PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

‘ਆਪ’ ਦੀ ਕੌਮੀ ਮੀਟਿੰਗ ’ਚ ਪੰਜਾਬ ਚੋਣਾਂ ਦੀ ਗੂੰਜ; ਚੋਣ ਰਣਨੀਤੀ ’ਤੇ ਹੋਈ ਚਰਚਾ

ਚੰਡੀਗੜ੍ਹ-  ਆਮ ਆਦਮੀ ਪਾਰਟੀ ਦੀ ਨਵੀਂ ਚੁਣੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਪਲੇਠੀ ਮੀਟਿੰਗ ਅੱਜ ਨਵੀਂ ਦਿੱਲੀ ਵਿਖੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਸ਼ਮੂਲੀਅਤ ਕੀਤੀ। ਹਾਲਾਂਕਿ ਇਸ ਮੀਟਿੰਗ ’ਚ ਪੰਜਾਬ, ਗੁਜਰਾਤ ਅਤੇ ਗੋਆ ਚੋਣਾਂ ਦੀ ਚਰਚਾ ਹੋਈ, ਪ੍ਰੰਤੂ ਪੰਜਾਬ ਚੋਣਾਂ ਦੀ ਮੁੱਖ ਤੌਰ ’ਤੇ ਗੂੰਜ ਪਈ। ‘ਆਪ’ ਸਰਕਾਰ ਦੀ ਪੰਜਾਬ ਵਿੱਚ ਵਾਪਸੀ ਲਈ ਰਣਨੀਤੀ ਬਾਰੇ ਮੀਟਿੰਗ ’ਚ ਵਿਚਾਰ-ਵਟਾਂਦਰਾ ਹੋਇਆ।

ਮੁੱਖ ਮੰਤਰੀ ਭਗਵੰਤ ਮਾਨ ਅੱਜ ਮੀਟਿੰਗ ਮਗਰੋਂ ਪੰਜਾਬ ਪਰਤ ਆਏ ਹਨ। ਮੀਟਿੰਗ ’ਚ ਹੀ ਹਲਕਾ ਸਮਾਣਾ ਅਤੇ ਹਲਕਾ ਸ਼ਾਹਕੋਟ ਦੇ ਨਵੇਂ ਹਲਕਾ ਇੰਚਾਰਜਾਂ ਦਾ ਫ਼ੈਸਲਾ ਲਿਆ ਗਿਆ ਅਤੇ ਬਾਕੀ ਹਲਕਿਆਂ ਬਾਰੇ ਵੀ ਚਰਚਾ ਹੋਈ। ਪੰਜਾਬ ਚੋਣਾਂ ਬਾਰੇ ਕਮੇਟੀ ’ਚ ਇਹ ਤੈਅ ਹੋਇਆ ਕਿ ਮੁੱਢਲੇ ਪੜਾਅ ’ਤੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਪੁੱਜਦਾ ਕਰਨ ’ਤੇ ਜ਼ੋਰ ਦਿੱਤਾ ਜਾਵੇ। ਇਸ ਦੌਰਾਨ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ’ਤੇ ਵੀ ਚਰਚਾ ਹੋਈ। ਮੀਟਿੰਗ ’ਚ ਫ਼ੈਸਲਾ ਲਿਆ ਗਿਆ ਕਿ ਭਾਜਪਾ ਦੀ ਨਸ਼ਿਆਂ ਨੂੰ ਲੈ ਕੇ ਪਹੁੰਚ ਦੀ ਅਸਲੀਅਤ ਨੂੰ ਲੋਕਾਂ ਤੱਕ ਲਿਜਾਇਆ ਜਾਵੇ।

ਮੀਟਿੰਗ ਦੌਰਾਨ ਭਾਜਪਾ ਨੂੰ ਨਸ਼ਿਆਂ ਦੇ ਮੁੱਦੇ ’ਤੇ ਬੇਨਕਾਬ ਕਰਨ ਲਈ ਇੱਕ ਪੈਂਫ਼ਲਿਟ ਜਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਪੈਂਫ਼ਲਿਟ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕੌਮਾਂਤਰੀ ਸਰਹੱਦ ਦੇ ਪੰਜਾਹ ਕਿਲੋਮੀਟਰ ਦਾ ਦਾਇਰਾ ਬੀ ਐੱਸ ਐੱਫ਼ ਕੋਲ ਹੈ, ਜਿੱਥੋਂ ਨਸ਼ੇ ਡਰੋਨਾਂ ਰਾਹੀਂ ਆ ਰਹੇ ਹਨ। ਇਸ ਤੋਂ ਇਲਾਵਾ ਗੁਜਰਾਤ ਵਿੱਚੋਂ ਨਸ਼ੇ ਪੰਜਾਬ ਪੁੱਜ ਰਹੇ ਹਨ। ਮੀਟਿੰਗ ਵਿੱਚ ਨਸ਼ਿਆਂ ਦੇ ਮੁੱਦੇ ’ਤੇ ਵਿਰੋਧੀਆਂ ਨੂੰ ਜਵਾਬ ਦੇਣ ਬਾਰੇ ਵੀ ਚਰਚਾ ਹੋਈ।

