PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਆਲਮੀ ਕਬਾਇਲੀ ਦਿਵਸ ਮੌਕੇ ਝਾਰਖੰਡ ਦੇ ਮੁੱਖ ਮੰਤਰੀ ਨੇ ਪਿਤਾ ਸ਼ਿਬੂ ਸੋਰੇਨ ਦੇ ਯੋਗਦਾਨ ਨੂੰ ਯਾਦ ਕੀਤਾ

ਝਾਰਖੰਡ- ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸ਼ਨਿੱਚਰਵਾਰ ਨੂੰ ਵਿਸ਼ਵ ਕਬਾਇਲੀ ਦਿਵਸ ਮੌਕੇ ਸੂਬੇ ਸਾਬਕਾ ਮੁੱਖ ਮੰਤਰੀ ਅਤੇ ਆਪਣੇ ਪਿਤਾ ਸ਼ਿਬੂ ਸੋਰੇਨ ਵੱਲੋਂ ਰਾਜ ਦੀ ਤਰੱਕੀ ਲਈ ਪਾਏ ਯੋਗਦਾਨ ਨੂੰ ਯਾਦ ਕੀਤਾ। ਗ਼ੌਰਲਤਬ ਹੈ ਕਿ ਅੱਜ ਦੇ ਦਿਨ ਨੂੰ ਅਧਿਕਾਰਤ ਤੌਰ ‘ਤੇ ਦੁਨੀਆਂ ਦੇ ਆਦਿਵਾਸੀ ਲੋਕਾਂ ਦੇ ਕੌਮਾਂਤਰੀ ਦਿਵਸ ਵਜੋਂ ਜਾਣਿਆ ਜਾਂਦਾ ਹੈ।

ਇਸ ਸਾਲ ਰਾਜ ਵਿੱਚ ਮਰਹੂਮ ਸ਼ਿਬੂ ਸੋਰੇਨ ਨੂੰ ਸ਼ਰਧਾਂਜਲੀ ਦੇਣ ਲਈ ਇਹ ਦਿਨ ਸਾਦੇ ਢੰਗ ਨਾਲ ਮਨਾਇਆ ਗਿਆ, ਜਿਨ੍ਹਾਂ ਦਾ 4 ਅਗਸਤ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ 81 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਇਸ ਸਬੰਧੀ ਹੇਮੰਤ ਸੋਰੇਨ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ X ‘ਤੇ ਇਕ ਪੋਸਟ ਪਾਈ ਹੈ।

ਉਨ੍ਹਾਂ ਆਪਣੀ ਪੋਸਟ ਵਿਚ ਕਿਹਾ ਹੈ, “ਅੱਜ ਆਲਮੀ ਕਬਾਇਲੀ ਦਿਵਸ ਹੈ, ਪਰ ਮੇਰੇ ਮਾਰਗਦਰਸ਼ਕ, ਮੇਰੇ ਗੁਰੂ, ਮੇਰੇ ਪਿਤਾ ਹੁਣ ਜਿਸਮਾਨੀ ਤੌਰ ‘ਤੇ ਸਾਡੇ ਨਾਲ ਨਹੀਂ ਹੈ। ਹਾਲਾਂਕਿ, ਉਨ੍ਹਾਂ ਦਾ ਸੰਘਰਸ਼, ਉਨ੍ਹਾਂ ਦੇ ਵਿਚਾਰ ਅਤੇ ਉਨ੍ਹਾਂ ਦੇ ਆਦਰਸ਼ ਹਮੇਸ਼ਾ ਸਾਨੂੰ ਪ੍ਰੇਰਿਤ ਕਰਦੇ ਰਹਿਣਗੇ। ਉਹ ਨਾ ਸਿਰਫ਼ ਮੇਰੇ ਪਿਤਾ ਸਨ, ਸਗੋਂ ਝਾਰਖੰਡ ਦੀ ਆਤਮਾ ਵੀ ਸਨ, ਜਿਸ ਵਿੱਚ ਪੂਰਾ ਆਦਿਵਾਸੀ ਭਾਈਚਾਰਾ ਵੀ ਸ਼ਾਮਲ ਸੀ, ਸੰਘਰਸ਼ ਦਾ ਪ੍ਰਤੀਕ ਸੀ, ਅਤੇ ਜਲ-ਜੰਗਲ-ਜ਼ਮੀਨ ਦਾ ਸਭ ਤੋਂ ਵੱਧ ਜ਼ੋਰਦਾਰ ਰਖਵਾਲਾ ਸੀ।”

ਸ਼ਿਬੂ ਸੋਰੇਨ ਨੇ ਕਈ ਸਾਲਾਂ ਤੱਕ ਸਿਆਸੀ ਤੌਰ ‘ਤੇ ਲੜਾਈ ਲੜੀ, ਇੱਕ ਵੱਖਰਾ ਝਾਰਖੰਡ ਸੂਬਾ ਬਣਾਉਣ ਦੀ ਮੰਗ ਉਠਾਈ। ਆਖ਼ਰ 15 ਨਵੰਬਰ, 2000 ਨੂੰ ਬਿਹਾਰ ਤੋਂ ਵੱਖਰਾ ਇਹ ਸੂਬਾ ਹੋਂਦ ਵਿੱਚ ਆਇਆ। ਮੁੱਖ ਮੰਤਰੀ ਨੇ ਕਿਹਾ ਕਿ ਆਦਿਵਾਸੀ ਸਮਾਜ ਨੇ ਮਨੁੱਖਤਾ ਨੂੰ ਕੁਦਰਤ ਨਾਲ ਇਕਸੁਰਤਾ ਵਿੱਚ ਖੁਸ਼ਹਾਲ ਜੀਵਨ ਜਿਊਣ ਦਾ ਰਸਤਾ ਦਿਖਾਇਆ ਹੈ।

