PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਗੈਂਗਸਟਰਾਂ ਦੇ ਸਤਾਏ ਵਪਾਰੀ ਨਿੱਜੀ ਸੁਰੱਖਿਆ ਗਾਰਡ ਰੱਖਣ ਲੱਗੇ

ਤਰਨ ਤਾਰਨ- ਪੰਜਾਬ ’ਚ ਨਿੱਤ ਫਿਰੌਤੀ, ਲੁੱਟ-ਖੋਹ ਅਤੇ ਹੱਤਿਆਵਾਂ ਦੀਆਂ ਘਟਨਾਵਾਂ ਤੋਂ ਹੁਣ ਦੁਕਾਨਦਾਰ ਤੇ ਵਪਾਰੀ ਹੀ ਨਹੀਂ, ਸਗੋਂ ਆਮ ਲੋਕ ਵੀ ਪ੍ਰੇਸ਼ਾਨ ਹੋ ਚੁੱਕੇ ਹਨ। ਸਰਕਾਰ ਤੋਂ ਉਨ੍ਹਾਂ ਸੁਰੱਖਿਆ ਦੀ ਉਮੀਦ ਛੱਡ ਕੇ ‘ਨਿੱਜੀ ਇੰਤਜ਼ਾਮ’ ਕਰਨ ਨੂੰ ਤਰਜੀਹ ਦਿੱਤੀ ਹੈ। ਇਥੋਂ ਤੱਕ ਜੇ ਆਪਣੀ ਸੁਰੱਖਿਆ ਲਈ ਉਹ ਅਸਲਾ ਲਾਇਸੈਂਸ ਬਣਵਾਉਣ ਲਈ ਪ੍ਰਸ਼ਾਸਨ ਦੇ ਦਰ ’ਤੇ ਜਾਂਦੇ ਹਨ ਤਾਂ ਸਿਵਾਏ ‘ਪ੍ਰੇਸ਼ਾਨੀ’ ਦੇ ਉਨ੍ਹਾਂ ਦੇ ਪੱਲੇ ਕੁਝ ਨਹੀਂ ਪੈਂਦਾ। ਜ਼ਿਲ੍ਹੇ ਦੇ ਵਲਟੋਹਾ ਸੰਧੂਆਂ ਪਿੰਡ ਦੇ ਸਰਪੰਚ ਜਰਮਲ ਸਿੰਘ ਦੀ ਗੈਂਗਸਟਰਾਂ ਵਲੋਂ ਗੋਲੀਆਂ ਮਾਰ ਕੇ ਕੀਤੀ ਹੱਤਿਆ ਨੇ ਸਮੁੱਚੇ ਜ਼ਿਲ੍ਹੇ ਦੇ ਆਮ ਲੋਕਾਂ ਅਤੇ ਖਾਸ ਕਰਕੇ ਕਾਰੋਬਾਰੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ| ਜਰਮਲ ਸਿੰਘ ਨੂੰ ਗੈਂਗਸਟਰਾਂ ਵਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ, ਜਿਸ ਮਗਰੋਂ ਉਸ ਦੀ ਅੰਮ੍ਰਿਤਸਰ ਦੇ ਮੈਰੇਜ ਪੈਲੇਸ ਵਿੱਚ ਵਿਆਹ ’ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਦੇ ਨਾਲ ਹੀ ਜ਼ਿਲ੍ਹੇ ਦਾ ਕੋਈ ਇਕ ਅੱਧਾ ਪਿੰਡ ਹੀ ਅਜਿਹਾ ਹੋਵੇਗਾ, ਜਿਸ ਦੇ ਸਰਦੇ-ਪੁੱਜਦੇ ਪਰਿਵਾਰਾਂ ਨੂੰ ਗੈਂਗਸਟਰਾਂ ਨੇ ਧਮਕੀ ਦੇ ਕੇ ਲੱਖਾਂ ਰੁਪਏ ਦੀ ਫ਼ਿਰੌਤੀ ਨਾ ਵਸੂਲੀ ਹੋਵੇ|

