PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

‘ਗੱਦਾ ਦੇ ਦਿਓ, ਪਿੱਠ ਵਿੱਚ ਦਰਦ ਹੈ…’

ਚੰਡੀਗਡ਼੍ਹ- ਸੀ ਬੀ ਆਈ ਅਦਾਲਤ ’ਚ ਅੱਜ ਮੁਅੱਤਲ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੇ ਮਾਡਲ ਜੇਲ੍ਹ ਬੁੜੈਲ ’ਚ ਗੱਦਾ ਮੁਹੱਈਆ ਕਰਾਉਣ ਲਈ ਅਰਜ਼ੀ ਦਾਇਰ ਕੀਤੀ ਹੈ। ਸੀਬੀਆਈ ਅਦਾਲਤ ਨੇ ਜੇਲ੍ਹ ਮੈਨੂਅਲ ਅਨੁਸਾਰ ਭੁੱਲਰ ਨੂੰ ਗੱਦਾ ਦੇਣ ਦੇ ਹੁਕਮ ਜਾਰੀ ਕੀਤੇ ਹਨ। ਭੁੱਲਰ ਨੇ ਅੱਜ ਸੀ ਬੀ ਆਈ ਅਦਾਲਤ ’ਚ ਆਪਣੇ ਵਕੀਲ ਰਾਹੀਂ ਅਰਜ਼ੀ ਦਾਇਰ ਕਰਕੇ ਦੱਸਿਆ ਕਿ ਉਸ ਦੀ ਪਿੱਠ ’ਚ ਦਰਦ ਹੈ।

ਭੁੱਲਰ ਨੇ ਮਾਡਲ ਜੇਲ੍ਹ ਬੁੜੈਲ ’ਚ ਤਾਇਨਾਤ ਡਾਕਟਰ ਦੀ ਸਲਾਹ ਦੇ ਹਵਾਲੇ ਨਾਲ ਅੱਜ ਗੱਦੇ ਦੀ ਮੰਗ ਕੀਤੀ। ਸੀ ਬੀ ਆਈ ਅਦਾਲਤ ਦੀ ਵਿਸ਼ੇਸ਼ ਜੱਜ ਭਾਵਨਾ ਜੈਨ ਵੱਲੋਂ ਸੁਣਾਏ ਹੁਕਮਾਂ ਅਨੁਸਾਰ ਮਾਡਲ ਜੇਲ੍ਹ ਬੁੜੈਲ ਦੇ ਸੁਪਰਡੈਂਟ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜੇਲ੍ਹ ਮੈਨੂਅਲ ਅਨੁਸਾਰ ਭੁੱਲਰ ਦੀ ਗੱਦਾ ਮੁਹੱਈਆ ਕਰਾਏ ਜਾਣ ਦੀ ਮੰਗ ’ਤੇ ਵਿਚਾਰ ਕੀਤਾ ਜਾਵੇ। ਇਹ ਵੀ ਕਿਹਾ ਕਿ ਜੇ ਨਿਯਮ ਇਸ ਦੀ ਇਜਾਜ਼ਤ ਦਿੰਦੇ ਹਨ ਤਾਂ ਮੁਲਜ਼ਮ ਨੂੰ ਲੋੜੀਂਦਾ ਗੱਦਾ ਮੁਹੱਈਆ ਕਰਾਇਆ ਜਾਵੇ।

