ਨਵੀਂ ਦਿੱਲੀ- ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਸੋਮਵਾਰ ਸ਼ਾਮ ਨੂੰ ਹੋਏ ਸ਼ਕਤੀਸ਼ਾਲੀ ਧਮਾਕੇ ਤੋਂ ਬਾਅਦ ਦਿੱਲੀ ਪੁਲੀਸ ਨੇ ਕੌਮੀ ਰਾਜਧਾਨੀ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਤਫ਼ਤੀਸ਼ਕਾਰਾਂ ਦਾ ਮੰਨਣਾ ਹੈ ਕਿ ਇਹ ਧਮਾਕਾ ਗਣਤੰਤਰ ਦਿਵਸ ਦੇ ਜਸ਼ਨਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਇੱਕ ਵੱਡੀ ਦਹਿਸ਼ਤੀ ਯੋਜਨਾ ਦਾ ਹਿੱਸਾ ਸੀ। ਦਿੱਲੀ ਪੁਲੀਸ ਨੇ ਦਾਅਵਾ ਕੀਤਾ ਹੈ ਕਿ ‘ਵ੍ਹਾਈਟ-ਕਾਲਰ ਅਤਿਵਾਦੀ ਮੌਡਿਊਲ’ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁੱਖ ਮਸ਼ਕੂਕਾਂ ਵਿੱਚੋਂ ਇੱਕ, ਡਾ. ਮੁਜ਼ਾਮਿਲ ਗਨਾਈ ਨੇ ਇਸ ਸਾਲ ਜਨਵਰੀ ਵਿੱਚ ਲਾਲ ਕਿਲ੍ਹਾ ਖੇਤਰ ਦੀ ਕਈ ਵਾਰ ਰੇਕੀ ਕੀਤੀ ਸੀ। ਪੁਲੀਸ ਨੇ ਇਹ ਦਾਅਵਾ ਗਨਾਈ ਦੇ ਮੋਬਾਈਲ ਡੰਪ ਡੇਟਾ ਦੀ ਸਮੀਖਿਆ ਦੇ ਅਧਾਰ ’ਤੇ ਕੀਤਾ ਹੈ। ਪੁਲੀਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਰੇਕੀ 26 ਜਨਵਰੀ ਨੂੰ ਇਤਿਹਾਸਕ ਸਮਾਰਕ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਸੀ, ਜੋ ਸ਼ਾਇਦ ਉਦੋਂ ਖੇਤਰ ਵਿੱਚ ਸੁਰੱਖਿਆ ਬਲਾਂ ਦੀ ਤੇਜ਼ ਗਸ਼ਤ ਕਾਰਨ ਅਸਫਲ ਹੋ ਗਈ ਹੋਵੇ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਡਾ. ਮੁਜ਼ਾਮਿਲ ਦੇ ਮੋਬਾਈਲ ਫੋਨ ਤੋਂ ਪ੍ਰਾਪਤ ਕੀਤੇ ਗਏ ਡੰਪ ਡੇਟਾ ਦੇ ਚੱਲ ਰਹੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਜਨਵਰੀ ਦੇ ਪਹਿਲੇ ਹਫ਼ਤੇ ਲਾਲ ਕਿਲ੍ਹਾ ਖੇਤਰ ਵਿੱਚ ਅਤੇ ਇਸ ਦੇ ਆਲੇ-ਦੁਆਲੇ ਉਸ ਦੀ ਵਾਰ-ਵਾਰ ਮੌਜੂਦਗੀ ਸੀ।