ਰਾਜਸਥਾਨ ਦੀਆਂ ਸਥਾਨਕ ਚੋਣਾਂ ਵਿੱਚ ਬਾਰਾਂ ‘ਚ ਮਿਲੀ ਜਿੱਤ ਦੇ ਮੱਦੇਨਜ਼ਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਲੋਕਾਂ ਦਾ ਧੰਨਵਾਦ ਕਰਨ ਲਈ ਰਾਜਸਥਾਨ ਜਾਣਗੇ। ਪੰਜਾਬ ਦੇ ਇੰਚਾਰਜ ਮੁਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਸਰਕਾਰ ਦੇ ਕੰਮਾਂ ਤੋਂ ਖ਼ੁਸ਼ ਹਨ ਅਤੇ ਸਰਕਾਰ ਨੂੰ ਮੁੜ ਸੱਤਾ ਵਿੱਚ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਪੰਜਾਬ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਲੋਕ ਇਸ ਗੱਲੋਂ ਜਾਣੂ ਹਨ ਕਿ ਜੇ ਕੋਈ ਦੂਸਰੀ ਪਾਰਟੀ ਆਵੇਗੀ ਤਾਂ ਮੁੜ ਨਸ਼ਿਆਂ ਦੀ ਅਲਾਮਤ ਸਿਰ ਚੁੱਕ ਲਵੇਗੀ।

ਕਮੇਟੀ ਦੀ ਮੀਟਿੰਗ ਵਿੱਚ ਯੂ ਪੀ ਆਈ ਬਾਰੇ ਚਰਚਾ ਹੋਈ ਕਿ ਟਰੰਪ ਦੇ ਦਬਾਅ ਹੇਠ ਇਹ ਕਦਮ ਚੁੱਕਿਆ ਗਿਆ ਹੈ ਅਤੇ ਲੋਕ ਇਸ ਫ਼ੈਸਲੇ ਤੋਂ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਆਪਣੇ ਹੀ ਪੈਸੇ ਖ਼ਰਚਣ ਲਈ ਵਾਧੂ ਫ਼ੀਸਾਂ ਦੇਣੀਆਂ ਪੈਣਗੀਆਂ। ਕਮੇਟੀ ਵਿੱਚ ਇੱਕ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਕਿਹਾ ਗਿਆ ਕਿ ਦਿੱਲੀ ਦੀ ਸੱਤਾ ਹਾਸਲ ਕਰਨ ਲਈ ਭਾਜਪਾ ਵੱਲੋਂ ਚੋਣ ਕਮਿਸ਼ਨ ਨਾਲ ਮਿਲ ਕੇ ਫ਼ਰਜ਼ੀ ਤਰੀਕੇ ਨਾਲ ਵੋਟਾਂ ਕੱਟ ਕੇ ਧਾਂਦਲੀ ਕੀਤੀ ਗਈ। ਮੀਟਿੰਗ ਵਿੱਚ ਇਹ ਵੀ ਚਰਚਾ ਹੋਈ ਕਿ ਹੁਣ ਗੋਆ ਅਤੇ ਗੁਜਰਾਤ ਦੇ ਲੋਕ ਵੀ ਬਦਲਾਅ ਦੀ ਤਲਾਸ਼ ਵਿੱਚ ਹਨ। ਮੀਟਿੰਗ ਵਿੱਚ ਪੰਜਾਬ ਇੰਚਾਰਜ ਮੁਨੀਸ਼ ਸਿਸੋਦੀਆ, ਸਤਿੰਦਰ ਜੈਨ, ਗੋਪਾਲ ਰਾਏ, ਆਤਿਸ਼ੀ, ਸੌਰਵ ਭਾਰਦਵਾਜ ਅਤੇ ਰਾਜਬੀਰ ਸਿੰਘ ਘੁੰਮਣ ਆਦਿ ਵੀ ਸ਼ਾਮਲ ਸਨ।

Related posts

ਬਗੈਰ ਲਾੜੀ ਦੇ ਇਕੱਲਿਆਂ ਕੀਤਾ ਵਿਆਹ, 200 ਪ੍ਰਾਹੁਣੇ ਬਣੇ ਬਾਰਾਤੀ ਤੇ 800 ਨੂੰ ਕੀਤੀ ਪਾਰਟੀ

On Punjab

ਫਿਰੋਜ਼ਪੁਰ ’ਚ ਸਰਹੱਦ ਪਾਰ ਨਸ਼ਾ ਤਸਕਰੀ ਨਾਲ ਜੁੜੇ ਮਾਡਿਊਲ ਦਾ ਪਰਦਾਫ਼ਾਸ਼

On Punjab

ਬੀਐੱਸਐੱਫ ਨੇ ਕੌਮਾਂਤਰੀ ਸਰਹੱਦ ‘ਤੇ ਡਰੋਨ ਸੁੱਟ ਪਾਕਿਸਤਾਨ ਦੀ ਸਾਜ਼ਿਸ਼ ਕੀਤੀ ਨਾਕਾਮ

On Punjab