ਹੁਣ ਜੇਲ੍ਹ ਮੈਨੂਅਲ ਅਨੁਸਾਰ ਗੱਦਾ ਮੁਹੱਈਆ ਕਰਾਉਣ ਬਾਰੇ ਫ਼ੈਸਲਾ ਜੇਲ੍ਹ ਪ੍ਰਸ਼ਾਸਨ ਦੇ ਹੱਥ ਹੈ। ਸੀ ਬੀ ਆਈ ਅਦਾਲਤ ਨੇ ਬਚਾਅ ਪੱਖ ਦੇ ਵਕੀਲਾਂ ਨੂੰ ਮੁਲਜ਼ਮਾਂ ਨਾਲ ਪੰਜ ਮਿੰਟਾਂ ਲਈ ਗੱਲਬਾਤ ਕਰਨ ਦੀ ਇਜਾਜ਼ਤ ਵੀ ਦਿੱਤੀ ਗਈ। ਚੇਤੇ ਰਹੇ ਕਿ ਸੀ ਬੀ ਆਈ ਵੱਲੋਂ ਹਰਚਰਨ ਸਿੰਘ ਭੁੱਲਰ ’ਤੇ ਦੋ ਕੇਸ ਦਰਜ ਕੀਤੇ ਗਏ ਹਨ। ਸੀ ਬੀ ਆਈ ਨੇ ਗੋਬਿੰਦਗੜ੍ਹ ਮੰਡੀ ਦੇ ਸਕਰੈਪ ਡੀਲਰ ਨਰੇਸ਼ ਬੱਤਾ ਦੀ ਸ਼ਿਕਾਇਤ ’ਤੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਅਤੇ ਦਲਾਲ ਕ੍ਰਿਸ਼ਨੂੰ ਸ਼ਾਰਦਾ ’ਤੇ ਭਾਰਤੀ ਨਿਆਏ ਸੰਹਿਤਾ, 2023 ਦੀ ਧਾਰਾ 61(2) ਅਤੇ ਭ੍ਰਿਸ਼ਟਾਚਾਰ ਰੋਕੂ ਐਕਟ 1988 ਦੀ ਧਾਰਾ 7 ਅਤੇ 7 ਏ ਦੇ ਤਹਿਤ ਕੇਸ ਦਰਜ ਕੀਤਾ ਸੀ। ਸਕਰੈਪ ਡੀਲਰ ਨਰੇਸ਼ ਬੱਤਾ ਖ਼ਿਲਾਫ਼ ਸਾਲ 29 ਅਕਤੂਬਰ 2023 ਦਾ ਕੋਈ ਪੁਰਾਣਾ ਕੇਸ ਦਰਜ ਸੀ ਜਿਸ ਦੇ ਨਿਬੇੜੇ ਲਈ ਅੱਠ ਲੱਖ ਦੀ ਰਿਸ਼ਵਤ ਲਈ ਗਈ ਅਤੇ ਨਾਲ ਮਹੀਨਾਵਾਰ ‘ਸੇਵਾ ਪਾਣੀ’ ਦੀ ਮੰਗ ਕੀਤੀ ਗਈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਪਿਛਲੇ ਸਮੇਂ ਦੌਰਾਨ ਬਿਕਰਮ ਸਿੰਘ ਮਜੀਠੀਆ ਦਾ ਨਾਮ ਲਏ ਬਿਨਾਂ ਸਟੇਜਾਂ ਤੋਂ ਆਖਦੇ ਰਹੇ ਹਨ ਕਿ ਨਾਭੇ ਜੇਲ੍ਹ ਦੇ ਬੰਦੀ ਵੱਲੋਂ ਸਹੂਲਤਾਂ ਦੀ ਮੰਗ ਕੀਤੀ ਜਾ ਰਹੀ ਹੈ।

