ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਵੀਰਵਾਰ ਨੂੰ ਹੋਣ ਵਾਲਾ ਗੁਰਦਾਸਪੁਰ ਦੌਰਾ ਮੁਅੱਤਲ ਕਰ ਦਿੱਤਾ ਗਿਆ ਹੈ। ਅੱਜ ਲਈ ਦੌਰਾ ਰੱਦ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ। ਦੱਸਣਯੋਗ ਹੈ ਕਿ ਕੇਜਰੀਵਾਲ ਨੇ ਅੱਜ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਅਤੇ ਦੀਨਾਨਗਰ ਹੜ੍ਹ ਪੀੜਤ ਇਲਾਕਿਆਂ ਦਾ ਜਾਇਜ਼ਾ ਲੈਣ ਆਉਣਾ ਸੀ। ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਹੁੰਚਣਾ ਸੀ। ਹੁਣ ਉਹ ਕਦੋਂ ਇਸ ਇਲਾਕੇ ਵਿੱਚ ਪਹੁੰਚਣਗੇ, ਇਸ ਬਾਰੇ ਪ੍ਰਸ਼ਾਸਨ ਅਤੇ ਪਾਰਟੀ ਕੋਲ ਵੀ ਕੋਈ ਜਾਣਕਾਰੀ ਨਹੀਂ।
ਦੂਜੇ ਪਾਸੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਵਿਭਾਗ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਗੁਰਦਾਸਪੁਰ ਦੇ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕਰਨ ਲਈ ਪਹੁੰਚ ਰਹੇ ਹਨ। ਉਹ ਡੇਰਾ ਬਾਬਾ ਨਾਨਕ ਦੇ ਧਰਮਕੋਟ ਰੰਧਾਵਾ ਦਾ ਦੌਰਾ ਕਰਨ ਮਗਰੋਂ ਦੀਨਾਨਗਰ ਨੇੜੇ ਬਹਿਰਾਮਪੁਰ ਵੀ ਪਹੁੰਚਣਗੇ। ਇਸ ਤੋਂ ਬਾਅਦ ਉਹ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਭਾਗੂਵਾਲ ਲਈ ਰਵਾਨਾ ਹੋਣਗੇ।

