ਨਵੀਂ ਦਿੱਲੀ- ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ 1 ਫਰਵਰੀ ਨੂੰ ਸੰਸਦ ਵਿਚ ਆਮ ਬਜਟ ਪੇਸ਼ ਕੀਤਾ ਜਾਵੇਗਾ। ਸੀਤਾਰਮਨ ਦਾ ਇਹ 9ਵਾਂ ਬਜਟ ਹੋਵੇਗਾ, ਜੋ ਕਿ ਤਤਕਾਲੀ ਵਿੱਤ ਮੰਤਰੀ ਮੋਰਾਰਜੀ ਦੇਸਾਈ ਵੱਲੋਂ ਪੇਸ਼ ਰਿਕਾਰਡ 10 ਬਜਟਾਂ ਤੋਂ ਇਕ ਘੱਟ ਹੈ। ਬਜਟ ਸੈਸ਼ਨ ਦੀ ਸ਼ੁਰੂਆਤ 28 ਜਨਵਰੀ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਲੋਕ ਸਭਾ ਚੈਂਬਰ ਵਿਚ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਦੇ ਸਾਂਝੇ ਸੰਬੋਧਨ ਨਾਲ ਹੋਵੇਗੀ। ਰਾਸ਼ਟਰਪਤੀ ਦੇ ਸੰਬੋਧਨ ਮਗਰੋਂ ਸੀਤਾਰਮਨ ਵੱਲੋਂ ਦੋਵਾਂ ਸਦਨਾਂ ਵਿਚ ਆਰਥਿਕ ਸਰਵੇਖਣ ਪੇਸ਼ ਕੀਤੇ ਜਾਣ ਦੀ ਉਮੀਦ ਹੈ।
ਵਿੱਤ ਮੰਤਰੀ ਵੱਲੋਂ ਆਮ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਨਾਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਸੀ ਕਿ ਬਜਟ ਸੈਸ਼ਨ ਦੀ ਸ਼ੁਰੂਆਤ 28 ਜਨਵਰੀ ਨੂੰ ਹੋਵੇਗੀ ਤੇ ਇਹ 2 ਅਪਰੈਲ ਤੱਕ ਜਾਰੀ ਰਹੇਗਾ। ਬਜਟ ਸੈਸ਼ਨ ਦਾ ਪਹਿਲਾ ਪੜਾਅ 13 ਫਰਵਰੀ ਨੂੰ ਖ਼ਤਮ ਹੋਵੇਗਾ ਜਦੋਂਕਿ 9 ਮਾਰਚ ਨੂੰ ਸਦਨ ਮੁੜ ਜੁੜੇਗਾ। ਇਸ ਦਰਮਿਆਨ ਮੈਂਬਰਾਂ ਨੂੰ ਸੰਸਦੀ ਕਮੇਟੀਆਂ ਵੱਲੋਂ ਕੀਤੀਆਂ ਬਜਟ ਤਜਵੀਜ਼ਾਂ ਦੀ ਪੜਚੋਲ ਦਾ ਸਮਾਂ ਮਿਲ ਜਾਵੇਗਾ।