ਪੱਟੀ ਸ਼ਹਿਰ ਤੋਂ ਇਲਾਵਾ ਸਰਹੱਦੀ ਖੇਤਰ ਤੋਂ ਅਨੇਕਾਂ ਪਿੰਡਾਂ ਕਸਬਿਆਂ ਤੋਂ ਵੱਡੀ ਗਿਣਤੀ ਲੋਕ ਸੁਰੱਖਿਅਤ ਥਾਵਾਂ ਨੂੰ ਵੀ ਪਰਵਾਸ ਕਰ ਗਏ ਹਨ| ਤਿੰਨ ਸਾਲ ਪਹਿਲਾਂ ਚਿੱਟੇ ਦਿਨ ਕਸਬਾ ਚੋਹਲਾ ਸਾਹਿਬ ਦੇ ਦੁਕਾਨਦਾਰਾਂ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ ਅਤੇ ਇਸ ਘਟਨਾ ਤੋਂ ਬਾਅਦ ਲਗਾਤਾਰ ਕਸਬੇ ਦੇ ਕਾਰੋਬਾਰੀਆਂ ਤੋਂ ਫਿਰੌਤੀਆਂ ਦੇ ਨਾਂ ’ਤੇ ਲੱਖਾਂ ਰੁਪਏ ਦੀ ਮੰਗ ਕੀਤੀ ਜਾਣ ਲੱਗੀ| ਦੁਕਾਨਦਾਰਾਂ ਨੇ ਇਸ ਸਬੰਧੀ ਪੁਲੀਸ ਨੂੰ ਸੂਚਿਤ ਵੀ ਕੀਤਾ| ਚੋਹਲਾ ਸਾਹਿਬ ਕਸਬੇ ਅੰਦਰ ਤਾਂ ਲਖਬੀਰ ਸਿੰਘ ਲੰਡਾ ਸਮੇਤ ਹੋਰ ਗੈਂਗਸਟਰਾਂ ਵਲੋਂ ਇਲਾਕੇ ਅੰਦਰ ਸ਼ਰ੍ਹੇਆਮ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ| ਕਸਬੇ ’ਚ 400 ਦੇ ਕਰੀਬ ਦੁਕਾਨਦਾਰਾਂ ਨੇ ਪੁਲੀਸ ਤੋਂ ਕੋਈ ਉਮੀਦ ਛੱਡ ਕੇ ਬੀਤੇ ਕਈ ਸਾਲਾਂ ਤੋਂ ਆਪਣੀ ਸੁਰੱਖਿਆ ਲਈ ਗੰਨਮੈਨ ਰੱਖ ਲਏ ਹਨ, ਜਿਨ੍ਹਾਂ ਨੂੰ ਉਹ ਮਹੀਨੇ ਦਾ ਖੁਦ ਭੁਗਤਾਨ ਕਰਦੇ ਹਨ| ਕਸਬੇ ਦੇ ਦੁਕਾਨਦਾਰ ਲਖਵਿੰਦਰ ਪਾਲ, ਰਾਕੇਸ਼ ਕੁਮਾਰ ਸਮੇਤ ਹੋਰ ਕਈ ਦੁਕਾਨਦਾਰਾਂ ਨੇ ਅੱਜ ਇਥੇ ਦੱਸਿਆ ਕਿ ਉਨ੍ਹਾਂ ਨੂੰ ਗੈਂਗਸਟਰਾਂ ਵਲੋਂ ਫ਼ਿਰੌਤੀ ਲਈ ਧਮਕੀਆਂ ਮਿਲ ਚੁੱਕੀਆਂ ਹਨ| ਉਨ੍ਹਾਂ ਪੁਲੀਸ ਨੂੰ ਜਾਣਕਾਰੀ ਵੀ ਦਿੱਤੀ ਹੈ| ਉਨ੍ਹਾਂ ਨੇ ਨਿਯਮਾਂ ਅਧੀਨ ਅਸਲੇ ਦੇ ਲਾਈਸੈਂਸ ਬਣਾਉਣ ਲਈ ਆਪਣੇ ਦਸਤਾਵੇਜ਼ ਲੋੜੀਂਦੀ ਕਾਰਵਾਈ ਕਰਨ ਉਪਰੰਤ ਫਾਈਲ 12 ਅਗਸਤ, 2024 ਦੀ ਡਿਪਟੀ ਕਮਿਸ਼ਨਰ ਦੇ ਦਫਤਰ ਜਮ੍ਹਾਂ ਕਾਰਵਾਈ ਹੋਈ ਹੈ।

