PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਕਰਾਸ ਵੋਟਿੰਗ ਦੀ ਮਿਹਰ, ਭਾਜਪਾ ਦੀ ਹਰਪ੍ਰੀਤ ਬਣੀ ਚੰਡੀਗੜ੍ਹ ਦੀ ਮੇਅਰ

ਚੰਡੀਗੜ੍ਹ-ਚੰਡੀਗੜ੍ਹ ਵਿੱਚ ਭਾਜਪਾ ਨੇ ਮੇਅਰ ਦੀ ਚੋਣ ਜਿੱਤ ਲਈ ਹੈ, ਜਿਸ ਨਾਲ ਨਗਰ ਨਿਗਮ ਵਿੱਚ ਬਹੁਮਤ ਹੋਣ ਦੇ ਬਾਵਜੂਦ ‘ਆਪ’-ਕਾਂਗਰਸ ਗੱਠਜੋੜ ਨੂੰ ਵੱਡਾ ਝਟਕਾ ਲੱਗਿਆ ਹੈ। ਭਾਜਪਾ ਦੀ ਹਰਪ੍ਰੀਤ ਕੌਰ ਬਬਲਾ, ਜਿਸ ਦੇ ਨਗਰ ਨਿਗਮ ਵਿੱਚ 16 ਕੌਂਸਲਰ ਹਨ, ਨੇ 19 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ‘ਆਪ’ ਅਤੇ ਕਾਂਗਰਸ ਗੱਠਜੋੜ ਦੀ ਪ੍ਰੇਮਲਤਾ ਨੂੰ ਸਿਰਫ਼ 17 ਵੋਟਾਂ ਮਿਲੀਆਂ, ਜਦੋਂ ਕਿ ਨਿਗਮ ਵਿੱਚ ਕੁੱਲ 20 ਵੋਟਾਂ ਸਨ, ਜਿਨ੍ਹਾਂ ਵਿੱਚ ‘ਆਪ’-ਕਾਂਗਰਸ ਦੇ ਕੌਂਸਲਰਾਂ ਦੇ ਨਾਲ-ਨਾਲ ਸੰਸਦ ਮੈਂਬਰਾਂ ਦੀਆਂ ਵੋਟਾਂ ਵੀ ਸ਼ਾਮਲ ਸਨ।

ਮੇਅਰ ਚੋਣ ਦੇ ਨਤੀਜੇ ਤੋਂ ਇਹ ਸਪੱਸ਼ਟ ਹੈ ਕਿ ਇੱਥੇ ‘ਆਪ’-ਕਾਂਗਰਸ ਗੱਠਜੋੜ ਦੀਆਂ ਤਿੰਨ ਵੋਟਾਂ ਭਾਜਪਾ ਦੇ ਹੱਕ ਵਿੱਚ ਪਈਆਂ ਹਨ। ਇਹ ਤਿੰਨੋਂ ਵੋਟਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਗੱਠਜੋੜ ਦੇ ਕੌਂਸਲਰਾਂ ਦੀਆਂ ਹਨ।

