ਚੰਡੀਗੜ੍ਹ- ਚੰਡੀਗੜ੍ਹ ਵਿੱਚ 22 ਸਤੰਬਰ ਨੂੰ ਲੱਗਣ ਵਾਲੇ ‘iPhone ਦੇ ਲੰਗਰ’ ’ਤੇ ਪ੍ਰਸ਼ਾਸਨ ਨੇ ਰੋਕ ਲਗਾ ਦਿੱਤੀ ਹੈ। ਕਾਰੋਬਾਰੀ ਰਾਕੇਸ਼ ਤ੍ਰੇਹਨ ਉਰਫ਼ ‘ਰਾਜਾ ਡੀ ਕਿੰਗ’ ਵੱਲੋਂ ਚੰਡੀਗੜ੍ਹ ਅਤੇ ਮੁਹਾਲੀ ਵਿੱਚ ਔਰਤਾਂ ਨੂੰ ਮੁਫ਼ਤ iPhone ਦੇਣ ਦਾ ਐਲਾਨ ਕੀਤਾ ਗਿਆ ਸੀ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਸਕਦੇ ਹਨ ਅਤੇ ਭੀੜ ਬੇਕਾਬੂ ਹੋਣ ਕਾਰਨ ਭਗਦੜ ਵਰਗੀ ਸਥਿਤੀ ਪੈਦਾ ਹੋਣ ਦਾ ਖ਼ਤਰਾ ਹੈ।
ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਨੇ ਪੁਲੀਸ ਨੂੰ 22 ਸਤੰਬਰ ਨੂੰ ਹੋਣ ਵਾਲੇ ਇਸ ਪ੍ਰਸਤਾਵਿਤ ਸਮਾਗਮ ਨੂੰ ਰੋਕਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਇਕੱਠ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਅਚਾਨਕ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਣ ਨਾਲ ਲੋਕਾਂ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਹੈ। ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਮਹਿੰਗੇ ਫੋਨ ਵੰਡਣ ਦੀ ਬਜਾਏ ਬਜ਼ੁਰਗ ਆਸ਼ਰਮਾਂ, ਅਨਾਥ ਆਸ਼ਰਮਾਂ ਜਾਂ ਹੋਰ ਸੇਵਾ ਕਾਰਜਾਂ ਵਿੱਚ ਮਦਦ ਕੀਤੀ ਜਾਵੇ।
ਚੰਡੀਗੜ੍ਹ ਦੇ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਸ ਸਮਾਗਮ ਲਈ ਪੁਲੀਸ ਜਾਂ ਪ੍ਰਸ਼ਾਸਨ ਤੋਂ ਕੋਈ ਰਸਮੀ ਇਜਾਜ਼ਤ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਅਤੇ ਹੋਰ ਮਾਧਿਅਮਾਂ ਰਾਹੀਂ ਸਮਾਗਮ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਪ੍ਰੋਗਰਾਮ ਕਰਵਾਉਣ ਵਾਲੇ ਨੂੰ ਲਿਖਤੀ ਤੌਰ ’ਤੇ ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਕਰਵਾਉਣ ਦੀ ਇਜਾਜ਼ਤ ਨਹੀਂ ਹੈ। ਪੁਲੀਸ ਮੁਤਾਬਕ ਬਿਨਾਂ ਇਜਾਜ਼ਤ ਅਜਿਹਾ ਜਨਤਕ ਇਕੱਠ ਕਰਨਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਤਹਿਤ ਲਾਗੂ ਪਾਬੰਦੀਆਂ ਦੀ ਉਲੰਘਣਾ ਹੋ ਸਕਦਾ ਹੈ।
ਪੈਟਰੋਲ ਦੇ ਲੰਗਰ ਕਾਰਨ ਸੁਰਖੀਆਂ ਵਿਚ ਸਨ ਤ੍ਰੇਹਨ- ਇਸ ਤੋਂ ਪਹਿਲਾਂ ਵੀ ਰਾਕੇਸ਼ ਤ੍ਰੇਹਨ ਵੱਲੋਂ ‘ਪੈਟਰੋਲ ਲੰਗਰ’ ਦਾ ਐਲਾਨ ਕੀਤਾ ਗਿਆ ਸੀ। ਉਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਸਨ ਅਤੇ ਮੀਂਹ ਕਾਰਨ ਵੀ ਪ੍ਰਬੰਧਾਂ ਨੂੰ ਲੈ ਕੇ ਮੁਸ਼ਕਲਾਂ ਪੈਦਾ ਹੋਈਆਂ ਸਨ। ਬਾਅਦ ਵਿੱਚ ਇਹ ਸਮਾਗਮ ਰੱਦ ਕਰਨਾ ਪਿਆ ਸੀ। ਪ੍ਰਸ਼ਾਸਨ ਨੇ ਇਸ ਪਿਛਲੇ ਤਜਰਬੇ ਨੂੰ ਵੀ ਮੌਜੂਦਾ iPhone ਲੰਗਰ ਸਬੰਧੀ ਆਪਣੀ ਚਿੰਤਾ ਦਾ ਇੱਕ ਕਾਰਨ ਦੱਸਿਆ ਹੈ।

