PreetNama
ਖਬਰਾਂ/News

ਅਮਰੀਕਾ: ਫੌਜੀ ਹੈਲੀਕਾਪਟਰ ਨਾਲ ਟਕਰਾਇਆ ਜਹਾਜ਼, 60 ਤੋਂ ਵੱਧ ਮੌਤਾਂ ਦਾ ਖ਼ਦਸ਼ਾ

ਅਰਲਿੰਗਟਨ-ਵਾਸ਼ਿੰਗਟਨ ਨੇੜੇ ਰੋਨਾਲਡ ਰੀਗਨ ਕੌਮੀ ਹਵਾਈ ਅੱਡੇ ’ਤੇ ਉਤਰਨ ਤੋਂ ਕੁਝ ਸਮਾਂ ਪਹਿਲਾਂ ਅਮਰੀਕੀ ਏਅਰਲਾਈਨਜ਼ ਦਾ ਖੇਤਰੀ ਯਾਤਰੂ ਜੈੱਟ ਬੁੱਧਵਾਰ ਨੂੰ ਫੌਜ ਦੇ ਬਲੈਕ ਹਾਕ ਹੈਲੀਕਾਪਟਰ ਨਾਲ ਟਕਰਾ ਗਿਆ ਜਿਸ ਮਗਰੋਂ ਉਹ ਦੋਵੇਂ ਪੋਟੋਮੈਕ ਦਰਿਆ ’ਚ ਡਿੱਗ ਗਏ। ਜਹਾਜ਼ ’ਚ 60 ਮੁਸਾਫ਼ਰ ਅਤੇ ਚਾਲਕ ਦਲ ਦੇ ਚਾਰ ਮੈਂਬਰ ਜਦਕਿ ਹੈਲੀਕਾਪਟਰ ’ਚ ਤਿੰਨ ਫੌਜੀ ਸਵਾਰ ਸਨ। ਕੋਲੰਬੀਆ ਜ਼ਿਲ੍ਹੇ ਦੇ ਮੁੱਖ ਫਾਇਰ ਅਫ਼ਸਰ ਜੌਹਨ ਡੋਨੈਲੀ ਨੇ ਵੀਰਵਾਰ ਨੂੰ ਹਵਾਈ ਅੱਡੇ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਕਿਸੇ ਦੇ ਜਿਊਂਦਾ ਬਚਣ ਦੀ ਕੋਈ ਸੰਭਾਵਨਾ ਦਿਖਾਈ ਨਹੀਂ ਦਿੰਦੀ ਹੈ। ਉਨ੍ਹਾਂ ਕਿਹਾ ਕਿ ਦਰਿਆ ’ਚੋਂ ਹੁਣ ਤੱਕ 28 ਲਾਸ਼ਾਂ ਮਿਲ ਚੁੱਕੀਆਂ ਹਨ ਅਤੇ ਬਾਕੀਆਂ ਦੀ ਭਾਲ ਜਾਰੀ ਹੈ। ਜਹਾਜ਼ ’ਚ ਆਈਸ ਸਕੇਟਰ, ਪਰਿਵਾਰ ਅਤੇ ਕੋਚ ਵੀ ਸਵਾਰ ਸਨ ਜੋ ਕਾਨਸਾਸ ਦੇ ਵਿਚਿਤਾ ’ਚ ਹੋਏ ਮੁਕਾਬਲੇ ਮਗਰੋਂ ਪਰਤ ਰਹੇ ਸਨ। ਇਨ੍ਹਾਂ ’ਚ ਰੂਸ ’ਚ ਜਨਮੀ ਸਾਬਕਾ ਵਿਸ਼ਵ ਚੈਪੀਅਨ ਯੇਵਜੀਨੀਆ ਸ਼ਿਸ਼ਕੋਵਾ ਅਤੇ ਵਾਦਿਮ ਨਊਮੋਵ ਸ਼ਾਮਲ ਹਨ। ਸੀਬੀਐੱਸ ਨਿਊਜ਼ ਮੁਤਾਬਕ ਗੋਤਾਖੋਰਾਂ ਨੂੰ ਜਹਾਜ਼ ਦੇ ਦੋ ਬਲੈਕ ਬਾਕਸਾਂ ’ਚੋਂ ਇਕ ਮਿਲ ਗਿਆ ਹੈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜੈੱਟ ਵਿਚਿਤਾ ਤੋਂ ਰੀਗਨ ਹਵਾਈ ਅੱਡੇ ’ਤੇ ਉਤਰਨ ਦੀ ਤਿਆਰੀ ਕਰ ਰਿਹਾ ਸੀ। ਏਅਰ ਟਰੈਫਿਕ ਕੰਟਰੋਲ ਟਾਵਰ ਅਤੇ ਬਲੈਕ ਹਾਕ ਵਿਚਕਾਰ ਗੱਲਬਾਤ ਤੋਂ ਸਪੱਸ਼ਟ ਹੈ ਕਿ ਹੈਲੀਕਾਪਟਰ ਦਾ ਅਮਲਾ ਜਾਣਦਾ ਸੀ ਕਿ ਉਹ ਜਹਾਜ਼ ਦੇ ਰਾਹ ’ਚ ਆ ਰਿਹਾ ਹੈ। ਪੈਂਟਾਗਨ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ। ਡੋਨੈਲੀ ਨੇ ਕਿਹਾ ਕਿ ਠੰਢ ਅਤੇ ਤੇਜ਼ ਹਵਾਵਾਂ ਦਰਮਿਆਨ ਕਰੀਬ 300 ਵਿਅਕਤੀ ਬਚਾਅ ਕਾਰਜਾਂ ’ਚ ਡਟੇ ਹੋਏ ਹਨ।

ਹਾਦਸੇ ਤੋਂ ਬਚਾਅ ਹੋ ਸਕਦਾ ਸੀ:ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਾਦਸੇ ’ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਜਹਾਜ਼ ਅਤੇ ਫੌਜੀ ਹੈਲੀਕਾਪਟਰ ਦੀ ਟੱਕਰ ਨੂੰ ਰੋਕਿਆ ਜਾ ਸਕਦਾ ਸੀ। ਟਰੁੱਥ ਸੋਸ਼ਲ ’ਤੇ ਇਕ ਪੋਸਟ ’ਚ ਟਰੰਪ ਨੇ ਫੌਜੀ ਹੈਲੀਕਾਪਟਰ ਅਤੇ ਏਅਰ ਟਰੈਫਿਕ ਕੰਟਰੋਲਰ ’ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਹਵਾਈ ਜਹਾਜ਼ ਆਪਣੇ ਰੁਟੀਨ ਮੁਤਾਬਕ ਆਸਮਾਨ ’ਚ ਉੱਡ ਰਿਹਾ ਸੀ ਪਰ ਜਦੋਂ ਹੈਲੀਕਾਪਟਰ ਨੇ ਜਹਾਜ਼ ਨੂੰ ਸਾਹਮਣੇ ਦੇਖਿਆ ਤਾਂ ਉਹ ਉਪਰ, ਹੇਠਾਂ ਜਾਂ ਹੋਰ ਦਿਸ਼ਾ ਵੱਲ ਕਿਉਂ ਨਹੀਂ ਮੁੜਿਆ। ਉਨ੍ਹਾਂ ਏਅਰ ਟਰੈਫਿਕ ਕੰਟਰੋਲਰ ਨੂੰ ਵੀ ਕਿਹਾ ਕਿ ਕੰਟਰੋਲ ਟਾਵਰ ਨੇ ਹੈਲੀਕਾਪਟਰ ਨੂੰ ਜਹਾਜ਼ ਸਾਹਮਣੇ ਆਉਣ ਤੋਂ ਰੋਕਣ ਦੇ ਉਪਰਾਲੇ ਕਿਉਂ ਨਹੀਂ ਕੀਤੇ।

Related posts

ਵਿਲੱਖਣ ਦਿੱਖ ਦਾ ਮਾਲਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਿਰੋਜ਼ਪੁਰ

Pritpal Kaur

VIDEO : ਸੁਨਾਮ ‘ਚ ਪਤੀ ਨੇ ਪੇਕੇ ਘਰ ਰਹਿੰਦੀ ਪਤਨੀ ‘ਤੇ ਕੀਤਾ ਗੰਡਾਸੇ ਨਾਲ ਹਮਲਾ, ਖ਼ੁਦ ਵੀ ਨਿਗਲਿਆ ਜ਼ਹਿਰ, ਦੋਵੇਂ ਪਟਿਆਲਾ ਰੈਫਰ

On Punjab

ਜਦੋਂ ਚੰਬਲ ਦੇ ਡਾਕੂਆਂ ਨਾਲ ਹੋਇਆ ਸੀ ਅਕਸ਼ੇ ਦਾ ਸਾਹਮਣਾ, ਇੰਝ ਹੋ ਗਈ ਸੀ ਖਿਲਾੜੀ ਕੁਮਾਰ ਦੀ ਹਾਲਤ, ਜਾਣੋ ਉਹ ਕਹਾਣੀ

On Punjab