ਕਾਂਗਰਸ ਉਮੀਦਵਾਰ ਜਸਬੀਰ ਸਿੰਘ ਬੰਟੀ ਸੀਨੀਅਰ ਡਿਪਟੀ ਮੇਅਰ ਚੁਣੇ ਗਏ ਹਨ, ਉਨ੍ਹਾਂ ਨੂੰ ਕੁੱਲ 19 ਵੋਟਾਂ ਮਿਲੀਆਂ। ਜਦੋਂ ਕਿ ਭਾਜਪਾ ਉਮੀਦਵਾਰ ਬਿਮਲਾ ਦੂਬੇ ਨੂੰ 17 ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਕਾਂਗਰਸ ਦੀ ਤਰੁਣਾ ਮਹਿਤਾ ਡਿਪਟੀ ਮੇਅਰ ਬਣ ਗਈ, ਉਨ੍ਹਾਂ ਨੂੰ 19 ਵੋਟਾਂ ਮਿਲੀਆਂ। ਭਾਜਪਾ ਉਮੀਦਵਾਰ ਲਖਬੀਰ ਸਿੰਘ ਬਿੱਲੂ ਨੂੰ 17 ਵੋਟਾਂ ਮਿਲੀਆਂ। ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵਿੱਚ, ਆਮ ਆਦਮੀ ਪਾਰਟੀ ਅਤੇ ਕਾਂਗਰਸ ਗੱਠਜੋੜ ਦੇ ਇੱਕ-ਇੱਕ ਕੌਂਸਲਰ ਨੇ ਕਰਾਸ ਵੋਟਿੰਗ ਕੀਤੀ ਹੈ। ਵੋਟਿੰਗ ਪ੍ਰਕਿਰਿਆ ਵੀਰਵਾਰ ਨੂੰ ਸਵੇਰੇ 11 ਵਜੇ ਨਿਰਧਾਰਤ ਸਮੇਂ ’ਤੇ ਸ਼ੁਰੂ ਹੋਈ। ਸਭ ਤੋਂ ਪਹਿਲਾਂ, ਕਾਰਪੋਰੇਸ਼ਨ ਦੇ ਸੰਯੁਕਤ ਸਕੱਤਰ ਗੁਰਿੰਦਰ ਸਿੰਘ ਸੋਢੀ ਦੁਆਰਾ ਸਾਰੇ ਕੌਂਸਲਰਾਂ ਨੂੰ ਚੋਣਾਂ ਦੇ ਨਿਯਮਾਂ ਅਤੇ ਸ਼ਰਤਾਂ ਬਾਰੇ ਜਾਣੂ ਕਰਵਾਇਆ ਗਿਆ। ਕੌਂਸਲਰਾਂ ਨੂੰ ਬੈਲਟ ਪੇਪਰ ’ਤੇ ਵੋਟ ਪਾਉਣ ਦੇ ਤਰੀਕੇ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਬੰਟੀ ਨੇ ਕਿਹਾ ਕਿ ਚੋਣਾਂ ਪਾਰਦਰਸ਼ੀ ਢੰਗ ਨਾਲ ਹੋਣੀਆਂ ਚਾਹੀਦੀਆਂ ਹਨ ਜਦੋਂ ਕੌਂਸਲਰ ਗੁਰਬਖਸ਼ ਰਾਵਤ ਜੋ ਹਾਲ ਹੀ ਵਿੱਚ ਕਾਂਗਰਸ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਸਨ, ਆਪਣੀ ਵੋਟ ਪਾਉਣ ਲਈ ਪਹੁੰਚੇ ਤਾਂ ਉਨ੍ਹਾਂ ਨੇ ਘੜੀ ਪਾਈ ਹੋਈ ਸੀ। ਆਮ ਆਦਮੀ ਪਾਰਟੀ ਦੇ ਕੌਂਸਲਰ ਯੋਗੇਸ਼ ਢੀਂਗਰਾ ਨੇ ਇਸ ’ਤੇ ਸਵਾਲ ਖੜ੍ਹੇ ਕੀਤੇ। ਉਸ ਨੇ ਪੁੱਛਿਆ ਕਿ ਜਦੋਂ ਸਾਰੀਆਂ ਘੜੀਆਂ ਉਤਾਰ ਦਿੱਤੀਆਂ ਗਈਆਂ ਹਨ ਤਾਂ ਉਨ੍ਹਾਂ ਘੜੀ ਕਿਉਂ ਬੰਨ੍ਹੀ ਹੈ। ਰਾਵਤ ਨੇ ਕਿਹਾ ਕਿ ਇਹ ਇੱਕ ਐਨਾਲਾਗ ਘੜੀ ਹੈ ਨਾ ਕਿ ਸਮਾਰਟ ਘੜੀ ਹੈ। ਪ੍ਰੀਜ਼ਾਈਡਿੰਗ ਅਫ਼ਸਰ ਨੇ ਰਾਵਤ ਨੂੰ ਘੜੀ ਉਤਾਰਨ ਲਈ ਕਿਹਾ ਸੀ। ਇਸ ਤੋਂ ਬਾਅਦ ਹੀ ਗੁਰਬਖ਼ਸ਼ ਰਾਵਤ ਨੂੰ ਬੈਲਟ ਪੇਪਰ ਦਿੱਤਾ ਗਿਆ ਅਤੇ ਉਨ੍ਹਾਂ ਆਪਣੀ ਵੋਟ ਪਾਈ।

