ਤਰਨਤਾਰਨ- ਤਰਨਤਾਰਨ ਦੇ ਇਕ ਲਾਅ ਕਾਲਜ ਵਿੱਚ ਇੱਕ ਨੌਜਵਾਨ ਨੇ ਨਾਲ ਪੜ੍ਹਦੀ ਕੁੜੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦੀ 10 ਸੈਕਿੰਡ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਵਿਦਿਆਰਥੀ ਕਲਾਸਰੂਮ ਵਿੱਚ ਇੱਕ ਬੈਂਚ ‘ਤੇ ਬੈਠੇ ਹਨ ਉਦੋਂ ਹੀ ਇੱਕ ਨੌਜਵਾਨ ਆਉਂਦਾ ਹੈ। ਕੁੜੀ ਅਤੇ ਨੌਜਵਾਨ ਵਿਚਕਾਰ ਇੱਕ ਛੋਟੀ ਜਿਹੀ ਗੱਲਬਾਤ ਹੁੰਦੀ ਹੈ। ਫਿਰ ਨੌਜਵਾਨ ਅਚਾਨਕ ਕੁੜੀ ਦੇ ਸਿਰ ਵਿੱਚ ਗੋਲੀ ਮਾਰ ਦਿੰਦਾ ਹੈ।
ਫਿਰ ਉਹ ਪਿਸਤੌਲ ਦੁਬਾਰਾ ਲੋਡ ਕਰਦਾ ਹੈ ਤੇ ਆਪਣੇ ਸਿਰ ਵਿੱਚ ਗੋਲੀ ਮਾਰ ਲੈਂਦਾ ਹੈ,ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ। ਉੱਥੇ ਮੌਜੂਦ ਸਾਰੇ ਵਿਦਿਆਰਥੀ ਬਾਹਰ ਭੱਜ ਜਾਂਦੇ ਹਨ। ਮ੍ਰਿਤਕਾ ਦੀ ਪਛਾਣ ਸੰਦੀਪ ਕੌਰ ਵਾਸੀ ਨੌਸ਼ਹਿਰਾ ਪੰਨੂਆਂ ਅਤੇ ਪ੍ਰਿੰਸ ਰਾਜ ਵਾਸੀ ਪਿੰਡ ਮੱਲੀਆਂ ਵਜੋਂ ਹੋਈ ਹੈ। ਦੋਵੇਂ ਲਾਅ ਕਾਲਜ ਦੇ ਵਿਦਿਆਰਥੀ ਸਨ। ਪੁਲਿਸ ਨੇ ਪੂਰੇ ਲਾਅ ਕਾਲਜ ਨੂੰ ਸੀਲ ਕਰ ਦਿੱਤਾ ਹੈ। ਮ੍ਰਿਤਕ ਦੀ ਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਘਟਨਾ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ, ਕਾਲਜ ਤੋਂ ਮੈਡਮ ਦਾ ਫ਼ੋਨ ਆਇਆ ਤੇ ਉਨ੍ਹਾਂ ਕਿਹਾ ਕਿ ਲੜਕੀ ਦੀ ਕਾਲਜ ਵਿਚ ਲੜਾਈ ਹੋ ਗਈ ਤੁਸੀਂ ਜਲਦੀ ਆ ਜਾਓ। ਅਸੀਂ ਘਟਨਾ ‘ਤੇ ਮੌਕੇ ਤੇ ਪਹੁੰਚੇ ਤੇ ਇਥੇ ਆ ਕੇ ਵੇਖਿਆ ਕਿ ਲੜਕੀ ਦੀ ਮੌਤ ਹੋ ਚੁੱਕੀ ਹੈ ਤੇ ਲਾਸ਼ ਖੂਨ ਨਾਲ ਲੱਥਪੱਥ ਪਈ।
ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਲਈ ਕੋਈ ਸੁਰੱਖਿਆ ਨਹੀਂ ਹੈ। ਕਿਸੇ ਨੇ ਵੀ ਇਹ ਨਹੀਂ ਦੇਖਿਆ ਕਿ ਵਿਦਿਆਰਥੀ ਪਿਸਤੌਲ ਲੈ ਕੇ ਜਾ ਰਿਹਾ ਸੀ। ਲੜਕੀ ਦੇ ਮਾਪਿਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਾਲਜ ਪ੍ਰਬੰਧਨ ਵਿਰੁੱਧ ਕਾਰਵਾਈ ਕੀਤੀ ਜਾਵੇ। ਦੱਸ ਦੇਈਏ ਕਿ ਮ੍ਰਿਤਕ ਵਿਦਿਆਰਥਣ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਸ ਦੀਆਂ ਛੇ ਭੈਣਾਂ ਅਤੇ ਇੱਕ ਛੋਟਾ ਭਰਾ ਹੈ। ਏਸੀਪੀ ਜਗਬੀਰ ਨੇ ਕਿਹਾ ਕਿ ਕੁੜੀ ਬੈਂਚ ‘ਤੇ ਬੈਠੀ ਸੀ। ਕਲਾਸ ਅਜੇ ਸ਼ੁਰੂ ਨਹੀਂ ਹੋਈ ਸੀ। ਗੋਲੀ ਲੱਗਣ ਤੋਂ ਤੁਰੰਤ ਬਾਅਦ ਉਸ ਦੀ ਮੌਤ ਹੋ ਗਈ। ਮੁੰਡੇ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਵੀ ਮੌਤ ਹੋ ਗਈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਦੋਸ਼ੀ ਨੌਜਵਾਨ ਨੂੰ ਪਿਸਤੌਲ ਕਿੱਥੋਂ ਮਿਲਿਆ। ਉਹ ਇਹ ਵੀ ਜਾਂਚ ਕਰ ਰਹੇ ਹਨ ਕਿ ਕੀ ਉਸ ਦੇ ਪਿਤਾ ਕੋਲ ਲਾਇਸੈਂਸੀ ਪਿਸਤੌਲ ਸੀ। ਜੇਕਰ ਨਹੀਂ, ਤਾਂ ਪਿਸਤੌਲ ਗੈਰ-ਕਾਨੂੰਨੀ ਹੋ ਸਕਦਾ ਹੈ। ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