ਅਧਿਕਾਰੀ ਨੇ ਕਿਹਾ, ‘‘ਇਹ ਦੌਰੇ 26 ਜਨਵਰੀ ਨੂੰ ਯੋਜਨਾਬੱਧ ਹਮਲੇ ਤੋਂ ਪਹਿਲਾਂ ਇੱਕ ਵਿਆਪਕ ਜਾਸੂਸੀ ਦਾ ਹਿੱਸਾ ਸਨ।’’ ਉਨ੍ਹਾਂ ਕਿਹਾ ਕਿ ਡਾ. ਮੁਜ਼ਾਮਿਲ ਨੇ ਆਪਣੇ ਸਾਥੀ ਡਾ. ਉਮਰ ਨਬੀ ਦੇ ਨਾਲ ਸੁਰੱਖਿਆ ਪ੍ਰਬੰਧਾਂ ਅਤੇ ਭੀੜ ਦੀ ਘਣਤਾ ਦੇ ਪੈਟਰਨਾਂ ਦਾ ਅਧਿਐਨ ਕਰਨ ਲਈ ਕਈ ਵਾਰ ਲਾਲ ਕਿਲ੍ਹੇ ਦਾ ਦੌਰਾ ਕੀਤਾ। ਉਨ੍ਹਾਂ ਦੀਆਂ ਹਰਕਤਾਂ ਦੀ ਪੁਸ਼ਟੀ ਟਾਵਰ ਲੋਕੇਸ਼ਨ ਡੇਟਾ ਅਤੇ ਨੇੜਲੇ ਖੇਤਰਾਂ ਤੋਂ ਇਕੱਠੇ ਕੀਤੇ ਗਏ ਸੀਸੀਟੀਵੀ ਫੁਟੇਜ ਤੋਂ ਵੀ ਹੋਈ ਸੀ।
ਤਫ਼ਤੀਸ਼ਕਾਰਾਂ ਨੇ ਕਿਹਾ ਕਿ ਉਹ ਹੁਣ ਡਾ. ਮੁਜ਼ਾਮਿਲ ਦੀਆਂ ਸੰਚਾਰ ਅਤੇ ਡਿਜੀਟਲ ਪੈੜਾਂ ਦਾ ਵਿਸ਼ਲੇਸ਼ਣ ਕਰ ਰਹੇ ਹਨ ਤਾਂ ਜੋ ਮੌਡਿਊਲ ਦੀਆਂ ਗਤੀਵਿਧੀਆਂ ਲਈ ਫੰਡਿੰਗ ਅਤੇ ਉਸ ਸਰੋਤ ਬਾਰੇ ਪਤਾ ਲਗਾਇਆ ਜਾ ਸਕੇ ਜਿੱਥੋਂ ਉਨ੍ਹਾਂ ਨੇ ਵਿਸਫੋਟਕ ਪ੍ਰਾਪਤ ਕੀਤੇ ਸਨ। ਉਹ ਇਸ ਗੱਲ ਦੀ ਵੀ ਪੁਸ਼ਟੀ ਕਰ ਰਹੇ ਹਨ ਕਿ ਕੀ ਹੋਰ ਮਸ਼ਕੂਕਾਂ ਨੇ ਵੀ ਇਸੇ ਤਰ੍ਹਾਂ ਦੀ ਰੇਕੀ ਕੀਤੀ ਸੀ ਜਾਂ ਗ੍ਰਿਫ਼ਤਾਰ ਕੀਤੇ ਗਏ ਮਸ਼ਕੂਕਾਂ ਨੂੰ ਲੌਜਿਸਟਿਕਲ ਸਹਾਇਤਾ ਪ੍ਰਦਾਨ ਕੀਤੀ ਸੀ।
ਪੁਲੀਸ ਨੇ ਲਾਲ ਕਿਲ੍ਹੇ ਨੇੜੇ ਡਾਕਟਰ ਉਮਰ ਦੀਆਂ ਸਰਗਰਮੀਆਂ ਬਾਰੇ ਮੋਬਾਈਲ ਡੰਪ ਡੇਟਾ ਵੀ ਇਕੱਠਾ ਕੀਤਾ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਹ ਧਮਾਕੇ ਤੋਂ ਠੀਕ ਪਹਿਲਾਂ ਕਿਸੇ ਦੇ ਸੰਪਰਕ ਵਿੱਚ ਸੀ। ਲਾਲ ਕਿਲ੍ਹਾ ਮੈਟਰੋ ਸਟੇਸ਼ਨ ਖੇਤਰ ਵਿੱਚ ਸੋਮਵਾਰ ਸ਼ਾਮ ਨੂੰ ਚੱਲਦੀ ਕਾਰ ਵਿੱਚ ਹੋਏ ਧਮਾਕੇ ’ਚ 12 ਲੋਕ ਮਾਰੇ ਗਏ ਤੇ ਕਈ ਹੋਰ ਜ਼ਖਮੀ ਹੋ ਗਏ ਸਨ। ਯੂਏਪੀਏ ਤਹਿਤ ਐੱਫਆਈਆਰ ਦਰਜ ਕਰਨ ਮਗਰੋਂ ਮਾਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ ਨੂੰ ਸੌਂਪ ਦਿੱਤੀ ਗਈ ਹੈ।
ਸਰਕਾਰੀ ਸੂਤਰਾਂ ਅਨੁਸਾਰ, ਧਮਾਕੇ ਵਿੱਚ ਵਰਤੀ ਗਈ ਸਫ਼ੇਦ ਹੁੰਡਈ ਆਈ20 ਕਾਰ ਹਰਿਆਣਾ ਦੇ ਫਰੀਦਾਬਾਦ ਵਿੱਚ ਅਲ-ਫਲਾਹ ਮੈਡੀਕਲ ਕਾਲਜ ਕੈਂਪਸ ਵਿਚ ਪਿਛਲੇ ਕਰੀਬ 11 ਦਿਨਾਂ ਤੋਂ ਖੜ੍ਹੀ ਸੀ। ਸ਼ੱਕੀ ਫ਼ਿਦਾਈਨ ਹਮਲਾਵਰ, ਜਿਸ ਦੀ ਪਛਾਣ ਡਾ. ਉਮਰ ਨਬੀ ਵਜੋਂ ਹੋਈ ਹੈ, ਨੇ 10 ਨਵੰਬਰ ਦੀ ਸਵੇਰ ਨੂੰ ਕਥਿਤ ਤੌਰ ‘ਤੇ ਘਬਰਾਹਟ ਵਿੱਚ ਗੱਡੀ ਉਥੋਂ ਕੱਢ ਦਿੱਤਾ ਸੀ, ਕਿਉਂਕਿ ਸੁਰੱਖਿਆ ਏਜੰਸੀਆਂ ਨੇ ਸ਼ੱਕੀ ਅਤਿਵਾਦੀ ਮੌਡਿਊਲਾਂ ‘ਤੇ ਆਪਣੀ ਕਾਰਵਾਈ ਨੂੰ ਸਖ਼ਤ ਕਰ ਦਿੱਤਾ ਸੀ।