ਮੇਅਰ ਦੀ ਚੋਣ ਸੁਪਰੀਮ ਕੋਰਟ ਦੁਆਰਾ ਨਿਯੁਕਤ ਸੁਤੰਤਰ ਨਿਗਰਾਨ, ਸੇਵਾਮੁਕਤ ਜਸਟਿਸ ਜੈਸ਼੍ਰੀ ਠਾਕੁਰ ਦੀ ਨਿਗਰਾਨੀ ਹੇਠ ਹੋਈ। ਵੋਟਿੰਗ ਅਤੇ ਗਿਣਤੀ ਦੀ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ। ਚੋਣਾਂ ਦੌਰਾਨ ਨਾਮਜ਼ਦ ਕੌਂਸਲਰ ਡਾ. ਰਮਣੀਕ ਬੇਦੀ ਨੂੰ ਪ੍ਰੀਜ਼ਾਈਡਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਸੀ।

ਚੋਣਾਂ ਕਾਰਨ ਨਗਰ ਨਿਗਮ ਦੀ ਇਮਾਰਤ ਦੇ ਅੰਦਰ ਅਤੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਸਨ, ਕਿਸੇ ਵੀ ਬਾਹਰੀ ਵਿਅਕਤੀ ਨੂੰ ਨਗਰ ਨਿਗਮ ਦੀ ਇਮਾਰਤ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਸੀ। ਭਾਜਪਾ ਕੌਂਸਲਰ ਹਰਪ੍ਰੀਤ ਕੌਰ ਬਬਲਾ ਦੇ ਮੇਅਰ ਚੁਣੇ ਜਾਣ ਤੋਂ ਬਾਅਦ, ਚੰਡੀਗੜ੍ਹ ਭਾਜਪਾ ਪ੍ਰਧਾਨ ਜਤਿੰਦਰਪਾਲ ਮਲਹੋਤਰਾ, ਸਾਬਕਾ ਭਾਜਪਾ ਪ੍ਰਧਾਨ ਅਰੁਣ ਸੂਦ, ਸੰਜੇ ਟੰਡਨ ਅਤੇ ਹੋਰ ਭਾਜਪਾ ਕੌਂਸਲਰਾਂ ਨੇ ਉਨ੍ਹਾਂ ਨੂੰ ਮੇਅਰ ਦੀ ਸੀਟ ‘ਤੇ ਬਿਠਾਇਆ ਅਤੇ ਵਧਾਈ ਦਿੱਤੀ। ਨਿਗਮ ਕਮਿਸ਼ਨਰ ਅਮਿਤ ਅਗਰਵਾਲ ਸਣੇ ਨਿਗਮ ਦੇ ਜੁਆਇੰਟ ਕਮਿਸ਼ਨਰ ਗੁਰਿੰਦਰ ਸਿੰਘ ਸੋਢੀ, ਈਸ਼ਾ ਕੰਬੋਜ਼, ਐਸਈ ਕਿਸ਼ਨਪਾਲ ਸਿੰਘ ਨੇ ਵੀ ਹਰਪ੍ਰੀਤ ਕੌਰ ਬਬਲਾ ਨੂੰ ਵਧਾਈ ਦਿੱਤੀ।

