PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕਠੂਆ: ਅਤਿਵਾਦੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਤੀਜੇ ਦਿਨ ਵੀ ਜਾਰੀ

ਜੰਮੂ- ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਜੰਗਲੀ ਖੇਤਰ ਵਿੱਚ ਘੁਸਪੈਠ ਕਰਨ ਵਾਲੇ ਅਤਿਵਾਦੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਅੱਜ ਤੀਜੇ ਦਿਨ ਵੀ ਜਾਰੀ ਰਹੀ। ਐਤਵਾਰ ਸ਼ਾਮ ਨੂੰ ਹੀਰਾਨਗਰ ਸੈਕਟਰ ਵਿੱਚ ਨਰਸਰੀ ’ਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਹੋਏ ਮੁਕਾਬਲੇ ਤੋਂ ਬਾਅਦ ਪੁਲੀਸ ਦੇ ਡਾਇਰੈਕਟਰ ਜਨਰਲ ਨਲਿਨ ਪ੍ਰਭਾਤ ਦੀ ਅਗਵਾਈ ਹੇਠ ਇਹ ਕਾਰਵਾਈ ਸ਼ੁਰੂ ਕੀਤੀ ਗਈ ਸੀ। ਅੱਜ ਜਿਵੇਂ ਹੀ ਸੁਰੱਖਿਆ ਬਲਾਂ ਦੇ ਜਵਾਨ ਉਸ ਇਲਾਕੇ ਵਿੱਚ ਗਏ ਤਾਂ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਇਹ ਸ਼ੱਕੀ ਗਤੀਵਿਧੀ ਦੇਖਣ ਤੋਂ ਬਾਅਦ ਫੌਜ ਦੇ ਜਵਾਨਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਦੀ ਆਵਾਜ਼ ਸੀ। ਅਧਿਕਾਰੀਆਂ ਨੇ ਕਿਹਾ ਕਿ ਭਾਰੀ ਹਥਿਆਰਬੰਦ ਕਮਾਂਡੋ, ਡੌਗ ਸਕੁਆਡ, ਡਰੋਨ ਅਤੇ ਮਨੁੱਖ ਰਹਿਤ ਹਵਾਈ ਵਾਹਨ ਅਤਿਵਾਦੀਆਂ ਦੀ ਭਾਲ ’ਚ ਜੁਟੇ ਹੋਏ ਹਨ। ਇਲਾਕੇ ਵਿੱਚ ਹੈਲੀਕਾਪਟਰ ਵੀ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਤੋਂ ਲਗਪਗ ਪੰਜ ਕਿਲੋਮੀਟਰ ਦੂਰ ਸਨਿਆਲ ਪਿੰਡ ਵਿੱਚ ਇੱਕ ਨਰਸਰੀ ਵਿੱਚ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਕੀਤੀ ਗਈ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਸਪੈਸ਼ਲ ਅਪ੍ਰੇਸ਼ਨ ਗਰੁੱਪ ਦੀ ਪੁਲੀਸ ਟੀਮ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਜਦੋਂ ਪੁਲੀਸ ਕਰਮਚਾਰੀ ਇਲਾਕੇ ਵਿੱਚ ਦਾਖਲ ਹੋਏ ਤਾਂ ਅਤਿਵਾਦੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮਗਰੋਂ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਇਹ ਮੁਕਾਬਲਾ ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਜਾਰੀ ਰਿਹਾ। ਮੰਨਿਆ ਜਾ ਰਿਹਾ ਹੈ ਕਿ ਅਤਿਵਾਦੀਆਂ ਨੇ ਸ਼ਨਿਚਰਵਾਰ ਨੂੰ ਕਿਸੇ ਨਾਲੇ ਰਾਹੀਂ ਜਾਂ ਨਵੀਂ ਬਣੀ ਸੁਰੰਗ ਰਾਹੀਂ ਘੁਸਪੈਠ ਕੀਤੀ ਸੀ।

ਰਾਜੌਰੀ ’ਚੋਂ ਪਾਕਿਸਤਾਨੀ ਘੁਸਪੈਠੀਆ ਗ੍ਰਿਫ਼ਤਾਰ: ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਅੱਜ ਸੁਰੱਖਿਆ ਬਲਾਂ ਨੇ ਕੰਟਰੋਲ ਰੇਖਾ ਨੇੜਿਓਂ ਪਾਕਿਸਤਾਨੀ ਘੁਸਪੈਠੀਏ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਮਕਬੂਜ਼ਾ ਕਸ਼ਮੀਰ (ਪੀਓਕੇ) ਦੇ ਵਸਨੀਕ ਮੁਹੰਮਦ ਯਾਕੂਬ ਵਜੋਂ ਹੋਈ ਹੈ। ਜਦੋਂ ਉਸ ਨੇ ਕੇਰੀ ਸੈਕਟਰ ਵਿੱਚ ਸਰਹੱਦ ਪਾਰੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਥੇ ਤਾਇਨਾਤ ਸੁਰੱਖਿਆ ਜਵਾਨਾਂ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਮੁਲਜ਼ਮ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਕਬਜ਼ੇ ’ਚੋਂ ਕੋਈ ਇਤਰਾਜ਼ਯੋਗ ਸਮੱਗਰੀ ਨਹੀਂ ਬਰਾਮਦ ਹੋਈ ਪਰ ਉਹ ਨਸ਼ੇ ਵਿੱਚ ਲੱਗ ਰਿਹਾ ਸੀ।

Related posts

ਬੰਬ ਦੀ ਧਮਕੀ ਪਿੱਛੋਂ ਚੰਡੀਗੜ੍ਹ ਸਥਿਤ ਹਰਿਆਣਾ ਸਿਵਲ ਸਕੱਤਰੇਤ ਨੂੰ ਖ਼ਾਲੀ ਕਰਵਾਇਆ

On Punjab

CM ਮਾਨ ਨੇ ਮੁੜ SGPC ‘ਤੇ ਵਿੰਨ੍ਹਿਆ ਨਿਸ਼ਾਨਾ, ਗੁਰਬਾਣੀ ਦਾ ਲਾਈਵ ਪ੍ਰਸਾਰਣ ਕਰਨ ਤੋਂ ਪੈਰ ਪਿੱਛੇ ਖਿੱਚਣ ਦੀ ਕੀਤੀ ਨਿਖੇਧੀ

On Punjab

ਗਰਭ ਅਵਸਥਾ ਤੋਂ ਅਣਜਾਣ ਔਰਤ ਨੇ ਜਣੇਪੇ ਦੀਆਂ ਪੀੜਾਂ ਨਾਲ ਦਿੱਤਾ ਤੰਦਰੁਸਤ ਬੱਚੇ ਨੂੰ ਜਨਮ

On Punjab