦੀ ਬੇਨਤੀ ਕੀਤੀ ਗਈ ਸੀ ਅਤੇ ਅਜਿਹੀਆਂ ਸ਼ਰਤਾਂ ਨੂੰ ਨਹੀਂ ਮੰਨਿਆ ਜਾਣਾ ਚਾਹੀਦਾ ਸੀ। ਪੈਰਿਸ ਦੇ ਮੇਅਰ ਇਮੈਨੁਅਲ ਨੇ ਆਈਫਲ ਟਾਵਰ ਦੇ ਸਟਾਫ਼ ਦੇ ਗੁੱਸੇ ਨੂੰ ਜਾਇਜ਼ ਦੱਸਦਿਆਂ ਇਸ ਨੂੰ ਅਸਵੀਕਾਰਨਯੋਗ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਅਸਲ ਵਿੱਚ ਕੀ ਹੋਇਆ ਸੀ।

ਦੂਜੇ ਪਾਸੇ, ਪੈਰਿਸ ਵਿੱਚ ਸਥਿਤ ਬੀ.ਏ.ਪੀ.ਐੱਸ. ਹਿੰਦੂ ਮੰਦਿਰ ਨੇ ਇਸ ਮਾਮਲੇ ‘ਤੇ ਮੁਆਫੀ ਮੰਗਦਿਆਂ ਕਿਹਾ ਹੈ ਕਿ ਉਹ ਇਸ ਘਟਨਾ ਕਾਰਨ ਉੱਠੀਆਂ ਚਿੰਤਾਵਾਂ ਨੂੰ ਸਮਝਦੇ ਹਨ ਅਤੇ ਉਨ੍ਹਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ। ਸੰਸਥਾ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ‘ਤੇ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਦੌਰਾ ਬਾਕੀ ਸੈਲਾਨੀਆਂ ਨੂੰ ਘੱਟ ਤੋਂ ਘੱਟ ਪ੍ਰੇਸ਼ਾਨੀ ਹੋਣ ਦੇ ਮੱਦੇਨਜ਼ਰ ਆਈਫਲ ਟਾਵਰ ਦੀ ਟੀਮ ਨਾਲ ਮਿਲ ਕੇ ਆਮ ਖੁੱਲ੍ਹਣ ਦੇ ਸਮੇਂ ਸ਼ੁਰੂ ਵਿੱਚ ਤੈਅ ਕੀਤਾ ਗਿਆ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਕਿਸੇ ਵੀ ਸਮੇਂ ਕਿਸੇ ਵੀ ਵਿਅਕਤੀ ਨੂੰ ਆਈਫਲ ਟਾਵਰ ਵਿੱਚ ਜਾਣ ਤੋਂ ਨਹੀਂ ਰੋਕਿਆ ਗਿਆ ਸੀ ਅਤੇ ਜੇਕਰ ਇਸ ਸਥਿਤੀ ਕਾਰਨ ਕਿਸੇ ਨੂੰ ਵੀ ਠੇਸ ਪਹੁੰਚੀ ਹੈ ਜਾਂ ਅਸੁਵਿਧਾ ਹੋਈ ਹੈ ਤਾਂ ਉਹ ਦਿਲੋਂ ਮੁਆਫੀ ਮੰਗਦੇ ਹਨ। ਫਰਾਂਸ ਵਿੱਚ ਇਸ ਹਿੰਦੂ ਸਮੂਹ ਨੇ ਐਤਵਾਰ ਨੂੰ ਪੈਰਿਸ ਨੇੜੇ ਆਪਣੇ ਪਹਿਲੇ ਵੱਡੇ ਅਤੇ ਰਵਾਇਤੀ ਹਿੰਦੂ ਮੰਦਿਰ ਦੀ ਸ਼ੁਰੂਆਤ ਕੀਤੀ ਹੈ ਅਤੇ ਉਨ੍ਹਾਂ ਦਾ ਵਫ਼ਦ ਇਸੇ ਮੰਦਿਰ ਦੇ ਉਦਘਾਟਨ ਲਈ ਉੱਥੇ ਗਿਆ ਹੋਇਆ ਹੈ।

