ਲੁਧਿਆਣਾ- ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਖਲ ਤੋਂ ਬਾਅਦ ਸਮਰਾਲਾ ਨਗਰ ਕੌਂਸਲ ਦੇ ਵਾਰਡ ਨੰਬਰ 2 ਤੋਂ ਉਨ੍ਹਾਂ ਦੇ ਉਮੀਦਵਾਰ ਸਤਵੀਰ ਸਿੰਘ ਸੇਖੋਂ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ। ਇਹ ਘਟਨਾਕ੍ਰਮ ਉਦੋਂ ਵਾਪਰਿਆ ਜਦੋਂ ਸਮਰਾਲਾ ਦੇ ਐੱਸਡੀਐੱਮ-ਕਮ-ਰਿਟਰਨਿੰਗ ਅਫ਼ਸਰ ਗੁਰਸਿਮਰਨ ਕੌਰ ਹਾਈ ਕੋਰਟ ਵਿੱਚ ਪੇਸ਼ ਹੋਏ ਅਤੇ ਬੈਂਚ ਨੂੰ ਸੂਚਿਤ ਕੀਤਾ ਕਿ ਸੇਖੋਂ ਦੀ ਉਮੀਦਵਾਰੀ ਰੱਦ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਅਦਾਲਤ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ।
ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਦੋਸ਼ ਲੱਗੇ ਕਿ ‘ਆਪ’ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਕਰਦੇ ਸਮੇਂ ਆਪਣੇ ਅਪਰਾਧਿਕ ਰਿਕਾਰਡ ਨੂੰ ਲੁਕਾਇਆ ਸੀ। ਰਿਪੋਰਟਾਂ ਅਨੁਸਾਰ ਸੇਖੋਂ 2022 ਵਿੱਚ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਉਸ ਨੇ ਆਪਣੀ ਸਜ਼ਾ ਮੁਅੱਤਲ ਕਰਵਾਉਣ ਅਤੇ ਚੋਣ ਲੜਨ ਦੀ ਇਜਾਜ਼ਤ ਮੰਗਣ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਪਰ ਅਦਾਲਤ ਨੇ 15 ਮਈ ਨੂੰ ਉਸਦੀ ਅਰਜ਼ੀ ਖਾਰਜ ਕਰ ਦਿੱਤੀ ਸੀ। ਇਸ ਦੇ ਬਾਵਜੂਦ, ਅਗਲੇ ਹੀ ਦਿਨ ਉਸਦੇ ਨਾਮਜ਼ਦਗੀ ਪੱਤਰ ਸਵੀਕਾਰ ਕਰ ਲਏ ਗਏ, ਜਿਸ ਨਾਲ ਵਿਰੋਧੀ ਉਮੀਦਵਾਰਾਂ ਨੇ ਤਿੱਖੇ ਇਤਰਾਜ਼ ਜਤਾਏ। ਅਕਾਲੀ ਦਲ ਦੇ ਉਮੀਦਵਾਰ ਅਮਨਦੀਪ ਸਿੰਘ ਨੇ ਵਕੀਲ ਗੁਰਵੀਰ ਸਿੰਘ ਢਿੱਲੋਂ ਰਾਹੀਂ ਨਾਮਜ਼ਦਗੀ ਸਵੀਕਾਰ ਕੀਤੇ ਜਾਣ ਨੂੰ ਚੁਣੌਤੀ ਦਿੱਤੀ ਸੀ।
ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਐੱਸਡੀਐੱਮ-ਕਮ-ਰਿਟਰਨਿੰਗ ਅਫ਼ਸਰ ਨੂੰ ਤਲਬ ਕੀਤਾ ਸੀ ਅਤੇ ਸਪੱਸ਼ਟੀਕਰਨ ਮੰਗਿਆ ਸੀ ਕਿ ਅਦਾਲਤ ਵੱਲੋਂ ਉਮੀਦਵਾਰ ਨੂੰ ਰਾਹਤ ਦੇਣ ਤੋਂ ਇਨਕਾਰ ਕਰਨ ਦੇ ਬਾਵਜੂਦ ਨਾਮਜ਼ਦਗੀ ਕਿਵੇਂ ਸਵੀਕਾਰ ਕੀਤੀ ਗਈ। ਸੁਣਵਾਈ ਦੌਰਾਨ ਐੱਸਡੀਐੱਮ ਗੁਰਸਿਮਰਨ ਕੌਰ ਨੇ ਅਦਾਲਤ ਨੂੰ ਦੱਸਿਆ ਕਿ ਸੇਖੋਂ ਨੇ ਆਪਣੀ ਸਜ਼ਾ ਬਾਰੇ ਅਹਿਮ ਤੱਥ ਲੁਕਾਏ ਸਨ ਅਤੇ ਇਸ ਲਈ ਹੁਣ ਚੋਣ ਨਿਯਮਾਂ ਅਨੁਸਾਰ ਉਸਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਹੈ।