ਅਧਿਕਾਰੀਆਂ ਨੇ ਕਿਹਾ ਕਿ ਧਮਾਕਾ ਗ਼ਲਤੀ ਨਾਲ ਅਤੇ ਸਮੇਂ ਤੋਂ ਪਹਿਲਾਂ ਹੋਇਆ ਜਾਪਦਾ ਸੀ, ਕਿਉਂਕਿ ਬੰਬ ਪੂਰੀ ਤਰ੍ਹਾਂ ਵਿਕਸਤ ਨਹੀਂ ਹੋਇਆ ਸੀ। ਯੰਤਰ ਇੱਕ ਟੋਆ ਬਣਾਉਣ ਵਿੱਚ ਅਸਫਲ ਰਿਹਾ, ਅਤੇ ਤਫ਼ਤੀਸ਼ਕਾਰਾਂ ਨੂੰ ਧਮਾਕੇ ਵਾਲੀ ਥਾਂ ‘ਤੇ ਕੋਈ ਵੀ ਸ਼ਾਰਪਨਲ (ਨੁਕੀਲੀਆਂ) ਜਾਂ ਪ੍ਰੋਜੈਕਟਾਈਲ ਨਹੀਂ ਮਿਲਿਆ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਸਮੇਂ ਤੋਂ ਪਹਿਲਾਂ ਕੀਤਾ ਗਿਆ ਵਿਸਫੋਟ ਸੀ।
ਇਸ ਘਟਨਾ ਤੋਂ ਬਾਅਦ, ਦਿੱਲੀ ਪੁਲੀਸ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਸ਼ਹਿਰ ਭਰ ਵਿੱਚ ਵਿਆਪਕ ਜਾਂਚ ਮੁਹਿੰਮਾਂ ਚੱਲ ਰਹੀਆਂ ਹਨ। ਗਾਜ਼ੀਪੁਰ, ਸਿੰਘੂ, ਟਿੱਕਰੀ ਅਤੇ ਬਦਰਪੁਰ ਸਰਹੱਦਾਂ ਸਮੇਤ ਸਾਰੇ ਪ੍ਰਮੁੱਖ ਦਾਖਲਾ ਅਤੇ ਨਿਕਾਸੀ ਸਥਾਨਾਂ ’ਤੇ ਪੁਲੀਸ ਤੇ ਨੀਮ ਫੌਜੀ ਬਲਾਂ ਦੀ ਭਾਰੀ ਤਾਇਨਾਤੀ ਕੀਤੀ ਗਈ ਹੈ। ਸੰਵੇਦਨਸ਼ੀਲ ਥਾਵਾਂ ’ਤੇ ਸੂਹੀਆ ਕੁੱਤੇ, ਮੈਟਲ ਡਿਟੈਕਟਰ ਅਤੇ ਸਾਬੋਤਾਜ ਵਿਰੋਧੀ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਪੁਲੀਸ ਨੇ ਸਥਾਨਕ ਲੋਕਾਂ ਨੂੰ ਚੌਕਸ ਰਹਿਣ ਅਤੇ ਐਮਰਜੈਂਸੀ ਹੈਲਪਲਾਈਨਾਂ ਰਾਹੀਂ ਕਿਸੇ ਵੀ ਸ਼ੱਕੀ ਵਸਤੂ ਜਾਂ ਵਿਅਕਤੀ ਦੀ ਤੁਰੰਤ ਰਿਪੋਰਟ ਕਰਨ ਲਈ ਕਿਹਾ ਹੈ। ਇਸ ਦੌਰਾਨ ਸੁਰੱਖਿਆ ਹਾਲਾਤ ਦੀ ਸਮੀਖਿਆ ਅਤੇ ਧਮਾਕੇ ਨਾਲ ਸਬੰਧਤ ਜਾਣਕਾਰੀ ਦਾ ਮੁਲਾਂਕਣ ਕਰਨ ਲਈ ਦਿੱਲੀ ਪੁਲੀਸ, ਖੁਫੀਆ ਬਿਊਰੋ ਅਤੇ ਨੀਮ ਫੌਜੀ ਬਲਾਂ ਵਿਚਕਾਰ ਤਾਲਮੇਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।