ਇਸ ਘਟਨਾ ਤੋਂ ਬਾਅਦ ਫਰਾਂਸ ਦੇ ਕਈ ਸੀਨੀਅਰ ਰਾਜਨੇਤਾਵਾਂ ਨੇ ਵੀ ਇਸ ਦੀ ਸਖ਼ਤ ਆਲੋਚਨਾ ਕੀਤੀ ਹੈ। ਨੈਸ਼ਨਲ ਅਸੈਂਬਲੀ ਦੀ ਪ੍ਰਧਾਨ ਯੇਲ ਬ੍ਰੌਨ-ਪਿਵੇਟ ਨੇ ਕਿਹਾ ਕਿ ਉਹ ਇਸ ਗੱਲ ਨੂੰ ਕਦੇ ਸਵੀਕਾਰ ਨਹੀਂ ਕਰ ਸਕਦੇ ਕਿ ਵਿਦੇਸ਼ੀ ਮਹਿਮਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਔਰਤਾਂ ਨੂੰ ਪਾਸੇ ਹਟਣ ਲਈ ਕਿਹਾ ਜਾਵੇ। ਔਰਤ ਤੇ ਪੁਰਸ਼ ਵਿਚ ਸਮਾਨਤਾ ਅਤੇ ਵਿਤਕਰੇ ਵਿਰੁੱਧ ਲੜਾਈ ਬਾਰੇ ਫਰਾਂਸ ਦੀ ਮੰਤਰੀ ਅਰੋਰ ਬਰਗ ਨੇ ਇਸ ਘਟਨਾ ਨੂੰ ਅਸਵੀਕਾਰਨਯੋਗ ਦੱਸਿਆ ਅਤੇ ਕਿਹਾ ਕਿ ਫਰਾਂਸ ਵਿੱਚ ਔਰਤਾਂ ਅਤੇ ਮਰਦਾਂ ਵਿਚਕਾਰ ਬਰਾਬਰੀ ਦਾ ਸਿਧਾਂਤ ਗੈਰ-ਸੌਦੇਬਾਜ਼ੀ ਯੋਗ ਹੈ ਅਤੇ ਕੋਈ ਵੀ ਧਰਮ ਜਾਂ ਸਿਧਾਂਤ ਦੇਸ਼ ਦੇ ਕਾਨੂੰਨਾਂ ਤੋਂ ਉੱਪਰ ਨਹੀਂ ਹੈ। ਸਾਬਕਾ ਪ੍ਰਧਾਨ ਮੰਤਰੀ ਗੈਬਰੀਅਲ ਅਟਾਲ ਨੇ ਵੀ ਕਿਹਾ ਕਿ ਫਰਾਂਸ ਵਿੱਚ ਕੋਈ ਵੀ ਔਰਤਾਂ ਨੂੰ ਉਨ੍ਹਾਂ ਦਾ ਸਥਾਨ ਨਹੀਂ ਦੱਸ ਸਕਦਾ ਅਤੇ ਉਨ੍ਹਾਂ ਨੇ ਆਈਫਲ ਟਾਵਰ ਦੇ ਸਟਾਫ਼ ਨੂੰ ਪੂਰਾ ਸਮਰਥਨ ਦਿੱਤਾ ਹੈ।

Related posts

ਮਜੀਠੀਆ ਦੀਆਂ ਮੁਸ਼ਕਲਾਂ ਵਧੀਆਂ; ਪੁਲੀਸ ਨੂੰ ਧਮਕਾਉਣ ਦੇ ਦੋਸ਼ ਹੇਠ ਕੇਸ ਦਰਜ ਕਰਨ ਦੀ ਤਿਆਰੀ

On Punjab

ਤਜ਼ਰਬਾ ਬਾਜ਼ਾਰ ‘ਚ ਵੇਚਿਆ ਜਾਂ ਖ਼ਰੀਦਿਆ ਨਹੀਂ ਜਾਂਦਾ: ਰਵੀ ਸ਼ਾਸਤਰੀ

On Punjab

ਸੋਵੀਅਤ ਦੌਰ ਦਾ ਪੁਲਾੜ ਵਾਹਨ 53 ਸਾਲ ਆਰਬਿਟ ਵਿੱਚ ਫਸਿਆ ਰਹਿਣ ਮਗਰੋਂ ਸਮੁੰਦਰ ’ਚ ਡਿੱਗਾ

On Punjab