PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕਮਿਊਨਿਸਟਾਂ ਵੱਲੋਂ ‘ਮਗਨਰੇਗਾ’ ਦੀ ਬਹਾਲੀ ਲਈ ਪ੍ਰਦਰਸ਼ਨ

ਬਠਿੰਡਾ- ਤਿੰਨ ਕਮਿਊਨਿਸਟ ਪਾਰਟੀਆਂ ਨੇ ‘ਮਗਨਰੇਗਾ’ ਸਕੀਮ ਖਤਮ ਕਰਨ ਵਿਰੁੱਧ ਅੱਜ ਇੱਥੇ ਜ਼ਿਲ੍ਹਾ ਕਚਹਿਰੀਆਂ ਦੇ ਸਾਹਮਣੇ ਧਰਨਾ ਦੇਣ ਸਮੇਤ ਰੋਸ ਮੁਜ਼ਾਹਰਾ ਕਰਕੇ ਮੋਦੀ ਹਕੂਮਤ ਖ਼ਿਲਾਫ਼ ਰੋਸ ਪ੍ਰਗਟਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਬਲਕਰਨ ਸਿੰਘ ਬਰਾੜ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਤਹਿਸੀਲ ਸਕੱਤਰ ਬਲਕਾਰ ਸਿੰਘ ਮੰਡੀ ਕਲਾਂ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਦੇ ਬੁਲਾਰੇ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮਗਨਰੇਗਾ ਕਾਨੂੰਨ-2005 ਨੂੰ ਖਤਮ ਕਰਕੇ ਮਜ਼ਦੂਰਾਂ ਨਾਲ ਵੱਡਾ ਧਰੋਹ ਕਮਾਇਆ ਹੈ। ਉਨ੍ਹਾਂ ਆਖਿਆ ਕਿ ਨਵੇਂ ਬਣਾਏ ‘ਰੁਜ਼ਗਾਰ ਗਾਰੰਟੀ ਕਾਨੂੰਨ’ ਵਿੱਚ ਮਜ਼ਦੂਰਾਂ ਦਾ ਕੰਮ ਮੰਗਣ ਦਾ ਮੁੱਢਲਾ ਅਧਿਕਾਰ ਹੀ ਖਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੇਈਮਾਨ ਮੋਦੀ ਸਰਕਾਰ ਨੇ ‘ਮਗਨਰੇਗਾ’ ਦੀ ਜਗ੍ਹਾ ਲਿਆਂਦੇ ‘ਜੀ ਰਾਮ ਜੀ’ ਕਾਨੂੰਨ ਰਾਹੀਂ ਕੇਂਦਰ ਅਤੇ ਸੂਬਾ ਸਰਕਾਰਾਂ ਦੀ 90-10 ਦੀ ਹਿੱਸੇਦਾਰੀ ਨੂੰ 60-40 ਦੇ ਅਨੁਪਾਤ ਵਿੱਚ ਤਬਦੀਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹੀ ਰਾਜਾਂ ਦੀਆਂ ਸ਼ਕਤੀਆਂ ਦਾ ਕੇਂਦਰੀਕਰਨ ਕਰੀ ਬੈਠੀ ਮੋਦੀ ਸਰਕਾਰ ਦੀ ਅਸਲ ਮਨਸ਼ਾ ਸਕੀਮ ਨੂੰ ਬੰਦ ਕਰਨਾ ਹੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰਾਂ ਕੋਲ ਵਿੱਤੀ ਬਜਟ ਨਾ ਹੋਣ ਕਾਰਨ, ਇਸ ਸਕੀਮ ਦਾ ਪੂਰੀ ਤਰ੍ਹਾਂ ਭੋਗ ਪੈ ਜਾਵੇਗਾ।

ਆਗੂਆਂ ਨੇ ਮੰਗ ਕੀਤੀ ਕਿ ਮਗਨਰੇਗਾ ਦਾ ਪੁਰਾਣਾ ਕਾਨੂੰਨ ਬਹਾਲ ਕੀਤਾ ਜਾਵੇ, 200 ਦਿਨ ਕੰਮ ਗਾਰੰਟੀ ਅਤੇ 700 ਰੁਪਏ ਦਿਹਾੜੀ ਦਿੱਤੀ ਜਾਵੇ। ਕੇਂਦਰ ਸਰਕਾਰ ਵੱਲੋਂ ਪ੍ਰਸਤਾਵਿਤ ‘ਬਿਜਲੀ ਸੋਧ ਬਿੱਲ-2025’ ਅਤੇ ‘ਸੀਡ ਬਿੱਲ’ ਦਾ ਸਖ਼ਤ ਵਿਰੋਧ ਕਰਦਿਆਂ ਮੰਗ ਕੀਤੀ ਕਿ ਬਿਜਲੀ ਅਤੇ ਖੇਤੀ ਲਈ ਸਰਕਾਰੀ ਢਾਂਚੇ ਦਾ ਵਿਕਾਸ ਕੀਤਾ ਜਾਵੇ ਅਤੇ ਸਰਕਾਰ ਇਨ੍ਹਾਂ ਖੇਤਰਾਂ ਵਿੱਚ ਪ੍ਰਾਈਵੇਟ ਦਾਖ਼ਲਾ ਬਿਲਕੁਲ ਬੰਦ ਕਰੇ।

