62.89 F
New York, US
September 21, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਚੰਡੀਗੜ੍ਹ ਵਿੱਚ 22 ਸਤੰਬਰ ਦੇ iPhone ਲੰਗਰ ’ਤੇ ਪ੍ਰਸ਼ਾਸਨ ਵੱਲੋਂ ਰੋਕ

ਚੰਡੀਗੜ੍ਹ-  ਚੰਡੀਗੜ੍ਹ ਵਿੱਚ 22 ਸਤੰਬਰ ਨੂੰ ਲੱਗਣ ਵਾਲੇ ‘iPhone ਦੇ ਲੰਗਰ’ ’ਤੇ ਪ੍ਰਸ਼ਾਸਨ ਨੇ ਰੋਕ ਲਗਾ ਦਿੱਤੀ ਹੈ। ਕਾਰੋਬਾਰੀ ਰਾਕੇਸ਼ ਤ੍ਰੇਹਨ ਉਰਫ਼ ‘ਰਾਜਾ ਡੀ ਕਿੰਗ’ ਵੱਲੋਂ ਚੰਡੀਗੜ੍ਹ ਅਤੇ ਮੁਹਾਲੀ ਵਿੱਚ ਔਰਤਾਂ ਨੂੰ ਮੁਫ਼ਤ iPhone ਦੇਣ ਦਾ ਐਲਾਨ ਕੀਤਾ ਗਿਆ ਸੀ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਸਕਦੇ ਹਨ ਅਤੇ ਭੀੜ ਬੇਕਾਬੂ ਹੋਣ ਕਾਰਨ ਭਗਦੜ ਵਰਗੀ ਸਥਿਤੀ ਪੈਦਾ ਹੋਣ ਦਾ ਖ਼ਤਰਾ ਹੈ।

ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਨੇ ਪੁਲੀਸ ਨੂੰ 22 ਸਤੰਬਰ ਨੂੰ ਹੋਣ ਵਾਲੇ ਇਸ ਪ੍ਰਸਤਾਵਿਤ ਸਮਾਗਮ ਨੂੰ ਰੋਕਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਇਕੱਠ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਅਚਾਨਕ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਣ ਨਾਲ ਲੋਕਾਂ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਹੈ। ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਮਹਿੰਗੇ ਫੋਨ ਵੰਡਣ ਦੀ ਬਜਾਏ ਬਜ਼ੁਰਗ ਆਸ਼ਰਮਾਂ, ਅਨਾਥ ਆਸ਼ਰਮਾਂ ਜਾਂ ਹੋਰ ਸੇਵਾ ਕਾਰਜਾਂ ਵਿੱਚ ਮਦਦ ਕੀਤੀ ਜਾਵੇ।

ਚੰਡੀਗੜ੍ਹ ਦੇ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਸ ਸਮਾਗਮ ਲਈ ਪੁਲੀਸ ਜਾਂ ਪ੍ਰਸ਼ਾਸਨ ਤੋਂ ਕੋਈ ਰਸਮੀ ਇਜਾਜ਼ਤ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਅਤੇ ਹੋਰ ਮਾਧਿਅਮਾਂ ਰਾਹੀਂ ਸਮਾਗਮ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਪ੍ਰੋਗਰਾਮ ਕਰਵਾਉਣ ਵਾਲੇ ਨੂੰ ਲਿਖਤੀ ਤੌਰ ’ਤੇ ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਕਰਵਾਉਣ ਦੀ ਇਜਾਜ਼ਤ ਨਹੀਂ ਹੈ। ਪੁਲੀਸ ਮੁਤਾਬਕ ਬਿਨਾਂ ਇਜਾਜ਼ਤ ਅਜਿਹਾ ਜਨਤਕ ਇਕੱਠ ਕਰਨਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਤਹਿਤ ਲਾਗੂ ਪਾਬੰਦੀਆਂ ਦੀ ਉਲੰਘਣਾ ਹੋ ਸਕਦਾ ਹੈ।

