58.19 F
New York, US
September 28, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

‘ਆਲ ਇਜ਼ ਵੈੱਲ, ਘਾਟੇ-ਵਾਧੇ ਚੱਲਦੇ ਰਹਿੰਦੇ’: 50 ਹਜ਼ਾਰ ਰਿਸ਼ਵਤ ਲੈਂਦਿਆਂ ਫੜੀ ਮਹਿਲਾ ਇੰਸਪੈਕਟਰ ਦੇ ਬੋਲ ਚਰਚਾ ‘ਚ

ਮੋਗਾ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਮੋਗਾ ਜ਼ਿਲ੍ਹੇ ਦੇ ਥਾਣਾ ਕੋਟ ਈਸੇ ਖਾਂ ਦੀ ਮੁੱਖ ਅਫ਼ਸਰ (ਐੱਸ.ਐੱਚ.ਓ.) ਮਹਿਲਾ ਇੰਸਪੈਕਟਰ ਸੁਨੀਤਾ ਬਾਵਾ ਅਤੇ ਉਸ ਦੇ ਗਨਮੈਨ (ਹੋਮ ਗਾਰਡ ਜਵਾਨ) ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ, ਇਸ ਕਾਰਵਾਈ ਤੋਂ ਬਾਅਦ ਜਿਸ ਗੱਲ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ, ਉਹ ਹੈ ਗ੍ਰਿਫ਼ਤਾਰੀ ਸਮੇਂ ਮਹਿਲਾ ਅਫ਼ਸਰ ਦਾ ਬੇਖ਼ੌਫ਼ ਅਤੇ ਬੇਬਾਕ ਰਵੱਈਆ।

ਮਾਮਲਾ ਨਸ਼ਾ ਤਸਕਰੀ ਨਾਲ ਜੁੜੇ ਇਕ ਕੇਸ ਨਾਲ ਸੰਬੰਧਿਤ ਹੈ, ਜਿੱਥੇ ਸ਼ਿਕਾਇਤਕਰਤਾ ਰਾਜਵਿੰਦਰ ਸਿੰਘ ਅਨੁਸਾਰ ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਰਿਸ਼ਵਤ ਮੰਗੀ ਜਾ ਰਹੀ ਸੀ। ਦੋਸ਼ ਹੈ ਕਿ ਮਹਿਲਾ ਇੰਸਪੈਕਟਰ ਪਹਿਲਾਂ ਹੀ 50 ਹਜ਼ਾਰ ਰੁਪਏ ਲੈ ਚੁੱਕੀ ਸੀ ਅਤੇ 50 ਹਜ਼ਾਰ ਰੁਪਏ ਦੀ ਹੋਰ ਮੰਗ ਕਰ ਰਹੀ ਸੀ। ਸ਼ਿਕਾਇਤਕਰਤਾ ਦੀ ਇਤਲਾਹ ‘ਤੇ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਜ਼ੀਰਾ ਰੋਡ ‘ਤੇ ਦੋਵਾਂ ਮੁਲਜ਼ਮਾਂ ਨੂੰ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਰਿਸ਼ਵਤ ਦੀ ਰਕਮ ਸਮੇਤ ਕਾਬੂ ਕਰ ਲਿਆ।

ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਮਹਿਲਾ ਇੰਸਪੈਕਟਰ ਸੁਨੀਤਾ ਬਾਵਾ ਤੋਂ ਸਵਾਲ ਪੁੱਛੇ ਤਾਂ ਉਨ੍ਹਾਂ ਦੇ ਚਿਹਰੇ ‘ਤੇ ਕੋਈ ਝਿਜਕ ਜਾਂ ਪਛਤਾਵਾ ਨਜ਼ਰ ਨਹੀਂ ਆਇਆ। ਉਨ੍ਹਾਂ ਨੇ ਹੱਸਦਿਆਂ ਕਿਹਾ, “ਆਲ ਇਜ਼ ਵੈੱਲ, ਆਲ ਇਜ਼ ਵੈੱਲ… ਜ਼ਿੰਦਗੀ ਵਿੱਚ ਘਾਟੇ-ਵਾਧੇ ਤਾਂ ਚੱਲਦੇ ਰਹਿੰਦੇ ਨੇ, ਬੰਦੇ ਨੂੰ ਬੋਲਡ ਰਹਿਣਾ ਚਾਹੀਦਾ ਹੈ”।

ਗ੍ਰਿਫ਼ਤਾਰੀ ਦੌਰਾਨ ਕੈਮਰੇ ਸਾਹਮਣੇ ਦਿੱਤਾ ਗਿਆ ਇਹ ਬਿਆਨ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਲੈ ਕੇ ਆਮ ਲੋਕਾਂ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਹਨ। ਵਿਜੀਲੈਂਸ ਬਿਊਰੋ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related posts

ਚੀਨ ਨੇ ਕੀਤੀ ਇਸਰੋ ਦੀ ਤਾਰੀਫ, ਉਮੀਦ ਨਾ ਛੱਡਣ ਦੀ ਸਲਾਹ

On Punjab

ਟੈਰਰ ਫੰਡਿੰਗ ਮਾਮਲਾ: ਦਿੱਲੀ ਹਾਈਕੋਰਟ ਵੱਲੋਂ ਹਿਜ਼ਬੁਲ ਮੁਖੀ ਦੇ ਪੁੱਤਰਾਂ ਦੀ ਪਟੀਸ਼ਨ ਖਾਰਜ

On Punjab

ਸੁਖਬੀਰ ਬਾਦਲ ਨੇ ਸੀਐੱਮ ਮਾਨ ਤੋਂ ਮੰਗਿਆ ਅਸਤੀਫਾ, ਕਿਹਾ ਮੇਰੇ ਪਿਤਾ ਕਾਰਨ ਹੀ ਭਾਈ ਰਾਜੋਆਣਾ ਅੱਜ ਆਪਣੇ ਵਿਚਕਾਰ ਨੇ

On Punjab