ਹਰਪ੍ਰੀਤ ਕੌਰ ਬਬਲਾ ਨੇ ਮੇਅਰ ਚੁਣੇ ਜਾਣ ਤੋਂ ਬਾਅਦ ਆਪਣੀ ਜਿੱਤ ਲਈ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਸਮੇਤ ਨਿਗਮ ਦੇ ਕੌਂਸਲਰਾਂ ਧੰਨਵਾਦ ਕੀਤਾ ਅਤੇ ਸਾਰਿਆਂ ਦੇ ਸਹਿਯੋਗ ਨਾਲ ਚੰਡੀਗੜ੍ਹ ਨੂੰ ਦੁਬਾਰਾ ਦੁਨੀਆ ਦਾ ਸਭ ਤੋਂ ਸੁੰਦਰ ਸ਼ਹਿਰ ਬਣਾਉਣ ਦਾ ਵਾਅਦਾ ਕੀਤਾ।

ਉਨ੍ਹਾਂ ਕਿਹਾ ਕਿ ਸਾਰੇ ਬਿਨਾ ਕਿਸੇ ਪਾਰਟੀ ਦੇ ਭੇਦ-ਭਾਵ, ਰਲ-ਮਿਲ ਕੇ ਸ਼ਹਿਰ ਦੇ ਵਿਕਾਸ ਲਈ ਕੰਮ ਕਰਨਗੇ ਅਤੇ ਵਾਧੂ ਫੰਡ ਲਿਆਉਣਗੇ। ਉਨ੍ਹਾਂ ਦੱਸਿਆ ਕਿ ਅੱਜ ਹੀ ਪ੍ਰਸ਼ਾਸਨ ਵੱਲੋਂ ਨਗਰ ਨਿਗਮ ਲਈ 92 ਕਰੋੜ ਰੁਪਏ ਦੇ ਫੰਡ ਜਾਰੀ ਕਰ ਦਿੱਤੇ ਗਏ ਹਨ।

ਕਰਾਸ ਵੋਟਾਂ ਨੇ ‘ਆਪ’ ਅਤੇ ਕਾਂਗਰਸ ਨੂੰ ਸੋਚੀਂ ਪਾਇਆ-ਮੇਅਰ ਦੀ ਚੋਣ ਵਿੱਚ ਤਿੰਨ ਅਤੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਵਿੱਚ ਇੱਕ-ਇੱਕ ਵੋਟ ਕਰਾਸ ਹੋਈ ਹੈ ਜੋਕਿ ਭਾਜਪਾ ਦੇ ਉਮੀਦਵਾਰਾਂ ਦੇ ਹੱਕ ਵਿੱਚ ਨਿਤਰੀਆਂ ਹਨ। ਇਨ੍ਹਾਂ ਕਾਰਸ ਹੋਈਆਂ ਵੋਟਾਂ ਨਾਲ ਜਿੱਥੇ ਨਗਰ ਨਿਗਮ ਵਿੱਚ ਬਹੁਮਤ ਨਾ ਹੋਣ ਦੇ ਬਾਵਜੂਦ ਭਾਜਪਾ ਦੀ ਵਾਪਸੀ ਹੋਈ ਹੈ, ਉਥੇ ਇਨ੍ਹਾਂ ਕਰਾਸ ਹੋਈਆਂ ਵੋਟਾਂ ਨੇ ‘ਆਪ’ ਅਤੇ ਕਾਂਗਰਸ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਚਰਚਾ ਹੈ ਕਿ ਕਰਾਸ ਹੋਈਆਂ ਵੋਟਾਂ ਕਾਰਨ ਦੋਵੇਂ ਪਾਰਟੀਆਂ ਇੱਕ-ਦੂਜੇ ਵੱਲ ਦੇਖ ਰਹੀਆਂ ਹਨ। ਕਰਾਸ ਵੋਟ ਉਹ ਹੁੰਦੀ ਹੈ ਜਿਥੇ ਇੱਕ ਪਾਰਟੀ ਦਾ ਕੌਂਸਲਰ ਦੂਜੀ ਪਾਰਟੀ ਦੇ ਉਮੀਦਵਾਰ ਨੂੰ ਆਪਣੀ ਵੋਟ ਪਾ ਦਿੰਦਾ ਹੈ। ਮੇਅਰ ਦੀਆਂ ਚੋਣਾਂ ਵਿੱਚ ਵੀ ਅਜਿਹਾ ਹੀ ਹੋਇਆ ਹੈ। ਕਰਾਸ ਵੋਟਾਂ ਨੇ ਬਹੁਮਤ ਹੋਣ ਦੇ ਬਾਵਜੂਤ ‘ਆਪ’-ਕਾਂਗਰਸ ਦਾ ਗਣਿਤ ਵਿਗਾੜ ਦਿੱਤਾ ਹੈ।

