PreetNama
ਸਿਹਤ/Health

ਕਰੋ ਚੰਗਿਆਂ ਦਾ ਸੰਗ, ਭਰੋ ਜ਼ਿੰਦਗੀ ’ਚ ਰੰਗ

ਬਚਪਨ ਅਨਮੋਲ ਹੈ। ਅਤਿ ਦਾ ਭੋਲਾਪਣ ਤੇ ਸਭ ਦਾ ਅਥਾਹ ਪਿਆਰ। ਚੀਜ਼ ਬਾਅਦ ’ਚ ਮੰਗਣਾ, ਮਾਂ-ਬਾਪ ਪਹਿਲਾਂ ਹਾਜ਼ਰ ਕਰ ਦਿੰਦੇ। ਸੱਚਮੁੱਚ ਹੀ ਬਾਦਸ਼ਾਹੀ ਦਾ ਦੌਰ ਹੁੰਦਾ ਹੈ ਬਚਪਨ, ਜਿੱਥੇ ਹਰ ਬੱਚਾ ਆਪਣੇ ਪਰਿਵਾਰ ਦਾ ਬੇਤਾਜ ਬਾਦਸ਼ਾਹ ਹੁੰਦਾ ਹੈ। ਅੱਜ-ਕੱਲ੍ਹ ਦੇਖਣ ’ਚ ਆਉਂਦਾ ਹੈ ਕਿ 21ਵੀਂ ਸਦੀ ਦੇ ਬੱਚਿਆਂ ਦਾ ਬਚਪਨ ਬਦਲ ਗਿਆ ਹੈ। ਨਾ ਹੀ ਉਹ ਖੇਡਣ ਅਤੇ ਨਾ ਹੀ ਘਰਦਿਆਂ ਨਾਲ ਕੋਈ ਗੱਲ ਕਰਨ ’ਚ ਰੁਚੀ ਦਿਖਾਉਂਦੇ ਹਨ। ਉਹ ਆਪਣਾ ਵਧੇਰੇ ਸਮਾਂ ਕਮਰੇ ਦੀ ਚਾਰਦੀਵਾਰੀ ਅੰਦਰ ਗੁਜ਼ਾਰਨਾ ਪਸੰਦ ਕਰਦੇ ਹਨ। ਉਨ੍ਹਾਂ ਦਾ ਇੱਕੋ ਇਕ ਸਾਥੀ ਹੈ ਮੋਬਾਈਲ, ਜਿਸ ਨੇ ਸਭ ਰਿਸ਼ਤਿਆਂ ਦੀ ਜਗ੍ਹਾ ਲੈ ਲਈ ਹੈ।
ਬਦਲ ਚੱੁਕਿਆ ਬਚਪਨ
ਸਮਝ ਨਹੀਂ ਆਉਂਦੀ ਕਿ ਕਿਉਂ ਇਹ ਬੱਚੇ ਆਪਣਾ ਬਚਪਨ ਮਾਣਨਾ ਨਹੀਂ ਚਾਹੁੰਦੇ। ਅਜੀਬੋ-ਗ਼ਰੀਬ ਪਾਲੇ ਇਨ੍ਹਾਂ ਦੇ ਸ਼ੌਕਾਂ ਨੇ ਬਚਪਨ ਦੇ ਅਸਲ ਅਰਥਾਂ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਹੈ। ਹੁਣ ਤਾਂ ਬਸ ਮੋਬਾਈਲ ਦੀ ਲਤ, ਦੂਜੇ ਬੱਚਿਆਂ ਦੇ ਹਾਣ ਦੇ ਬਣਨ ਲਈ ਮਾਪਿਆਂ ਤੋਂ ਬੁਲਟ/ਮੋਟਰਸਾਈਕਲ ਦੀ ਮੰਗ, ਜ਼ਰਾ ਜਿੰਨਾ ਝਿੜਕ ਦੇਣ ’ਤੇ ਘਰ ਛੱਡ ਜਾਣ ਦੀਆਂ ਧਮਕੀਆਂ ਤੇ ਪੜ੍ਹਾਈ ਨੂੰ ਬੋਝ ਸਮਝ ਸਮਾਂ ਵਿਅਰਥ ਗੁਆਉਣਾ ਹੋ ਗਿਆ ਹੈ। ਪ੍ਰੋੜ ਉਮਰ ’ਚ ਪੈਰ ਧਰਨ ਸਾਰ ਹੀ ਉਨ੍ਹਾਂ ਦੀਆਂ ਮੰਗਾਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਮੰਗਾਂ ਵੀ ਜਾਇਜ਼ ਘੱਟ ਤੇ ਨਾਜਾਇਜ਼ ਜ਼ਿਆਦਾ। ਮਾਪੇ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਦੇ ਸਮਰੱਥ ਨਾ ਹੁੰਦਿਆਂ ਵੀ ਆਪਣੇ ਬੱਚੇ ਵੱਲੋਂ ਜ਼ਿੱਦ ਕਰਨ ’ਤੇ ਉਨ੍ਹਾਂ ਮੰਗਾਂ ਨੂੰ ਪੂਰਾ ਕਰਨ ਦਾ ਯਤਨ ਕਰਦੇ ਹਨ। ਬਸ਼ਰਤੇ ਕਿ ਉਹ ਆਪਣੀ ਚੰਗੇ ਅੰਕਾਂ ਨਾਲ ਪਾਸ ਹੋਣ ਤੇ ਉਨ੍ਹਾਂ ਦਾ ਨਾਂ ਰੋਸ਼ਨ ਕਰਨ। ਗੱਲ ਕੌੜੀ ਹੈ ਪਰ ਸੱਚ ਇਹੀ ਹੈ ਕਿ ਜਦੋਂ ਮਾਪੇ ਬਚਪਨ ਤੋਂ ਆਪਣੇ ਬੱਚਿਆਂ ਦੀਆਂ ਨਾਜਾਇਜ਼ ਮੰਗਾਂ ਪੂਰੀਆਂ ਕਰਦੇ ਹਨ, ਉਹੀ ਬੱਚੇ ਆਪਣੇ ਬੁੱਢੇ ਮਾਪਿਆਂ ਦੀਆਂ ਜਾਇਜ਼ ਜ਼ਰੂਰਤਾਂ ਨੂੰ ਵੀ ਨਜ਼ਰ-ਅੰਦਾਜ਼ ਕਰ ਦਿੰਦੇ ਹਨ।
ਮਾਪਿਆਂ ਦੀ ਜ਼ਿੰਮੇਵਾਰੀ
ਬੱਚੇ ਦੇ ਵਰਤਾਓ ’ਚ ਆਈ ਤਬਦੀਲੀ ਦਾ ਸਿੱਧਾ ਸਬੰਧ ਉਸ ਦੀ ਸੰਗਤ ਨਾਲ ਹੁੰਦਾ ਹੈ। ਅਜਿਹੇ ’ਚ ਬੱਚੇ ਦੁਚਿੱਤੀ ’ਚ ਫਸ ਜਾਂਦੇ ਹਨ। ਨਾ ਤਾਂ ਉਹ ਆਪਣੀ ਪੜ੍ਹਾਈ ਵੱਲ ਧਿਆਨ ਦਿੰਦੇ ਤੇ ਨਾ ਹੀ ਸੰਗਤ ਦਾ ਸਾਥ ਛੱਡ ਸਕਦੇ ਹਨ। ਅਜਿਹੇ ’ਚ ਮਾਪਿਆਂ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਕਿ ਉਹ ਉਨ੍ਹਾਂ ਨੂੰ ਮਾੜੀ ਸੰਗਤ ਵਿੱਚੋਂ ਕੱਢਣ ਲਈ ਪਿਆਰ ਨਾਲ ਸਮਝਾਉਣ। ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਮਾਪਿਆਂ ਦੀਆਂ ਉਨ੍ਹਾਂ ਤੋਂ ਉਮੀਦਾਂ ਤੇ ਆਪਣੀਆਂ ਮੰਗਾਂ ਦਾ ਮੁਲਾਂਕਣ ਕਰਨ ਅਤੇ ਦੇਖਣ ਕਿ ਮਾਪਿਆਂ ਨੇ ਉਨ੍ਹਾਂ ਲਈ ਕਿੰਨਾ ਕੁਝ ਕੀਤਾ ਹੈ ਤੇ ਬਦਲੇ ਵਿਚ ਉਹ ਕੀ ਚਾਹੁੰਦੇ ਹਨ। ਜੇ ਮਾਪਿਆਂ ਦੀਆਂ ਕੁਰਬਾਨੀਆਂ ਵੱਧ ਹੋਣ ਤਾਂ ਨਮੋਸ਼ੀ ਕਾਰਨ ਢਹਿੰਦੀ ਕਲਾ ਵੱਲ ਜਾਣ ਤੋਂ ਚੰਗਾ ਹੈ, ਉਸੇ ਪਲ਼ ਤੋਂ ਹੀ ਖ਼ੁਦ ਵਿਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰਨ। ਚੰਗਾ ਪਰਿਵਰਤਨ ਨਿਰਸੰਦੇਹ ਚੰਗੇ ਨਤੀਜੇ ਲੈ ਕੇ ਆਵੇਗਾ।

Related posts

Sweating Home Remedies : ਗਰਮੀਆਂ ਵਿੱਚ ਪਸੀਨੇ ਦੀ ਬਦਬੂ ਤੋਂ ਹੋ ਪਰੇਸ਼ਾਨ ? ਇਸ ਤੋਂ ਬਚਾਅ ਲਈ ਅਜ਼ਮਾਓ ਘਰੇਲੂ ਨੁਸਖੇ

On Punjab

Stomach Pain : ਇਹ ਕਾਰਨਾ ਕਰਕੇ ਹੁੰਦਾ ਪੇਟ ਦਰਦ, ਜਾਣੋ ਇਸ ਤੋਂ ਬਚਾਅ ਦੇ 5 ਤਰੀਕੇ

On Punjab

Vitamin D Deficieny & Obesity : ਵਿਟਾਮਿਨ-ਡੀ ਦੀ ਘਾਟ ਵਧਾ ਸਕਦੀ ਹੈ ਮੋਟਾਪਾ, ਜਾਣੋ ਕੀ ਕਹਿੰਦੀ ਹੈ ਰਿਸਰਚ

On Punjab