PreetNama
ਖਬਰਾਂ/News

ਕਟਕ ਹਿੰਸਾ: ਵਿਸ਼ਵ ਹਿੰਦੂ ਪਰਿਸ਼ਦ ਦੀ ਰੈਲੀ ਮਗਰੋਂ ਮੁੜ ਤਣਾਅ

ਭੁਬਨੇਸ਼ਵਰ- ਦੁਰਗਾ ਮੂਰਤੀ ਜਲ ਪ੍ਰਵਾਹ ਕਰਨ ਦੌਰਾਨ ਦੋ ਦਿਨ ਪਹਿਲਾਂ ਦੋ ਧੜਿਆਂ ਵਿਚਾਲੇ ਹੋਈ ਹਿੰਸਾ ਮਗਰੋਂ ਅੱਜ ਤਾਜ਼ਾ ਘਟਨਾਵਾਂ ਕਾਰਨ ਮਾਹੌਲ ਮੁੜ ਤਣਾਅਪੂਰਨ ਬਣ ਗਿਆ। ਇਸ ਦੌਰਾਨ ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਅਤੇ ਬੀ ਜੇ ਡੀ ਮੁਖੀ ਨਵੀਨ ਪਟਨਾਇਕ ਨੇ ਨਾਗਰਿਕਾਂ ਨੂੰ ਫਿਰਕੂ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਮਾਝੀ ਅਤੇ ਪਟਨਾਇਕ ਦੀ ਇਹ ਅਪੀਲ ਸ਼ਾਮ ਨੂੰ ਵਿਸ਼ਵ ਹਿੰਦੂ ਪਰਿਸ਼ਦ (ਵੀ ਐੱਚ ਪੀ) ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਮੋਟਰਸਾਈਕਲ ਰੈਲੀ ਕਰਨ ਤੋਂ ਬਾਅਦ ਆਈ ਹੈ। ਵੀ ਐੱਚ ਪੀ ਨੇ ਝੜਪ ਦੇ ਵਿਰੋਧ ਵਿੱਚ 6 ਅਕਤੂਬਰ ਨੂੰ ਸ਼ਹਿਰ ਵਿੱਚ 12 ਘੰਟੇ ਦੇ ਬੰਦ ਦਾ ਸੱਦਾ ਦਿੱਤਾ ਹੈ। ਮੌਜੂਦਾ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਦੇਖਦਿਆਂ ਰਾਜ ਸਰਕਾਰ ਨੇ ਕਟਕ ਨਗਰ ਨਿਗਮ, ਕਟਕ ਵਿਕਾਸ ਅਥਾਰਟੀ (ਸੀ ਡੀ ਏ) ਅਤੇ ਨਾਲ ਲੱਗਦੇ 42 ਮੌਜ਼ਾ ਖੇਤਰ ਦੇ ਅਧੀਨ ਆਉਂਦੇ ਇਲਾਕਿਆਂ ਵਿੱਚ ਐਤਵਾਰ ਸ਼ਾਮ 7 ਵਜੇ ਤੋਂ ਸੋਮਵਾਰ ਸ਼ਾਮ 7 ਵਜੇ ਤੱਕ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ।

ਅਧਿਕਾਰੀਆਂ ਅਨੁਸਾਰ ਜਦੋਂ ਪੁਲੀਸ ਨੇ ਵਿਸ਼ਵ ਹਿੰਦੂ ਪਰਿਸ਼ਦ ਦੀ ਮੋਟਰਸਾਈਕਲ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਰਸਤੇ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਨੂੰ ਨੁਕਸਾਨ ਪਹੁੰਚਾਇਆ ਅਤੇ ਗੌਰੀਸ਼ੰਕਰ ਪਾਰਕ ਖੇਤਰ ਵਿੱਚ ਦੁਕਾਨਾਂ ਨੂੰ ਅੱਗ ਲਾ ਦਿੱਤੀ। ਮੁੱਖ ਮੰਤਰੀ ਮਾਝੀ ਨੇ ਸ਼ਾਂਤੀ ਦੀ ਅਪੀਲ ਕਰਦਿਆਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਕਾਂਗਰਸ ਵਿਧਾਇਕਾ ਸੋਫੀਆ ਫਿਰਦੌਸ ਨੇ ਇਸ ਘਟਨਾ ’ਤੇ ‘ਦੁੱਖ ਅਤੇ ਚਿੰਤਾ’ ਪ੍ਰਗਟਾਈ। ਉਨ੍ਹਾਂ ਕਿਹਾ, ‘ਜਿਨ੍ਹਾਂ ਨੇ ਇਸ ਏਕਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲਣੀ ਚਾਹੀਦੀ ਹੈ।’ ਪੁਲੀਸ ਅਨੁਸਾਰ ਹਿੰਸਾ ਦੇ ਸਬੰਧ ਵਿੱਚ ਹੁਣ ਤੱਕ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਦੁਰਗਾ ਮੂਰਤੀ ਜਲ ਪ੍ਰਵਾਹ ਕਰਨ ਜਾ ਰਹੇ ਸ਼ਰਧਾਲੂਆਂ ’ਤੇ ਆਂਡਾ ਸੁੱਟਿਆ: ਇੱਥੇ ਦੁਰਗਾ ਮੂਰਤੀ ਜਲ ਪ੍ਰਵਾਹ ਕਰਨ ਜਾ ਰਹੇ ਸ਼ਰਧਾਲੂਆਂ ’ਤੇ ਕੁਝ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਆਂਡੇ ਸੁੱਟੇ ਜਾਣ ਤੋਂ ਬਾਅਦ ਪੁਲੀਸ ਨੇ ਕੇਸ ਦਰਜ ਕੀਤਾ ਹੈ। ਇਹ ਘਟਨਾ ਬੀਤੀ ਦੇਰ ਰਾਤ ਚਾਦਰਘਾਟ ਇਲਾਕੇ ਵਿੱਚ ਵਾਪਰੀ। ਘਟਨਾ ਤੋਂ ਬਾਅਦ ਇਲਾਕੇ ਵਿੱਚ ਕੁਝ ਸਮੇਂ ਲਈ ਤਣਾਅ ਪੈਦਾ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਆਂਡਾ ਸੁੱਟਿਆ ਗਿਆ ਸੀ, ਪਰ ਉਹ ਸੜਕ ’ਤੇ ਡਿੱਗਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਚਾਦਰਘਾਟ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।

Related posts

ਸਿੱਖ ਸ਼ਰਧਾਲੂਆਂ ਨੂੰ ਨਵੇਂ ਸਾਲ ਦਾ ਤੋਹਫਾ, ਹਜ਼ੂਰ ਸਾਹਿਬ ਲਈ ਸਿੱਧੀ ਉਡਾਣ

On Punjab

ਕਾਂਗਰਸ ਦਿੱਲੀ ਦੀਆਂ ਸਾਰੀਆਂ 7 ਲੋਕ ਸਭਾ ਸੀਟਾਂ ‘ਤੇ ਲੜੇਗੀ ਚੋਣ, ਬੈਠਕ ਤੋਂ ਬਾਅਦ ਅਲਕਾ ਲਾਂਬਾ ਨੇ ਦਿੱਤੀ ਜਾਣਕਾਰੀ

On Punjab

ਹਿਮਾਚਲ ’ਚ ਤਾਪਮਾਨ ਵਧਣ ਕਾਰਨ ਠੰਢ ਤੋਂ ਰਾਹਤ

On Punjab