ਡਰਾਅ ਰਾਹੀਂ ਦਿੱਤੇ ਜਾਣੇ ਸਨ ਆਈਫੋਨ- ਰਾਕੇਸ਼ ਤ੍ਰੇਹਨ ਨੇ ਸੋਸ਼ਲ ਮੀਡੀਆ ਰਾਹੀਂ ਐਲਾਨ ਕੀਤਾ ਸੀ ਕਿ 22 ਸਤੰਬਰ ਨੂੰ ਚੰਡੀਗੜ੍ਹ ਅਤੇ ਮੁਹਾਲੀ ਵਿੱਚ ਔਰਤਾਂ ਨੂੰ iPhone 17 ਅਤੇ ਇਸ ਤੋਂ ਉੱਪਰ ਦੇ ਮਾਡਲ ਦਿੱਤੇ ਜਾਣਗੇ। ਸ਼ੁਰੂ ਵਿੱਚ ਉਨ੍ਹਾਂ ਵੱਲੋਂ ਖ਼ੁਦ ਮੌਜੂਦ ਰਹਿ ਕੇ ਫੋਨ ਵੰਡਣ ਦੀ ਗੱਲ ਕਹੀ ਗਈ ਸੀ। ਬਾਅਦ ਵਿੱਚ ਉਨ੍ਹਾਂ ਨੇ ਸਮਾਗਮ ਦਾ ਤਰੀਕਾ ਬਦਲਣ ਦੀ ਗੱਲ ਕਰਦਿਆਂ ਕਿਹਾ ਕਿ iPhone ਦਾ ਲੱਕੀ ਡਰਾਅ ਮੀਡੀਆ ਦੇ ਸਾਹਮਣੇ ਕੱਢਿਆ ਜਾਵੇਗਾ ਅਤੇ ਜੇਤੂ ਨੂੰ ਉਸ ਦੇ ਘਰ ਜਾ ਕੇ ਫੋਨ ਦਿੱਤਾ ਜਾਵੇਗਾ। ਰਿਪੋਰਟਾਂ ਮੁਤਾਬਕ ਤ੍ਰੇਹਨ ਨੇ ਚੰਡੀਗੜ੍ਹ ਅਤੇ ਮੁਹਾਲੀ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਮੁਫ਼ਤ iPhone ਦੇਣ ਦਾ ਐਲਾਨ ਵੀ ਕੀਤਾ ਸੀ। ਉਨ੍ਹਾਂ ਨੇ ਕਰੀਬ 1,000 iPhone ਦੇ ਆਰਡਰ ਦੇਣ ਦੀ ਗੱਲ ਕਹੀ ਸੀ ਅਤੇ ਪਹਿਲੇ ਦਿਨ 10 ਮੋਬਾਈਲ ਫੋਨ ਦੇਣ ਦੀ ਯੋਜਨਾ ਦੱਸੀ ਸੀ। ਹਾਲਾਂਕਿ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਤਰੀਕਾ ਬਦਲਣ ਦੇ ਬਾਵਜੂਦ ਇਸ ਐਲਾਨ ਨਾਲ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਸਕਦੇ ਹਨ ਅਤੇ ਭੀੜ ਨੂੰ ਕਾਬੂ ਕਰਨਾ ਮੁਸ਼ਕਲ ਹੋ ਸਕਦਾ ਹੈ।

ਪੈਟਰੋਲ ਦੇ ਲੰਗਰ ਕਾਰਨ ਸੁਰਖੀਆਂ ਵਿਚ ਸਨ ਤ੍ਰੇਹਨ- ਇਸ ਤੋਂ ਪਹਿਲਾਂ ਵੀ ਰਾਕੇਸ਼ ਤ੍ਰੇਹਨ ਵੱਲੋਂ ‘ਪੈਟਰੋਲ ਲੰਗਰ’ ਦਾ ਐਲਾਨ ਕੀਤਾ ਗਿਆ ਸੀ। ਉਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਸਨ ਅਤੇ ਮੀਂਹ ਕਾਰਨ ਵੀ ਪ੍ਰਬੰਧਾਂ ਨੂੰ ਲੈ ਕੇ ਮੁਸ਼ਕਲਾਂ ਪੈਦਾ ਹੋਈਆਂ ਸਨ। ਬਾਅਦ ਵਿੱਚ ਇਹ ਸਮਾਗਮ ਰੱਦ ਕਰਨਾ ਪਿਆ ਸੀ। ਪ੍ਰਸ਼ਾਸਨ ਨੇ ਇਸ ਪਿਛਲੇ ਤਜਰਬੇ ਨੂੰ ਵੀ ਮੌਜੂਦਾ iPhone ਲੰਗਰ ਸਬੰਧੀ ਆਪਣੀ ਚਿੰਤਾ ਦਾ ਇੱਕ ਕਾਰਨ ਦੱਸਿਆ ਹੈ।

Related posts

ਸਿਰਫ ਲੌਕਡਾਊਨ ਨਾਲ ਨਹੀਂ ਹੋਵਾਂਗੇ ਕੋਰੋਨਾ ਨੂੰ ਹਰਾਉਣ ਦੇ ਯੋਗ : ਰਾਹੁਲ ਗਾਂਧੀ

On Punjab

ਪੰਜਾਬੀ ਮੂਲ ਦੇ ਅਮਰੀਕੀ ਨੇਵੀ ਅਫ਼ਸਰ ਦਾ ਗੋਲ਼ੀਆਂ ਮਾਰ ਕੇ ਕਤਲ

On Punjab

ਕੰਸਰਟ ‘ਚ ਹੰਗਾਮਾ: ਝੰਡੇ ਦਿਖਾਉਣ ਵਾਲਿਆਂ ‘ਤੇ ਭੜਕਿਆ ਦਿਲਜੀਤ ਦੋਸਾਂਝ, ਸਟੇਜ ਤੋਂ ਦਿੱਤੇ ਸਖ਼ਤ ਨਿਰਦੇਸ਼

On Punjab