ਉਨ੍ਹਾਂ ਕਿਹਾ, “ਆਦਿਵਾਸੀ ਸਮਾਜ ਦਾ ਜੀਵਨ ਦਰਸ਼ਨ ਕੁਦਰਤ ਤੋਂ ਸ਼ੁਰੂ ਹੁੰਦਾ ਹੈ ਅਤੇ ਕੁਦਰਤ ਨਾਲ ਹੀ ਖਤਮ ਹੁੰਦਾ ਹੈ। ਹਾਲਾਂਕਿ, ਸਦੀਆਂ ਤੋਂ, ਆਦਿਵਾਸੀ ਅਤੇ ਹੋਰ ਸ਼ੋਸ਼ਿਤ ਅਤੇ ਵਾਂਝੇ ਭਾਈਚਾਰਿਆਂ ਨੂੰ ਹਾਸ਼ੀਏ ‘ਤੇ ਰਹਿਣ ਲਈ ਮਜਬੂਰ ਕੀਤਾ ਗਿਆ ਹੈ। ਬਾਬਾ (ਸ਼ਿਬੂ ਸੋਰੇਨ) ਨੇ ਆਪਣਾ ਪੂਰਾ ਜੀਵਨ ਇਸ ਸਥਿਤੀ ਨੂੰ ਬਦਲਣ ਲਈ ਸਮਰਪਿਤ ਕਰ ਦਿੱਤਾ।”

ਝਾਰਖੰਡ ਦੇ ਰਾਜਪਾਲ ਸੰਤੋਸ਼ ਕੁਮਾਰ ਗੰਗਵਾਰ ਨੇ ਵੀ ਵਿਸ਼ਵ ਦੇ ਆਦਿਵਾਸੀ ਲੋਕਾਂ ਦੇ ਅੰਤਰਰਾਸ਼ਟਰੀ ਦਿਵਸ ਦੇ ਮੌਕੇ ‘ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਵੱਖ-ਵੱਖ ਆਦਿਵਾਸੀ ਸੰਗਠਨਾਂ ਨੇ ਆਪਣੇ ਰਵਾਇਤੀ ਢੰਗ ਨਾਲ ਇਸ ਦਿਨ ਨੂੰ ਮਨਾਇਆ। ਲੋਕ ਸਿਰਮ ਟੋਲੀ ਸਥਿਤ ਸਰਨਾ ਸਥਲ (ਆਦਿਵਾਸੀ ਧਾਰਮਿਕ ਸਥਾਨ) ਵਿਖੇ ਇਕੱਠੇ ਹੋਏ ਜਿੱਥੇ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ, ਉਨ੍ਹਾਂ ਨੇ ਰਾਂਚੀ ਵਿੱਚ ਇੱਕ ਰੈਲੀ ਵੀ ਕੱਢੀ।

ਆਲਮੀ ਕਬਾਇਲੀ ਦਿਵਸ ਮੌਕੇ ਦੇਸ਼ ਦੇ ਹੋਰ ਸੂਬਿਆਂ ਵਿਚ ਵਿਚ ਵੀ ਕਬਾਇਲੀ ਭਾਈਚਾਰਿਆਂ ਵੱਲੋਂ ਸਮਾਗਮ ਕੀਤੇ ਗਏ। ਰਾਜਸਥਾਨ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤਿਲੰਗਾਨਾ ਆਦਿ ਸੂਬਿਆਂ ਵਿਚ ਅਜਿਹੇ ਸਮਾਗਮ ਕੀਤੇ ਜਾਣ ਦੀਆਂ ਰਿਪੋਰਟਾਂ ਹਨ।

Related posts

ਅੱਤਵਾਦੀ ਸੰਗਠਨ Al-Qaeda! ਦਾ ਨਵਾਂ ਬੌਸ ! ਸੈਫ ਅਲ-ਅਦਲ ਨੂੰ ਬਣਾਇਆ ਗਿਆ ਨਵਾਂ ਮੁਖੀ, ਨੇ 9/11 ਹਮਲੇ ‘ਚ ਨਿਭਾਈ ਸੀ ਅਹਿਮ ਭੂਮਿਕਾ

On Punjab

ਪਤਨੀ ਤੇ ਪੁੱਤ ਵੱਲੋਂ ਝਾੜੂ ਫੜਨ ਮਗਰੋਂ ਦੂਲੋ ਕਾਂਗਰਸ ਨੂੰ ਚੁੱਭੇ

On Punjab

Saudi Arabia ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅੱਜ ਹੋਣਗੇ ਭਾਰਤ ਦੇ ਰਾਜਕੀ ਦੌਰੇ ‘ਤੇ

On Punjab