ਮੋਗਾ- ਇੱਥੋਂ ਨੇੜਲੇ ਪਿੰਡ ਕਮਾਲਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਿਆਰਵ੍ਹੀਂ ਕਲਾਸ ਦੇ ਵਿਦਿਆਰਥੀ ਜਸ਼ਨਦੀਪ ਸਿੰਘ ਦੇ ਪਰਿਵਾਰ ਨੇ ਪ੍ਰਿੰਸੀਪਲ ਸਣੇ ਛੇ ਹੋਰ ਅਧਿਆਪਕਾਂ ਖ਼ਿਲਾਫ਼ ਕੁੱਟਮਾਰ ਕਰਨ ਅਤੇ ਕਥਿਤ ਤੌਰ ’ਤੇ ਜ਼ਲੀਲ ਕਰਨ ਦੇ ਦੋਸ਼ ਲਗਾਏ ਸਨ। 23 ਅਗਸਤ ਨੂੰ ਵਿਦਿਆਰਥੀ ਨੇ ਜ਼ਲਾਲਤ ਨਾ ਸਹਾਰਦਿਆਂ ਕੀਟਨਾਸ਼ਕ ਦਵਾਈ ਨਿਗਲ ਲਈ ਸੀ। ਲੰਘੇ ਦਿਨ ਏਮਜ਼ ਹਸਪਤਾਲ ਬਠਿੰਡਾ ਦੇ ਡਾਕਟਰਾਂ ਵੱਲੋਂ ਜਵਾਬ ਦੇ ਦੇਣ ਤੋਂ ਬਾਅਦ ਉਸ ਨੂੰ ਘਰ ਲਿਆਂਦਾ ਗਿਆ, ਜਿੱਥੇ ਉਸ ਨੂੰ ਸਾਹ ਪ੍ਰਣਾਲੀ ’ਤੇ ਰੱਖਿਆ ਹੋਇਆ ਹੈ।
ਵਿਦਿਆਰਥੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੂਜੇ ਪਾਸੇ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਸਣੇ ਪੰਜ ਹੋਰ ਅਧਿਆਪਕ ਮੈਡੀਕਲ ਛੁੱਟੀ ’ਤੇ ਚਲੇ ਗਏ ਹਨ। ਇੱਕ ਅਧਿਆਪਕ ਨੇ ਇਨ੍ਹਾਂ ਦਿਨਾਂ ਵਿੱਚ ਹੀ ਸਕੂਲ ਤੋਂ ਆਪਣੀ ਬਦਲੀ ਕਰਵਾ ਲਈ ਹੈ। ਛੁੱਟੀ ’ਤੇ ਗਏ ਇਨ੍ਹਾਂ ਸਾਰੇ ਅਧਿਆਪਕਾਂ ਖ਼ਿਲਾਫ਼ ਹੀ ਵਿਦਿਆਰਥੀ ਦੇ ਪਰਿਵਾਰ ਨੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਸਨ। ਸਕੂਲ ਦਾ ਕੰਮ-ਕਾਜ ਦੇਖ ਰਹੇ ਅਧਿਆਪਕ ਨੀਤੂ ਬਾਲਾ ਨੇ ਦੱਸਿਆ ਕਿ ਛੁੱਟੀ ’ਤੇ ਗਏ ਜ਼ਿਆਦਾਤਰ ਅਧਿਆਪਕਾਂ ਨੇ ਛੁੱਟੀ ਦੇ ਨਾਲ ਆਪਣੇ ਮੈਡੀਕਲ ਸਰਟੀਫਿਕੇਟ ਭੇਜੇ ਹਨ।

