ਅਮਰੀਕਾ- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਭਾਰਤ ਨਾਲ ਬਹੁਤ ਚੰਗੀ ਤਰ੍ਹਾਂ ਤਾਲਮੇਲ ਰੱਖਦਾ ਹੈ ਪਰ ਕਈ ਸਾਲਾਂ ਤੋਂ ਉਨ੍ਹਾਂ ਦਾ ਸਬੰਧ ‘ਇਕਪਾਸੜ’ ਸੀ, ਕਿਉਂਕਿ ਨਵੀਂ ਦਿੱਲੀ ਵੱਲੋਂ ਵਾਸ਼ਿੰਗਟਨ ’ਤੇ ‘ਭਾਰੀ ਟੈਕਸ’ ਲਗਾਇਆ ਜਾ ਰਿਹਾ ਸੀ। ਟਰੰਪ ਨੂੰ ਮੰਗਲਵਾਰ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਉਹ ਭਾਰਤ ’ਤੇ ਲਗਾਏ ਗਏ ਕੁਝ ਟੈਕਸ ਹਟਾਉਣ ਬਾਰੇ ਵਿਚਾਰ ਕਰ ਰਹੇ ਹਨ ਤਾਂ ਉਨ੍ਹਾਂ ਕਿਹਾ, ‘‘ਨਹੀਂ, ਅਸੀਂ ਭਾਰਤ ਨਾਲ ਬਹੁਤ ਚੰਗੀ ਤਰ੍ਹਾਂ ਤਾਲਮੇਲ ਰੱਖਦੇ ਹਾਂ।’’ ਟਰੰਪ ਦੀ ਇਹ ਟਿੱਪਣੀ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਦਰਮਿਆਨ ਸਬੰਧਾਂ ਵਿੱਚ ਤਣਾਅ ਵਿਚਾਲੇ ਆਈ ਹੈ। ਅਮਰੀਕਾ ਨੇ ਭਾਰਤ ’ਤੇ 50 ਫੀਸਦ ਟੈਕਸ ਲਗਾਇਆ ਹੈ ਜੋ ਕਿ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਟੈਕਸਾਂ ’ਚੋਂ ਇਕ ਹੈ।
ਟਰੰਪ ਨੇ ਵ੍ਹਾਈਟ ਹਾਊਸ ਵਿੱਚ ਕਿਹਾ ਕਿ ਕਈ ਸਾਲਾਂ ਤੱਕ ਭਾਰਤ ਅਤੇ ਅਮਰੀਕਾ ਦਰਮਿਆਨ ਸਬੰਧ ‘ਇਕਪਾਸੜ’ ਸਨ ਅਤੇ ਉਨ੍ਹਾਂ ਵੱਲੋਂ ਅਹੁਦਾ ਸੰਭਾਲੇ ਜਾਣ ਤੋਂ ਬਾਅਦ ਇਸ ਵਿੱਚ ਬਦਲਾਅ ਆਇਆ। ਟਰੰਪ ਨੇ ਕਿਹਾ, ‘‘ਭਾਰਤ ਸਾਡੇ ਕੋਲੋਂ ਜ਼ਿਆਦਾ ਟੈਕਸ ਵਸੂਲ ਰਿਹਾ ਸੀ ਜੋ ਕਿ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਸੀ, ਇਸ ਵਾਸਤੇ ਅਮਰੀਕਾ, ਭਾਰਤ ਨਾਲ ਜ਼ਿਆਦਾ ਵਪਾਰ ਨਹੀਂ ਕਰ ਰਿਹਾ ਸੀ।’’ ਉਨ੍ਹਾਂ ਕਿਹਾ, ‘‘ਪਰ ਉਹ ਸਾਡੇ ਨਾਲ ਵਪਾਰ ਕਰ ਰਹੇ ਸਨ ਕਿਉਂਕਿ ਅਸੀਂ ਉਨ੍ਹਾਂ ਕੋਲੋਂ ਟੈਕਸ ਨਹੀਂ ਵਸੂਲ ਰਹੇ ਸਨ। ਮੂਰਖਤਾਪੂਰਨ ਢੰਗ ਨਾਲ, ਅਸੀਂ ਉਨ੍ਹਾਂ ਕੋਲੋਂ ਟੈਕਸ ਨਹੀਂ ਵਸੂਲ ਰਹੇ ਸਨ।’’ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਆਪਣੇ ਉਤਪਾਦਾਂ ਨੂੰ ਅਮਰੀਕਾ ਵਿੱਚ ਭੇਜ ਰਿਹਾ ਸੀ।
ਹਾਰਲੇ ਡੇਵਿਡਸਨ ਦੀ ਮਿਸਾਲ ਨਾਲ ਭਾਰਤ ’ਤੇ ਦੋਸ਼ ਲਗਾਏ- ਅਮਰੀਕਾ ਦੇ ਰਾਸ਼ਟਰਤੀ ਡੋਨਲਡ ਟਰੰਪ ਨੇ ਹਾਰਲੇ ਡੇਵਿਡਸਨ ਮੋਟਰਸਾਈਕਲ ਦਾ ਉਦਾਹਰਨ ਦਿੰਦੇ ਹੋਏ ਕਿਹਾ ਕਿ ਕੰਪਨੀ ਭਾਰਤ ਵਿੱਚ ਆਪਣੇ ਮੋਟਰਸਾਈਕਲ ਨਹੀਂ ਵੇਚ ਸਕੀ ਕਿਉਂਕਿ ਉਸ ’ਤੇ 200 ਫੀਸਦ ਟੈਕਸ ਸੀ। ਉਨ੍ਹਾਂ ਕਿਹਾ, ‘‘ਤਾਂ ਕੀ ਹੋਇਆ? ਹਾਰਲੇ ਡੇਵਿਡਸਨ ਕੰਪਨੀ ਭਾਰਤ ਗਈ ਅਤੇ ਉੱਥੇ ਇਕ ਮੋਟਰਸਾਈਕਲ ਪਲਾਂਟ ਲਗਾਇਆ ਅਤੇ ਹੁਣ ਉਨ੍ਹਾਂ ਨੂੰ ਟੈਕਸ ਨਹੀਂ ਦੇਣਾ ਪੈਂਦਾ, ਇਹ ਸਾਡੇ ਵਰਗਾ ਹੀ ਹੈ।’’