ਬਹੁਮਤ ਦੇ ਬਾਵਜੂਦ ‘ਆਪ’-ਕਾਂਗਰਸ ਗੱਠਜੋੜ ਮੂੰਧੇ ਮੂੰਹ ਡਿੱਗਿਆ-ਚੰਡੀਗੜ੍ਹ ਨਗਰ ਨਿਗਮ ਵਿੱਚ ਇਸ ਵੇਲੇ ਕੁੱਲ 35 ਕੌਂਸਲਰ ਹਨ। ਇਸ ਵੇਲੇ ਨਿਗਮ ਵਿੱਚ ਭਾਜਪਾ ਦੇ ਕੌਂਸਲਰ ਵੋਟਾਂ ਦੀ ਗਿਣਤੀ 16 ਸੀ, ਜਦੋਂ ਕਿ ਆਮ ਆਦਮੀ ਪਾਰਟੀ ਦੇ 13 ਕੌਂਸਲਰ ਅਤੇ ਕਾਂਗਰਸ ਦੇ ਛੇ ਕੌਂਸਲਰ ਸਨ। ਇਸ ਤੋਂ ਇਲਾਵਾ ਕਾਂਗਰਸ ਕੋਲ ਇੱਕ ਸੰਸਦ ਮੈਂਬਰ ਦੀ ਵੋਟ ਵੀ ਸੀ। ਇਸ ਤਰ੍ਹਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਗੱਠਜੋੜ ਕੋਲ ਕੁੱਲ 20 ਵੋਟਾਂ ਸਨ। ਚੋਣ ਜਿੱਤਣ ਲਈ 19 ਵੋਟਾਂ ਦੀ ਲੋੜ ਸੀ ਪਰ ਕਰਾਸ ਵੋਟਿੰਗ ਨੇ ‘ਆਪ’-ਕਾਂਗਰਸ ਗੱਠਜੋੜ ਦੀ ਪੂਰੀ ਖੇਡ ਵਿਗਾੜ ਦਿੱਤੀ ਅਤੇ ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਭਾਜਪਾ ਨੇ 16 ਕੌਂਸਲਰ ਹੋਣ ਦੇ ਬਾਵਜੂਦ 19 ਵੋਟਾਂ ਹਾਸਲ ਕਰਕੇ ਮੇਅਰ ਦੀ ਚੋਣ ਜਿੱਤ ਲਈ।

Related posts

Manmohan Singh writes to PM Modi, suggests ways to tackle second wave of Covid-19

On Punjab

Ukraine Helicopter Crash : ਯੂਕ੍ਰੇਨ ‘ਚ ਵੱਡਾ ਹੈਲੀਕਾਪਟਰ ਹਾਦਸਾ, ਗ੍ਰਹਿ ਮੰਤਰੀ ਸਮੇਤ 16 ਲੋਕਾਂ ਦੀ ਮੌਤ

On Punjab

ਮੁੰਬਈ ਦੇ ਸਕੂਲ ਅਤੇ ਜੂਨੀਅਰ ਕਾਲਜ ਨੂੰ ਬੰਬ ਦੀ ਧਮਕੀ, ਜਾਂਚ ਉਪੰਰਤ ਝੂਠੀ ਨਿੱਕਲੀ

On Punjab