ਮਜ਼ਦੂਰ ਆਗੂ ਮਿੱਠੂ ਸਿੰਘ ਘੁੱਦਾ ਅਤੇ ਮੁਲਾਜ਼ਮ ਆਗੂ ਪੂਰਨ ਸਿੰਘ ਗੁੰਮਟੀ ਨੇ ਦੋਸ਼ ਲਾਇਆ ਕਿ ਸਰਕਾਰ ਨੇ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਹੱਕ ਵਿੱਚ ਬਣੇ ਹੋਏ ਸਾਰੇ ਕਾਨੂੰਨ ਖਤਮ ਕਰਕੇ ਚਾਰ ਲੇਬਰ ਕੋਡ’ਜ਼ ਲਾਗੂ ਕਰ ਦਿੱਤੇ ਹਨ, ਜਿਸ ਨਾਲ ਮਜ਼ਦੂਰਾਂ ਦੇ ਮੁੱਢਲੇ ਅਧਿਕਾਰ ਖਤਮ ਹੋ ਗਏ ਹਨ। ਉਨ੍ਹਾਂ ਆਖਿਆ ਕਿ ਇਸ ਕਾਨੂੰਨ ਨਾਲ ਮਜ਼ਦੂਰਾਂ ਨੂੰ ਬੰਧੂਆ ਮਜ਼ਦੂਰ ਬਣਾਇਆ ਜਾ ਰਿਹਾ ਹੈ, ਜਿਸ ਦੇ ਮਾੜੇ ਸਿੱਟੇ ਸਾਹਮਣੇ ਆ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਲੇਬਰ ਕੋਡ’ਜ਼ ਰੱਦ ਕੀਤੇ ਜਾਣ ਅਤੇ ਮਜ਼ਦੂਰਾਂ ਦੇ ਹੱਕ ਬਹਾਲ ਕੀਤੇ ਜਾਣ। ਇਸ ਮੌਕੇ ਨਾਇਬ ਸਿੰਘ ਫੁੱਲੋ ਮਿੱਠੀ, ਵਿਨੋਦ ਸਿੰਘ ਬਠਿੰਡਾ, ਅਮਰਜੀਤ ਸਿੰਘ ਭੋਖੜਾ, ਰਾਜਾ ਸਿੰਘ ਦਾਨ ਸਿੰਘ ਵਾਲਾ, ਰਾਜਿੰਦਰ ਸਿੰਘ ਬਲਾਹੜ ਮਹਿਮਾ ਅਤੇ ਬਨਵਾਰੀ ਲਾਲ ਬਠਿੰਡਾ ਨੇ ਵੀ ਸੰਬੋਧਨ ਕੀਤਾ।

Related posts

Political Crisis in Pakistan :ਪਾਕਿਸਤਾਨ ‘ਚ ਸਿਆਸਤ ਗਰਮਾਈ, ਇਕ ਹੋਰ ਸਹਿਯੋਗੀ ਨੇ ਛੱਡਿਆ ਇਮਰਾਨ ਦਾ ਸਾਥ

On Punjab

ਅਧਿਆਪਕ ਦਿਵਸ ’ਤੇ ਮੁੜ ‘ਜਮਾਤ’ ਵਿੱਚ ਪੁੱਜਿਆ ਸਿਧਾਰਥ ਮਲਹੋਤਰਾ

On Punjab

ਇਮਰਾਨ ਖਾਨ ਨੂੰ ਹੱਥੋਂ ਨਿਕਲਦੀ ਨਜ਼ਰ ਆ ਰਹੀ ਹੈ ਸਰਕਾਰ, ਜਾਣੋ ਉਨ੍ਹਾਂ ਨੇ ਜਨਤਾ ਨੂੰ ਕੀ ਕੀਤੀ ਹੈ ਅਪੀਲ

On Punjab