ਅੰਮ੍ਰਿਤਸਰ- ਅੰਮ੍ਰਿਤਸਰ ਦਿਹਾਤੀ ਪੁਲੀਸ ਅਧੀਨ ਪੈਂਦੇ ਥਾਣਾ ਚਾਟੀਵਿੰਡ ਦੇ ਪਿੰਡ ਝੀਤੇ ਕਲਾਂ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਆਮ ਆਦਮੀ ਪਾਰਟੀ (ਆਪ) ਦੇ ਆਗੂ ਕਾਰਜ ਸਿੰਘ ਦੇ ਭਰਾ ਤੀਰਥ ਸਿੰਘ ਦੀ ਗੁਰਦੁਆਰਾ ਸਾਹਿਬ ਨੇੜੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ। ਇਸ ਹਮਲੇ ਦੌਰਾਨ ਉਸ ਦਾ ਦੋਸਤ ਰਣਜੀਤ ਸਿੰਘ ਵੀ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ।ਪੁਲੀਸ ਅਨੁਸਾਰ ਇਹ ਖ਼ੂਨੀ ਵਾਰਦਾਤ ਸੋਮਵਾਰ ਰਾਤ ਉਸ ਸਮੇਂ ਵਾਪਰੀ ਜਦੋਂ ਤੀਰਥ ਸਿੰਘ ਅਤੇ ਉਸ ਦਾ ਦੋਸਤ ਰਣਜੀਤ ਸਿੰਘ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਪਰਤ ਰਹੇ ਸਨ। ਧਾਰਮਿਕ ਅਸਥਾਨ ਨੇੜੇ ਹਮਲਾਵਰਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਅੰਨ੍ਹੇਵਾਹ 7 ਤੋਂ 8 ਰਾਊਂਡ ਫ਼ਾਇਰਿੰਗ ਕਰ ਦਿੱਤੀ। ਗੋਲੀਆਂ ਚਲਾਉਣ ਮਗਰੋਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।
ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋਏ ਤੀਰਥ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਜ਼ਖ਼ਮੀ ਰਣਜੀਤ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਦਾ ਭਰਾ ਕਾਰਜ ਸਿੰਘ ਬਲਾਕ ਸੰਮਤੀ ਮੈਂਬਰ ਹੈ ਅਤੇ ਉਸ ਦੀ ਮਾਤਾ ਪਿੰਡ ਦੀ ‘ਆਪ’ ਸਰਪੰਚ ਹੈ।ਐੱਸ.ਐੱਸ.ਪੀ. ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਉਸੇ ਪਿੰਡ ਦੇ ਗੁਰਦਿੱਤ ਸਿੰਘ, ਹਰਕੀਰਤ ਸਿੰਘ, ਗੁਰਜੰਟ ਸਿੰਘ ਅਤੇ ਗੋਰਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਮੁੱਖ ਮੁਲਜ਼ਮ ਗੁਰਦਿੱਤ ਸਿੰਘ ਦੀ ਕਾਰਜ ਸਿੰਘ ਅਤੇ ਉਸ ਦੇ ਪਰਿਵਾਰ ਨਾਲ ਪੁਰਾਣੀ ਦੁਸ਼ਮਣੀ ਸੀ। ਦੋਵਾਂ ਧਿਰਾਂ ਵਿਚਾਲੇ ਪਹਿਲਾਂ ਵੀ ਝੜਪਾਂ ਹੋਈਆਂ ਸਨ, ਪਰ ਪਿੰਡ ਵਾਸੀਆਂ ਨੇ ਦਖ਼ਲ ਦੇ ਕੇ ਆਪਸੀ ਰਾਜ਼ੀਨਾਵਾਂ ਕਰਵਾ ਦਿੱਤਾ ਸੀ। ਸੋਮਵਾਰ ਰਾਤ ਨੂੰ ਮੁਲਜ਼ਮਾਂ ਨੇ ਪੀੜਤਾਂ ਨੂੰ ਗੁਰਦੁਆਰਾ ਸਾਹਿਬ ਨੇੜੇ ਰੋਕ ਲਿਆ, ਜਿੱਥੇ ਪਹਿਲਾਂ ਬਹਿਸਬਾਜ਼ੀ ਹੋਈ ਅਤੇ ਫਿਰ ਗੱਲ ਹੱਥੋਪਾਈ ਤੱਕ ਪਹੁੰਚ ਗਈ। ਇਸੇ ਦੌਰਾਨ ਗੁਰਦਿੱਤ ਦੇ ਬਾਕੀ ਸਾਥੀ ਵੀ ਹਥਿਆਰਾਂ ਸਮੇਤ ਪਹੁੰਚ ਗਏ ਅਤੇ ਉਨ੍ਹਾਂ ਤੀਰਥ ਸਿੰਘ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਥਾਣਾ ਚਾਟੀਵਿੰਡ ਦੀ ਪੁਲੀਸ ਨੇ ਚਾਰਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

