ਨਵੀਂ ਦਿੱਲੀ- ਕੇਰਲ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਘੜਨ ਲਈ ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਨੇ ਸੂਬੇ ਦੇ ਸੀਨੀਅਰ ਆਗੂਆਂ ਨਾਲ ਅਹਿਮ ਬੈਠਕ ਕੀਤੀ। ਹਾਲਾਂਕਿ, ਇਸ ਬੈਠਕ ਵਿੱਚ ਤਿਰੂਵਨੰਤਪੁਰਮ ਤੋਂ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਸ਼ਾਮਲ ਨਹੀਂ ਹੋਏ। ਖੜਗੇ ਦੀ ਰਿਹਾਇਸ਼ ’ਤੇ ਹੋਈ ਇਸ ਬੈਠਕ ਵਿੱਚ ਕੇ.ਸੀ. ਵੇਣੂਗੋਪਾਲ, ਸੂਬਾ ਪ੍ਰਧਾਨ ਸੰਨੀ ਜੋਸਫ਼ ਅਤੇ ਵਿਰੋਧੀ ਧਿਰ ਦੇ ਨੇਤਾ ਵੀ.ਡੀ. ਸਤੀਸ਼ਨ ਸਮੇਤ ਕਈ ਦਿੱਗਜ ਆਗੂ ਮੌਜੂਦ ਸਨ। ਥਰੂਰ ਦੇ ਦਫ਼ਤਰ ਨੇ ਬੈਠਕ ਵਿੱਚ ਨਾ ਆਉਣ ਦਾ ਕਾਰਨ ਕੇਰਲ ਸਾਹਿਤ ਉਤਸਵ ਵਿੱਚ ਪਹਿਲਾਂ ਤੋਂ ਤੈਅ ਰੁਝੇਵਿਆਂ ਨੂੰ ਦੱਸਿਆ ਹੈ।
ਦੂਜੇ ਪਾਸੇ, ਸੂਤਰਾਂ ਅਨੁਸਾਰ ਥਰੂਰ ਦੀ ਨਾਰਾਜ਼ਗੀ ਦਾ ਅਸਲ ਕਾਰਨ ਰਾਹੁਲ ਗਾਂਧੀ ਅਤੇ ਸੂਬਾਈ ਲੀਡਰਸ਼ਿਪ ਦਾ ਵਤੀਰਾ ਦੱਸਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਥਰੂਰ ਹਾਲ ਹੀ ਵਿੱਚ ਕੋਚੀ ਵਿੱਚ ਹੋਏ ਇੱਕ ਪ੍ਰੋਗਰਾਮ ਦੌਰਾਨ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਦਾ ਨਾਮ ਨਾ ਲਏ ਜਾਣ ਅਤੇ ਸੂਬਾ ਇਕਾਈ ਵੱਲੋਂ ਵਾਰ-ਵਾਰ ਨਜ਼ਰਅੰਦਾਜ਼ ਕੀਤੇ ਜਾਣ ਕਾਰਨ ‘ਦੁਖੀ’ ਹਨ। ਮਾਰਚ-ਅਪਰੈਲ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਅੰਦਰੂਨੀ ਕਲੇਸ਼ ਨੇ ਕਾਂਗਰਸ ਲਈ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ।

