ਬਰਨਾਲਾ: ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਬਰਨਾਲਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦੇ ਪਿਤਾ ਸੌਦਾਗਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਇਹ ਗ੍ਰਿਫ਼ਤਾਰੀ ਖੰਨਾ ਇਲਾਕੇ ਤੋਂ ਕੀਤੀ ਗਈ ਹੈ, ਜਿੱਥੋਂ ਬਰਨਾਲਾ ਪੁਲਿਸ ਦੀ ਵਿਸ਼ੇਸ਼ ਟੀਮ ਨੇ ਉਸ ਨੂੰ ਆਪਣੀ ਹਿਰਾਸਤ ਵਿੱਚ ਲਿਆ।
ਪੁਲਿਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗੁਲਾਬ ਸਿੱਧੂ ਦੇ ਪਿੰਡ ਫਰਵਾਹੀ ਸਥਿਤ ਘਰ ‘ਤੇ ਹੋਏ ਹਮਲੇ ਦੀ ਸਾਜ਼ਿਸ਼ ਅਤੇ ਫੰਡਿੰਗ ਦੇ ਤਾਰ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਅਤੇ ਅਪਰਾਧਿਕ ਅਨਸਰਾਂ ਨਾਲ ਜੁੜੇ ਹੋਏ ਸਨ, ਜਿਸ ਵਿੱਚ ਸ਼ਗਨਪ੍ਰੀਤ ਅਤੇ ਉਸ ਦੇ ਪਿਤਾ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ਵਿੱਚ ਆਈ ਹੈ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਰਾਤ ਦੇ ਸਮੇਂ ਮੋਟਰਸਾਈਕਲ ‘ਤੇ ਆਏ ਅਣਪਛਾਤੇ ਨਕਾਬਪੋਸ਼ ਹਮਲਾਵਰਾਂ ਨੇ ਗਾਇਕ ਦੇ ਘਰ ‘ਤੇ ਅੰਧਾਧੁੰਦ ਗੋਲੀਆਂ ਚਲਾਈਆਂ ਸਨ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ।
ਇਸ ਮਾਮਲੇ ਵਿੱਚ ਪੁਲਿਸ ਪਹਿਲਾਂ ਹੀ ਗੋਲੀਬਾਰੀ ਕਰਨ ਵਾਲੇ ਮੁੱਖ ਸ਼ੂਟਰਾਂ ਅਤੇ ਉਹਨਾਂ ਨੂੰ ਪਨਾਹ ਦੇਣ ਵਾਲੇ ਕਈ ਆਰੋਪੀਆਂ ਨੂੰ ਕਾਬੂ ਕਰ ਚੁੱਕੀ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀਬਾਰੀ ਲਈ ਵਰਤੇ ਗਏ ਹਥਿਆਰਾਂ ਅਤੇ ਵਿੱਤੀ ਮਦਦ ਦਾ ਪ੍ਰਬੰਧ ਕਰਨ ਵਿੱਚ ਸੌਦਾਗਰ ਸਿੰਘ ਦੀ ਸ਼ਮੂਲੀਅਤ ਦੇ ਅਹਿਮ ਸਬੂਤ ਮਿਲੇ ਹਨ।
ਪੁਲਿਸ ਅਧਿਕਾਰੀਆਂ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਸੌਦਾਗਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਰਿਮਾਂਡ ਦੌਰਾਨ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਵਾਰਦਾਤ ਦੇ ਪਿੱਛੇ ਮੁੱਖ ਮਕਸਦ ਫਿਰੌਤੀ ਸੀ ਜਾਂ ਕੋਈ ਪੁਰਾਣੀ ਰੰਜਿਸ਼, ਅਤੇ ਇਸ ਗਿਰੋਹ ਵਿੱਚ ਹੋਰ ਕਿਹੜੇ-ਕਿਹੜੇ ਲੋਕ ਸ਼ਾਮਲ ਹਨ।

