58.19 F
New York, US
September 28, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਆਮ ਆਦਮੀ ਦੀ ਜੇਬ ‘ਤੇ ਭਾਰੀ ਪਵੇਗਾ ਸੋਨਾ: ਸਰਕਾਰ ਨੇ ਆਯਾਤ ਡਿਊਟੀ ‘ਚ ਕੀਤਾ ਦੁੱਗਣੇ ਤੋਂ ਵੱਧ ਵਾਧਾ

ਲੁਧਿਆਣਾ- ਜਿਵੇਂ ਕਿ ਪਹਿਲਾਂ ਹੀ ਕਿਆਸ ਲਗਾਏ ਜਾ ਰਹੇ ਸਨ, ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਅਚਾਨਕ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ। ਕੇਂਦਰ ਸਰਕਾਰ ਨੇ ਸੋਨੇ ਅਤੇ ਚਾਂਦੀ ’ਤੇ ਲੱਗਣ ਵਾਲੀ ਇੰਪੋਰਟ ਡਿਊਟੀ (ਦਰਾਮਦ ਡਿਊਟੀ) ਨੂੰ ਮੌਜੂਦਾ 6 ਫੀਸਦੀ ਤੋਂ ਵਧਾ ਕੇ ਸਿੱਧਾ 15 ਫੀਸਦੀ ਕਰ ਦਿੱਤਾ ਹੈ। ਇਹ ਨਵੀਆਂ ਦਰਾਂ ਬੀਤੀ ਰਾਤ 12 ਵਜੇ ਤੋਂ ਲਾਗੂ ਹੋ ਗਈਆਂ ਹਨ, ਜਿਸ ਕਾਰਨ ਘਰੇਲੂ ਬਾਜ਼ਾਰ ਵਿੱਚ ਸੋਨਾ ਤੇ ਚਾਂਦੀ ਕਾਫ਼ੀ ਮਹਿੰਗੇ ਹੋ ਗਏ ਹਨ।

ਨਿਵੇਸ਼ਕਾਂ ਲਈ ਮੁਸ਼ਕਲ ਸਮਾਂ- ਲੁਧਿਆਣਾ ਵਰਗੇ ਉਦਯੋਗਿਕ ਹੱਬ ਵਿੱਚ, ਜਿੱਥੇ ਸੋਨੇ-ਚਾਂਦੀ ਦੀ ਖਰੀਦੋ-ਫਰੋਖਤ ਅਤੇ ਨਿਵੇਸ਼ ਬਹੁਤ ਵੱਡੇ ਪੱਧਰ ’ਤੇ ਹੁੰਦਾ ਹੈ, ਉੱਥੇ ਜੌਹਰੀ ਪਹਿਲਾਂ ਹੀ ਪਿਛਲੇ ਦੋ ਮਹੀਨਿਆਂ ਤੋਂ ਗਾਹਕਾਂ ਦੀ ਘੱਟ ਆਮਦ ਕਾਰਨ ਚਿੰਤਤ ਸਨ। ਹੁਣ ਇੰਪੋਰਟ ਡਿਊਟੀ ਵਿੱਚ ਇਸ ਭਾਰੀ ਵਾਧੇ ਨੇ ਜਵੈਲਰੀ ਇੰਡਸਟਰੀ ਦੇ ਫਿਕਰ ਹੋਰ ਵਧਾ ਦਿੱਤੇ ਹਨ। ਸਥਾਨਕ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਗਹਿਣਿਆਂ ਦੇ ਕਾਰੋਬਾਰ ਨੂੰ ਵੱਡਾ ਨੁਕਸਾਨ ਪਹੁੰਚ ਸਕਦਾ ਹੈ।

ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਬਿਆਨ ਜਾਰੀ ਕਰਕੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਉਣ ਲਈ ਘੱਟੋ-ਘੱਟ ਇੱਕ ਸਾਲ ਤੱਕ ਸੋਨੇ ਜਾਂ ਗਹਿਣਿਆਂ ਵਿੱਚ ਨਿਵੇਸ਼ ਘੱਟ ਕਰਨ। ਪ੍ਰਧਾਨ ਮੰਤਰੀ ਦੀ ਇਸ ਅਪੀਲ ਨੂੰ ਇੱਕ ਸੰਕੇਤ ਵਜੋਂ ਦੇਖਿਆ ਜਾ ਰਿਹਾ ਸੀ, ਪਰ ਕਿਸੇ ਨੂੰ ਇਹ ਉਮੀਦ ਨਹੀਂ ਸੀ ਕਿ ਸਰਕਾਰ ਇੰਨੀ ਜਲਦੀ ਟੈਕਸ ਵਧਾ ਦੇਵੇਗੀ। ਇੱਕ ਘਰੇਲੂ ਮਹਿਲਾ ਕਾਜਲ ਨੇ ਕਿਹਾ, “ ਸਾਨੂੰ ਅੰਦਾਜ਼ਾ ਤਾਂ ਸੀ ਕਿ ਅਜਿਹਾ ਕੁਝ ਹੋਵੇਗਾ, ਪਰ ਇਹ ਸਭ ਕੁਝ ਇੰਨੀ ਜਲਦੀ ਹੋ ਜਾਵੇਗਾ, ਇਸਦੀ ਉਮੀਦ ਨਹੀਂ ਸੀ।” ਇਸ ਬਿਆਨ ਤੋਂ ਬਾਅਦ ਔਰਤਾਂ ਅਤੇ ਸਮਾਜਿਕ ਹਲਕਿਆਂ ਵਿੱਚ ਇਹ ਚਰਚਾ ਛਿੜ ਗਈ ਸੀ ਕਿ ਜਿਨ੍ਹਾਂ ਕੋਲ ਨਕਦੀ ਹੈ, ਉਹ ਜਲਦੀ ਸੋਨਾ ਖਰੀਦ ਲੈਣ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਇਹ ਬਜਟ ਤੋਂ ਬਾਹਰ ਹੋ ਸਕਦਾ ਹੈ।

ਵਿਆਹਾਂ ਦੇ ਬਜਟ ’ਤੇ ਪਵੇਗਾ ਅਸਰ- ਸਰਕਾਰ ਦਾ ਇਹ ਅਚਾਨਕ ਲਿਆ ਗਿਆ ਫੈਸਲਾ ਉਨ੍ਹਾਂ ਪਰਿਵਾਰਾਂ ਲਈ ਸਦਮੇ ਵਰਗਾ ਹੈ ਜਿਨ੍ਹਾਂ ਦੇ ਬੱਚਿਆਂ ਦੇ ਵਿਆਹ ਤੈਅ ਹੋ ਚੁੱਕੇ ਹਨ ਅਤੇ ਉਹ ਗਹਿਣੇ ਖਰੀਦਣ ਦੀ ਤਿਆਰੀ ਵਿੱਚ ਸਨ। ਕੀਮਤਾਂ ਵਿੱਚ ਆਏ ਇਸ ਅਚਾਨਕ ਉਛਾਲ ਨੇ ਮੱਧ ਵਰਗੀ ਪਰਿਵਾਰਾਂ ਦੇ ਵਿਆਹਾਂ ਦੇ ਬਜਟ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।

Related posts

ਨਿਮਰਤ ਅਤੇ ਅਕਸ਼ੈ ਨੇ ‘ਰੰਗ’ ਨਾਲ ਰੌਣਕਾਂ ਲਾਈਆਂ

On Punjab

ਵੀਅਤਨਾਮ ਵਿੱਚ ਕਿਸ਼ਤੀ ਪਲਟੀ; 27 ਹਲਾਕ; ਕਈ ਲਾਪਤਾ

On Punjab

ਅਕਾਲੀ ਦਲ ਦੇ ਸੀਨੀਅਰ ਆਗੂ ਅਨਿਲ ਜੋਸ਼ੀ ਦੀ ਕਾਂਗਰਸ ’ਚ ਸ਼ਾਮਲ ਹੋਣ ਦੀ ਤਿਆਰੀ

On Punjab