ਭੁੱਲਰ ਨੂੰ 20 ਤੱਕ ਨਿਆਂਇਕ ਹਿਰਾਸਤ ’ਚ ਭੇਜਿਆ:  ਸੀ ਬੀ ਆਈ ਵੱਲੋਂ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਕਾਬੂ ਕੀਤੇ ਮੁਅੱਤਲ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੂੰ 5 ਦਿਨਾਂ ਦੇ ਰਿਮਾਂਡ ਤੋਂ ਬਾਅਦ ਚੰਡੀਗੜ੍ਹ ਸਥਿਤ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਸੀ ਬੀ ਆਈ ਵੱਲੋਂ ਭੁੱਲਰ ਦੇ ਰਿਮਾਂਡ ਦੀ ਮੰਗ ਨਹੀਂ ਕੀਤੀ ਗਈ ਤੇ ਅਦਾਲਤ ਨੇ ਉਸ ਨੂੰ 20 ਨਵੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸੀ ਬੀ ਆਈ ਦੀ ਟੀਮ ਵੱਲੋਂ ਮੁਅੱਤਲ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੂੰ ਸੀ ਬੀ ਆਈ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅੱਜ ਦੀ ਸੁਣਵਾਈ ਦੌਰਾਨ ਸੀ ਬੀ ਆਈ ਦੇ ਵਕੀਲ ਨੇ ਅਦਾਲਤ ਵਿੱਚ ਕਿਹਾ ਕਿ ਮੁਲਜ਼ਮ ਨੇ ਰਿਮਾਂਡ ਦੌਰਾਨ ਸੀ ਬੀ ਆਈ ਨੂੰ ਪੁੱਛ ਪੜਤਾਲ ਵਿੱਚ ਸਹਿਯੋਗ ਨਹੀਂ ਕੀਤਾ। ਦੂਜੇ ਪਾਸੇ ਮੁਲਜ਼ਮ ਦੇ ਵਕੀਲ ਐੱਚ ਐੱਸ ਧਨੋਆ ਤੇ ਆਰ ਪੀ ਐੱਸ ਬਰਾੜ ਨੇ ਸੀ ਬੀਆਈ ਦੀਆਂ ਦਲੀਲਾਂ ਦਾ ਵਿਰੋਧ ਕੀਤਾ। ਬਚਾਅ ਪੱਖ ਦੇ ਵਕੀਲ ਨੇ ਮਾਨਯੋਗ ਅਦਾਲਤ ਤੋਂ ਭੁੱਲਰ ਦਾ ਜੇਲ੍ਹ ਵਿੱਚ ਸਮੇਂ ਸਿਰ ਮੈਡੀਕਲ ਚੈਕਅੱਪ ਕਰਵਾਉਣ ਦੀ ਅਪੀਲ ਕੀਤੀ। ਅਦਾਲਤ ਨੇ ਬਚਾਅ ਪੱਖ ਦੇ ਵਕੀਲ ਨੂੰ ਇਸ ਸਬੰਧੀ ਜੇਲ੍ਹ ਪ੍ਰਸ਼ਾਸਨ ਨੂੰ ਪੱਤਰ ਲਿਖਣ ਦੇ ਨਿਰਦੇਸ਼ ਦਿੱਤੇ। ਸੂਤਰਾਂ ਅਨੁਸਾਰ ਭੁੱਲਰ ਤੇ ਕ੍ਰਿਸ਼ਨੂੰ ਦੇ ਪੁਲੀਸ ਰਿਮਾਂਡ ਦੌਰਾਨ ਸੀ ਬੀ ਆਈ ਵੱਲੋਂ ਦੋਵਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛ ਪੜਤਲ ਕੀਤੀ ਹੈ। ਇਸ ਦੌਰਾਨ ਭ੍ਰਿਸ਼ਟਾਚਾਰ ਦੇ ਕਥਿਤ ਮਾਮਲੇ ਵਿੱਚ ਕਈ ਹੋਰ ਅਧਿਕਾਰੀਆਂ ਦੇ ਸ਼ਾਮਲ ਹੋਣ ਦੀ ਵੀ ਸੀ ਬੀ ਆਈ ਨੂੰ ਸੂਹ ਲੱਗੀ ਹੈ, ਜਿਸ ਬਾਰੇ ਸੀ ਬੀ ਆਈ ਨੇ ਅੰਦਰ ਖਾਤੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

Related posts

Kisan Mahapanchayat: ਰਾਕੇਸ਼ ਟਿਕੈਤ ਬੋਲੇ – ਆਜ਼ਾਦੀ ਦਾ ਅੰਦੋਲਨ 90 ਸਾਲ ਚੱਲਿਆ, ਨਹੀਂ ਪਤਾ ਕਦੋਂ ਤਕ ਚੱਲੇਗਾ ਕਿਸਾਨ ਅੰਦੋਲਨ!

On Punjab

ਨਵੇਂ ਸਾਲ ਦੇ ਭਾਸ਼ਣ ’ਚ ਤਾਇਵਾਨ ਦੀ ਰਾਸ਼ਟਰਪਤੀ ਨੇ ਕਿਹਾ- ਚੀਨ ਤੋਂ ਵੱਧ ਰਿਹਾ ਫ਼ੌਜੀ ਖ਼ਤਰਾ

On Punjab

ਅੰਮ੍ਰਿਤਸਰ ਤੋਂ ਟੋਰਾਂਟੋ ਜਾਣ ਲਈ ਦਿੱਲੀ ਦਾ ਗੇੜਾ ਜ਼ਰੂਰੀ

On Punjab