ਡਿਪਟੀ ਕਮਿਸ਼ਨਰ ਰਾਹੁਲ ਨੇ ਨਾ ਤਾਂ ਮੋਬਾਈਲ ’ਤੇ ਕਾਲ ਦਾ ਜਵਾਬ ਦਿੱਤਾ ਅਤੇ ਨਾ ਹੀ ਉਨ੍ਹਾਂ ਵੱਟਸਐਪ ਤੇ ਭੇਜੇ ਸੁਨੇਹੇ ਅਤੇ ਵਾਈਸ ਕਾਲ ਦਾ ਜਵਾਬ ਦਿੱਤਾ| ਇਹ ਵਰਤਾਰਾ ਇਕੱਲੇ ਚੋਹਲਾ ਸਾਹਿਬ ਦੇ ਹੀ ਦੁਕਾਨਦਾਰਾਂ ਦਾ ਨਹੀਂ ਬਲਕਿ ਸਾਰੇ ਜ਼ਿਲ੍ਹੇ ਦੇ ਉਨ੍ਹਾਂ ਵਪਾਰੀਆਂ ਦਾ ਹੈ ਜਿਹੜੇ ਆਪਣੀ ਸੁਰੱਖਿਆ ਲਈ ਅਸਲੇ ਦੇ ਲਾਇਸੈਂਸ ਬਣਾਉਣ ਲਈ ਸਾਲਾਂ ਤੋਂ ਚੱਕਰ ਮਾਰਦੇ ਆ ਰਹੇ ਹਨ। ਵਪਾਰੀਆਂ ਨੇ ਮੰਗ ਕੀਤੀ ਹੈ ਕਿ ਪਿੰਡਾਂ ਤੇ ਕਸਬਿਆਂ ਵਿੱਚ ਸੁਰੱਖਿਆ ਦੇ ਲੋੜੀਂਦੇ ਬੰਦੋਬਸਤ ਕੀਤੇ ਜਾਣੇ ਚਾਹੀਦੇ ਹਨ| ਥਾਣਾ ਮੁਖੀ ਸਬ ਇੰਸਪੈਕਟਰ ਰਾਜ ਕੁਮਾਰ ਨੇ ਕਿਹਾ ਕਿ ਉਹ ਕਸਬੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹਨ। ਉਹ ਜਿਥੇ ਲੋਕਾਂ ਵੱਲੋਂ ਨਿੱਜੀ ਤੌਰ ’ਤੇ ਲਗਾਏ ਸੁਰੱਖਿਆ ਗਾਰਡਾਂ ਤੋਂ ਸਹਿਯੋਗ ਦੀ ਉਮੀਦ ਕਰਨਗੇ, ਉਥੇ ਖੁਦ ਵੀ ਲੋਕਾਂ ਦੀ ਰੱਖਿਆ ਕਰਨ ਵਾਸਤੇ ਰਾਤ ਦਿਨ ਚੌਕਸ ਰਹਿਣਗੇ।

Related posts

ਜ਼ਮੀਨ ਵਿਵਾਦ: ਦਿਓਰ ਅਤੇ ਪਤੀ ਵੱਲੋਂ ਕੁਹਾੜੀ ਮਾਰ ਕੇ ਮਹਿਲਾ ਦੀ ਹੱਤਿਆ

On Punjab

ਅਮਿਤ ਸ਼ਾਹ ਨੇ ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਨਾਲ ਕੀਤੀ ਗੱਲਬਾਤ

On Punjab

Jaishankar Russia Visits : ਜੈਸ਼ੰਕਰ ਨੇ ਕਿਹਾ- ਭਾਰਤ ਤੇ ਰੂਸ ਦਰਮਿਆਨ ਮਹੱਤਵਪੂਰਨ ਸਬੰਧ, ਲਾਵਰੋਵ ਨਾਲ ਕਈ ਮੁੱਦਿਆਂ ‘ਤੇ ਕੀਤੀ ਗੱਲਬਾਤ

On Punjab